ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

By  Shanker Badra November 17th 2021 10:26 AM -- Updated: November 17th 2021 12:09 PM

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 855 ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਥੇ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਜਥੇ ਦੀ ਅਗਵਾਈ ਕਰ ਰਹੇ ਰਾਮਪਾਲ ਸਿੰਘ ਬਹਿਣੀਵਾਲ, ਬਲਵਿੰਦਰ ਸਿੰਘ ਵੇਈਂਪੂਈਂ, ਬੀਬੀ ਰਵਿੰਦਰ ਕੌਰ ਅਜਰਾਣਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ।

ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਕੋਰੋਨਾ ਕਾਰਨ ਦੇਰ ਬਾਅਦ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਰਿਹਾ ਹੈ ਅਤੇ ਜਥੇ ਦੇ ਹਰ ਮੈਂਬਰ ਅੰਦਰ ਗੁਰਧਾਮਾਂ ਦੀ ਯਾਤਰਾ ਪ੍ਰਤੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੂਤਾਵਾਸ ਨੂੰ ਹਰ ਸ਼ਰਧਾਲੂ ਨੂੰ ਵੀਜ਼ਾ ਜਾਰੀ ਕਰਨਾ ਚਾਹੀਦਾ ਹੈ, ਕਿਉਂਕਿ ਵੀਜ਼ਾ ਨਾ ਮਿਲਣ ਕਰਕੇ ਸੰਗਤਾਂ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ। ਇਸ ਮੌਕੇ ਜਥੇ ਦੇ ਆਗੂ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਨੂੰ ਜਥੇ ਦੀ ਅਗਵਾਈ ਕਰਨ ਦਾ ਮਾਣ ਮਿਲਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ਦੱਸਣਯੋਗ ਹੈ ਕਿ 19 ਨਵੰਬਰ ਨੂੰ ਪਹਿਲੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਮਗਰੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਦਿ ਗੁਰਧਾਮਾਂ ਦੇ ਦਰਸ਼ਨ ਕਰੇਗਾ। ਇਹ ਜਥਾ 26 ਨਵੰਬਰ ਨੂੰ ਵਾਪਸ ਦੇਸ਼ ਪਰਤੇਗਾ। ਇਹ ਵੀ ਜ਼ਿਕਰੇ-ਖਾਸ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 1046 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਲੱਗਣ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 855 ਸ਼ਰਧਾਲੂਆਂ ਨੂੰ ਵੀਜ਼ਾ ਪ੍ਰਾਪਤ ਹੋਇਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ

ਦੱਸ ਦੇਈਏ ਕਿ ਕੋਰੋਨਾ ਕਾਲ ਤੋਂ 2 ਸਾਲ ਬਾਅਦ ਹੁਣ 855 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਹਰਭਜਨ ਸਿੰਘ ਮਸਾਣਾਂ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਬਿਜੈ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸੁਲੱਖਣ ਸਿੰਘ ਭੰਗਾਲੀ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਸੁਪਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਗੁਰਿੰਦਰਪਾਲ ਸਿੰਘ ਠਰੂ, ਬਲਵਿੰਦਰ ਸਿੰਘ ਖੈਰਾਬਾਦ, ਗੁਰਚਰਨ ਸਿੰਘ ਕੋਹਾਲਾ, ਮਨਜੀਤ ਸਿੰਘ ਆਦਿ ਮੌਜੂਦ ਸਨ।

-PTCNews

Related Post