ਬੇਅਦਬੀ ਦੀਆਂ ਘਟਨਾਵਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਮਤੇ ਕੀਤੇ ਪੇਸ਼

By  Riya Bawa December 20th 2021 04:05 PM -- Updated: December 20th 2021 06:28 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਵਾਪਰੀ ਘਟਨਾ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਜਥੇਬੰਦੀਆਂ ਨਾਲ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਅਹਿਮ ਫੈਸਲੇ ਲਏ ਗਏ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕਪੂਰਥਲਾ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਜਲਦ ਤੋਂ ਜਲਦ ਜਾਂਚ ਕਰੇ। ਇਸ ਮਾਮਲੇ 'ਚ ਦਰਜ FIR ਨੂੰ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਸਾਜਿਸ਼ ਹੈ ਜਿਸ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਾਂਡ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਵੀ SIT ਬਣਾਈ ਹੈ।

ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਖਿਲਾਫ ਦਰਜ ਮੁਕੱਦਮੇ ਦੀਆਂ ਧਾਰਾਵਾਂ ਬਹੁਤ ਹੀ ਨਰਮ ਹਨ ਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਵਿੱਚ ਮੌਤ ਦੀ ਸਜਾ ਨੂੰ ਪ੍ਰਵਾਧਾਨ ਕੀਤਾ ਜਾਏ ਤਾਂ ਹੀ ਇਨ੍ਹਾਂ ਘਟਨਾਵਾਂ ਵਿੱਚ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵੱਡੀ ਸਾਜਿਸ਼ ਤਹਿਤ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਤੇ ਬਾਕੀ ਧਰਮਾਂ ਦੇ ਲੋਕਾਂ ਨੂੰ ਯਕੀਨ ਦਵਾਉਂਦੇ ਹਾਂ ਕਿ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਭੋਰਸਾ ਨਾ ਕੀਤਾ ਜਾਏ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਹ ਸ਼ਖਸ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਇਆ ਤੇ ਕਿਵੇਂ ਪਹੁੰਚਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਾਂਡ ਨੂੰ ਇਕ ਸੋਚੀ ਸਮਝੀ ਸਾਜਿਸ਼ ਦੱਸਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਇਕੱਤਰਤਾ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਇਕਮਤ ਹੋ ਕੇ ਐਲਾਨ ਕੀਤਾ ਕਿ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਇਕਜੁਟ ਹੋ ਕੇ ਕੀਤਾ ਜਾਵੇਗਾ। ਪੰਥਕ ਇਕੱਠ ਵੱਲੋਂ ਮਹਿਸੂਸ ਕੀਤਾ ਗਿਆ ਕਿ ਹੁਣ ਸਿੱਖ ਪੰਥ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ, ਇਸ ਲਈ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਸੰਭਲ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਨੇ ਸਿੱਖ ਕੌਮ ਨੂੰ ਡੂੰਘੀ ਮਾਨਸਿਕ ਪੀੜਾ ਦਿੱਤੀ ਹੈ ਅਤੇ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਜਾਵੇ।

ਇਕੱਤਰਤਾ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਸਰਕਾਰਾਂ ਦੀ ਨਾਕਾਮੀ ਕਾਰਨ ਬੇਅਦਬੀ ਕਰਨ ਵਾਲੇ ਲੋਕਾਂ ਦੇ ਹੌਂਸਲੇ ਵੱਧ ਰਹੇ ਹਨ, ਪਰ ਸਿੱਖ ਪੰਥ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਸਰਕਾਰ ਵੱਲੋਂ ਕਿਸੇ ਵੀ ਦੋਸ਼ੀ ਨੂੰ ਸਖ਼ਤ ਸਜ਼ਾ ਤੱਕ ਨਾ ਲੈ ਕੇ ਜਾਣ ਕਾਰਨ ਸੰਗਤ ਦਾ ਕਾਨੂੰਨ ਅਤੇ ਸਰਕਾਰੀ ਤੰਤਰ ਤੋਂ ਵਿਸ਼ਵਾਸ ਉੱਠ ਚੁੱਕਾ ਹੈ, ਇਸ ਲਈ ਸਿੱਖ ਪੰਥ ਆਪ ਫੈਸਲਾ ਲੈਣ ਲਈ ਮਜ਼ਬੂਰ ਹੋ ਰਿਹਾ ਹੈ।

ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਬਾਰੇ ਦਿੱਤੀ ਪੂਰੀ ਜਾਣਕਾਰੀ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਦੀ ਰਾਏ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੇ ਸਬੰਧ ਵਿਚ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜੋ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ। ਇਸ ਕਮੇਟੀ ਵਿਚ ਦੋ ਨੁਮਾਇੰਦੇ ਜਥੇਬੰਦੀਆਂ ਵਿੱਚੋਂ, ਦੋ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਦੋ ਪੰਥਕ ਵਿਦਵਾਨਾਂ ਵਿੱਚੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਤਹਿ ਤੱਕ ਜਾਣ ਲਈ ਸੀਸੀਟੀਵੀ ਦ੍ਰਿਸ਼ ਦੇਖੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਦੇ ਕੈਮਰੇ ਖੰਗਾਲਣ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਕਾਰਜ ਕਰੇਗੀ।

ਉਨ੍ਹਾਂ ਦੱਸਿਆ ਕਿ ਸੀਸੀਟੀ ਕੈਮਰਿਆਂ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲ੍ਹਿਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਾ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਕਰਮਾਂ ਵਿਚ ਦਾਖਲ ਹੋਣ ਲਈ ਆਇਆ, ਪਰ ਵਾਪਸ ਮੁੜ ਗਿਆ। ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਕਰਮਾਂ ਵਿਚ ਦਾਖ਼ਲ ਹੋਇਆ। ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਅੰਦਰ ਪਹਿਲੀ ਵਾਰ ਪੁੱਜਾ। 10:37 ’ਤੇ ਹਰਿ ਕੀ ਪਓੜੀ ਦੇ ਉੱਪਰ ਗਿਆ ਅਤੇ 11:45 ਵਜੇ ਬਾਹਰ ਆਇਆ। ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ।

Punjab Govt forms SIT to probe Golden Temple sacrilege incident

ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬਕਤਰਾ ਆਦਿ ਸਮਝ ਕੇ ਟਾਕਸਫੋਰਸ ਵਾਲਿਆਂ ਨੇ ਬਾਹਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ। ਐਡਵੋਕੇਟ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਿੱਖ ਪੰਥ ਨੇ ਉਸ ਨੂੰ ਜੋ ਵੀ ਸਜ਼ਾ ਦਿੱਤੀ ਹੈ, ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਅਤੇ ਸਰਕਾਰਾਂ ਵੱਲੋਂ ਇਨਸਾਫ ਨਾ ਦਿੱਤੇ ਜਾਣ ਕਰਕੇ ਦਿੱਤੀ ਹੈ। ਜੇਕਰ ਸਰਕਾਰਾਂ ਦੀ ਮਨਸ਼ਾ ਸਾਫ ਹੋਵੇ ਤਾਂ ਦੋਸ਼ੀ ਕਦੀ ਵੀ ਅਜਿਹੀਆਂ ਹਰਕਤਾਂ ਨਹੀਂ ਕਰ ਸਕਦੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਪੂਰਥਲਾ ਦੇ ਪਿੰਡ ਨਜ਼ਾਮਪੁਰ ਮੋੜ ਵਿਖੇ ਵਾਪਰੀ ਘਟਨਾ ਵਿਚ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਣਬੁਝ ਕੇ ਉਥੋਂ ਦੇ ਗ੍ਰੰਥੀ ਤੇ ਉਸ ਦੇ ਪਰਿਵਾਰ ਨੂੰ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਮਨਮਰਜ਼ੀ ਦੀਆਂ ਕਾਰਵਾਈ ਤੋਂ ਬਾਝ ਆਉਣ, ਨਹੀਂ ਤਾਂ ਇਸ ਦੇ ਨਤੀਜੇ ਠੀਕ ਨਹੀਂ ਨਿਕਲਣਗੇ।

-PTC News

Related Post