ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਭਾਰਤ ਦੀਆਂ ਨਾਮਵਰ ਹਾਕੀ ਟੀਮਾਂ ਨੂੰ ਹਰਾ ਕੇ ਬਣੀ ਚੈਂਪੀਅਨ

By  Jasmeet Singh October 8th 2022 05:41 PM

ਅੰਮ੍ਰਿਤਸਰ, 8 ਅਕਤੂਬਰ: ਨਸ਼ਿਆਂ ਦੇ ਦਲਦਲ ਵਿਚੋਂ ਪੰਜਾਬੀ ਨੌਜਵਾਨਾਂ ਨੂੰ ਕੱਢਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕਰਦਿਆਂ ਚਲਾਈਆਂ ਜਾ ਰਹੀਆਂ ਵੱਖ ਵੱਖ ਖੇਡਾਂ ਦੀਆਂ ਅਕੈਡਮੀਆਂ ਨੂੰ ਅੱਜ ਉਸ ਸਮੇਂ ਇਕ ਵੱਡਾ ਹੁਲਾਰਾ ਮਿਲਿਆ ਜਦ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਦੇ ਨੌਜਵਾਨਾਂ ਨੇ ਭਾਰਤ ਦੀਆਂ ਵੱਖ ਵੱਖ ਨਾਮਵਰ ਕੰਪਨੀਆਂ ਦੀਆਂ ਹਾਕੀ ਟੀਮਾਂ ਨੂੰ ਸਮੂਹ ਚੈਂਪੀਅਨਸ਼ਿਪ ਦੇ ਮੈਚਾਂ ਵਿੱਚ ਵੱਡੇ ਫ਼ਰਕ ਨਾਲ ਹਰਾ ਕੇ 6ਵੀਂ ਐਸ.ਐਨ.ਬੀ.ਪੀ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਭਾਰਤ ਦੇ ਪ੍ਰਸਿੱਧ ਸ਼ਹਿਰ ਪੂਣਾ ਵਿਖੇ ਐਸ.ਐਨ.ਬੀ.ਪੀ ਹਾਕੀ ਆਲ ਇੰਡੀਆ ਚੈਂਪੀਅਨਸ਼ਿਪ ਵਿੱਚ ਸਮੁੱਚੇ ਭਾਰਤ ਤੋਂ 32 ਨਾਮਵਰ ਹਾਕੀ ਟੀਮਾਂ ਨੇ ਸ਼ਿਰਕਤ ਕੀਤੀ। ਜਿਸ ਦੌਰਾਨ ਚੈਂਪੀਅਨਸ਼ਿਪ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਹਿਲੇ ਮੈਚ ਵਿੱਚ ਮਣੀਪੁਰ ਨੂ 12-0 ਨਾਲ, ਟਾਟਾ ਨੂੰ 2-0 ਨਾਲ, ਕੁਆਰਟਰ ਫਾਈਨਲ ਵਿੱਚ ਸੇਲ ਨੂੰ 5-0 ਨਾਲ ਤੇ ਸੈਮੀਫਾਈਨਲ ਮੁਕਾਬਲੇ ਵਿੱਚ ਅਨਵਰ ਹਾਕੀ ਅਕੈਡਮੀ ਯੂਪੀ ਨੂੰ 4-0 ਤੇ ਫਾਈਨਲ ਮੁਕਾਬਲਾ ਭਾਰਤ ਦੀ ਪ੍ਰਸਿੱਧ ਧਿਆਨ ਚੰਦ ਹਾਕੀ ਅਕੈਡਮੀ ਦੀ ਟੀਮ ਨੂੰ 4-3 ਨਾਲ ਹਰਾ ਕੇ ਚੈਂਪੀਅਨਸ਼ਿਪ ਦਾ ਫਾਈਨਲ ਖ਼ਿਤਾਬ ਸ਼੍ਰੋਮਣੀ ਕਮੇਟੀ ਦੇ ਨਾਮ ਲਗਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਕਾਲਾ ਸਾਹਿਬ ਤੇ ਫਰੀਦਕੋਟ ਵਿਖੇ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕੋਚ ਤੇ ਅਡਵਾਈਜ਼ਰ ਇਨ੍ਹਾਂ ਨੌਜਵਾਨਾਂ ਨੂੰ ਹਾਕੀ ਖੇਡ ਪ੍ਰਤੀ ਤਿਆਰ ਕਰਦੇ ਹੋਏ ਦਿਨ ਰਾਤ ਮਿਹਨਤ ਕਰਵਾ ਰਹੇ ਹਨ। ਜਿਸ ਦੇ ਨਤੀਜੇ ਵਜੋਂ ਚੈਂਪੀਅਨਸ਼ਿਪ ਜਿੱਤ ਸ਼੍ਰੋਮਣੀ ਕਮੇਟੀ ਦਾ ਨਾਮ ਪੂਰੇ ਭਾਰਤ ਵਿੱਚ ਨਹੀਂ ਪੂਰੀ ਦੁਨੀਆਂ ਦੇ ਖੇਡ ਜਗਤ ਵਿਚ ਸ਼ਾਮਲ ਹੋ ਗਿਆ ਹੈ। ਇਹ ਵੀ ਪੜ੍ਹੋ: ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਦੇ ਕਪਤਾਨ ਕਮਲਜੀਤ ਸਿੰਘ ਤੇ ਜਗਜੀਤ ਸਿੰਘ ਤੇ ਟੀਮ ਦੇ ਹੋਰ ਹਾਕੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਸਾਰੇ ਮੈਚਾਂ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣੀ ਟੀਮ ਦਾ ਨਾਮ ਰੌਸ਼ਨ ਕੀਤਾ। -PTC News

Related Post