ਸੀਨੀਅਰ ਆਈਏਐਸ ਅਧਿਕਾਰੀ ਨਾਲ ਜਿਨਸੀ ਛੇੜਛਾੜ ਦੇ ਖ਼ਿਲਾਫ ਭੜਕੀਆਂ ਇਸਤਰੀ ਅਕਾਲੀ ਦਲ ਦੀਆਂ ਔਰਤਾਂ

By  Shanker Badra October 25th 2018 06:29 PM -- Updated: October 25th 2018 06:33 PM

ਸੀਨੀਅਰ ਆਈਏਐਸ ਅਧਿਕਾਰੀ ਨਾਲ ਜਿਨਸੀ ਛੇੜਛਾੜ ਦੇ ਖ਼ਿਲਾਫ ਭੜਕੀਆਂ ਇਸਤਰੀ ਅਕਾਲੀ ਦਲ ਦੀਆਂ ਔਰਤਾਂ:ਸ਼੍ਰੋਮਣੀ ਅਕਾਲੀ ਦਲ ਦੇ ਔਰਤਾਂ ਦੇ ਵਿੰਗ ਇਸਤਰੀ ਅਕਾਲੀ ਦਲ ਨੇ ਅੱਜ ਇੱਕ ਸੀਨੀਅਰ ਆਈਏਐਸ ਅਧਿਕਾਰੀ ਦੀ ਜਿਨਸੀ ਛੇੜਛਾੜ ਦੇ ਖ਼ਿਲਾਫ ਮੁੱਖ ਮੰਤਰੀ ਦੇ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਹੈ।ਕੈਬਨਿਟ ਮੰਤਰੀ ਵੱਲੋਂ ਮਹਿਲਾ ਅਧਿਕਾਰੀ ਨਾਲ ਕੀਤੇ ਇਤਰਾਜਯੋਗ ਵਿਵਹਾਰ ਦੀ ਨਿਖੇਧੀ ਕਰਦਿਆਂ ਇਸਤਰੀ ਅਕਾਲੀ ਦਲ ਨੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ।ਇਸ ਸੰਬੰਧੀ ਇਸਤਰੀ ਆਗੂਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਇੱਕ ਮੰਗ-ਪੱਤਰ ਵੀ ਦਿੱਤਾ, ਜਿਸ ਵਿਚ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਸਾਰੀਆਂ ਕੰਮਕਾਜੀ ਔਰਤਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾਵੇ। ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਨਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਇਸਤਰੀ ਅਕਾਲੀ ਦਲ ਦੀਆਂ ਜ਼ਿਲ੍ਹਾ ਪ੍ਰਧਾਨਾਂ ਨੇ ਬੀਬੀ ਕੁਲਦੀਪ ਕੌਰ ਕੰਗ ਦੀ ਅਗਵਾਈ ਵਿਚ ਕੈਪਟਨ ਸਰਕਾਰ ਨੂੰ ਕਿਹਾ ਕਿ ਦੋਸ਼ੀ ਮੰਤਰੀ ਦਾ ਨਾਂ ਤੁਰੰਤ ਜਨਤਕ ਕੀਤਾ ਜਾਵੇ ਤਾਂ ਜਿਨਸੀ ਛੇੜਛਾੜ ਵਰਗੇ ਗੰਭੀਰ ਦੋਸ਼ਾਂ ਦਾ ਸੇਕ ਸਮੁੱਚੇ ਮੰਤਰੀ ਮੰਡਲ ਨੂੰ ਨਾ ਲੱਗੇ।ਮੰਗ ਪੱਤਰ ਵਿਚ ਦੋਸ਼ੀ ਮੰਤਰੀ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਅਤੇ ਉਸ ਵਿਰੁੱਧ ਜਿਨਸੀ ਛੇੜਛਾੜ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੋਹਾਲੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਅਸੀਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੀਆਂ ਹਾਂ ਤਾਂ ਸਾਰਿਆਂ ਤਕ ਇਹ ਸੁਨੇਹਾ ਜਾਵੇ ਕਿ ਸੂਬੇ ਅੰਦਰ ਔਰਤਾਂ ਨਾਲ ਜਿਨਸੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਇਸਤਰੀ ਆਗੂਆਂ ਵਿਚ ਬੀਬੀ ਹਰਜਿੰਦਰ ਕੌਰ, ਬੀਬੀ ਕੁਲਦੀਪ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਮਨਪ੍ਰੀਤ ਕੌਰ ਹੁੰਦਲ, ਬੀਬੀ ਗੁਰਦੀਪ ਕੌਰ ਬਰਾੜ, ਬੀਬੀ ਨਿਰਮਲ ਕੌਰ ਸੇਖੋਂ ਅਤੇ ਬੀਬੀ ਕਸ਼ਮੀਰ ਕੌਰ ਸ਼ਾਮਿਲ ਸਨ। -PTCNews

Related Post