ਸੁਖਬੀਰ ਬਾਦਲ ਵੱਲੋਂ ਪਾਰਟੀ ਨੂੰ ਲੋਕ ਸਭਾ ਦੀ ਤਿਆਰੀ ਦੀ ਅਪੀਲ

By  Jashan A January 15th 2019 09:55 PM

ਸੁਖਬੀਰ ਬਾਦਲ ਵੱਲੋਂ ਪਾਰਟੀ ਨੂੰ ਲੋਕ ਸਭਾ ਦੀ ਤਿਆਰੀ ਦੀ ਅਪੀਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਤਿਆਰੀ ਖਿੱਚਣ ਅਤੇ ਕਾਂਗਰਸ ਦਾ ਸਫਾਇਆ ਕਰਨ ਦੀ ਅਪੀਲ ਕੀਤੀ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵੇਂ ਪੰਜਾਬ ਦੇ ਵੋਟਰਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰੰਤੂ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ।

ਇਹ ਚਾਹੇ ਕਿਸਾਨਾਂ ਲਈ ਕਰਜ਼ਾ ਮੁਆਫੀ ਹੋਵੇ ਜਾਂ ਨੌਜਵਾਨਾਂ ਲਈ ਰੁਜ਼ਗਾਰ ਦਾ ਵਾਅਦਾ, ਕੈਪਟਨ ਅਮਰਿੰਦਰ ਸਾਰੇ ਫਰੰਟਾਂ ਉਤੇ ਬੁਰੀ ਤਰ•ਾਂ ਨਾਕਾਮ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਦੀ ਮੁੱਢਲੀ ਜਰੂਰਤ ਗਿਣੇ ਜਾਂਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਤਰਸਯੋਗ ਹੈ। ਸਕੂਲ ਜਾਣ ਵਾਲੇ ਬੱਚਿਆਂ ਦੀ ਇੱਕ ਪੂਰੀ ਪੀੜ•ੀ ਨੂੰ ਉਹਨਾਂ ਦੇ ਸਿੱਖਿਆ ਦੇ ਮੁੱਢਲੇ ਅਧਿਕਾਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ।

ਇੱਥੇ ਪਾਰਟੀ ਆਗੂਆਂ ਅਤੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਉਹ ਇੱਕ ਦਿਨ ਵੀ ਅਰਾਮ ਨਹੀਂ ਕਰਨਗੇ ਅਤੇ ਸੂਬੇ ਦੇ ਹਰ ਹਲਕੇ ਵਿਚ ਜਾ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੇ ਪੰਜਾਬ ਦੇ ਸੱਤਿਆਨਾਸ ਬਾਰੇ ਜਾਣੂੰ ਕਰਵਾਉਣਗੇ।

ਹੋਰ ਪੜ੍ਹੋ: ਅਗਲਾ ਫਾਂਸੀ ਦਾ ਰੱਸਾ ਦਿੱਲੀ ਦੇ ਦੋ ਵੱਡੇ ਬੁੱਚੜਾਂ ਟਾਇਟਲਰ ਅਤੇ ਸੱਜਣ ਦੇ ਗਲ ‘ਚ ਪਵੇਗਾ: ਸੁਖਬੀਰ

ਸਾਰਿਆਂ ਨੂੰ ਕਾਂਗਰਸ ਪਾਰਟੀ ਵਿਰੁੱਧ ਇੱਕਜੁਟ ਹੋਣ ਦਾ ਸੱਦਾ ਦਿੰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਲੋਕਾਂ ਦੇ ਜਮਹੂਰੀ ਅਧਿਕਾਰਾਂ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਵਾਸਤੇ ਪਹਿਰਾ ਦਿੱਤਾ ਹੈ । ਇਹ ਸਿਆਸੀ ਖੇਤਰ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣ ਤੋਂ ਕਦੇ ਮੂੰਹ ਨਹੀਂ ਮੋੜੇਗਾ।

ਇਹ ਦਾਅਵਾ ਕਰਦਿਆਂ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ, ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਆਗੂਆਂ ਅਤੇ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਵੋਟਰਾਂ ਨੂੰ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਬਾਰੇ ਜਾਗਰੂਕ ਕਰਨ ਅਤੇ ਅਕਾਲੀ ਦਲ ਨੂੰ ਜਿਤਾਉਣ ਲਈ ਜੰਗੀ ਪੱਧਰ ਉੱਤੇ ਕੰਮ ਕਰਨ।ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੁੱਦਿਆਂ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ।

ਕਿਸਾਨ ਸੰਕਟ 'ਚ ਹਨ, ਨੌਜਵਾਨਾਂ ਕੋਲ ਨੌਕਰੀਆਂ ਨਹੀਂ, ਦਲਿਤਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਹਨ, ਵਪਾਰੀਆਂ ਦੀ ਮਾੜੀ ਹਾਲਤ ਹੈ ਅਤੇ ਸਰਕਾਰੀ ਕਰਮਚਾਰੀ ਪਰੇਸ਼ਾਨ ਹਨ । ਸਰਕਾਰ ਇਹਨਾਂ ਸਾਰੇ ਮੁੱਦਿਆਂ ਵੱਲ ਅੱਖਾਂ ਮੀਚੀ ਬੈਠੀ ਹੈ।ਇਸ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਡਾਕਟਰ ਦਲਜੀਤ ਸਿੰਘ ਚੀਮਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਮਹਿਦਰ ਕੌਰ ਜੋਸ਼, ਹੀਰਾ ਸਿੰਘ ਗਾਬੜੀਆ, ਗੁਲਜ਼ਾਰ ਸਿੰਘ ਰਣੀਕੇ, ਬਲਦੇਵ ਸਿੰਘ ਮਾਨ, ਜਨਮੇਜਾ ਸਿੰਘ ਸੇਖੋਂ, ਬੀਬੀ ਉਪਿੰਦਰਜੀਤ ਕੌਰ, ਸੁਰਜੀਤ ਸਿੰਘ ਰੱਖੜਾ, ਐਨਕੇ ਸ਼ਰਮਾ, ਮਨਤਾਰ ਬਰਾੜ, ਪਰਮਬੰਸ ਸਿੰਘ ਬੰਟੀ ਰੋਮਾਣਾ ਤੋਂ ਇਲਾਵਾ ਸਾਰੇ ਵਿਧਾਇਕ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਜਥੇਦਾਰ ਵੀ ਸ਼ਾਮਿਲ ਸਨ।

-PTC News

Related Post