ਸ਼ਿਕਾਗੋ 'ਚ ਸੁਤੰਤਰਤਾ ਦਿਵਸ ਪਰੇਡ ਦੌਰਾਨ ਹੋਈ ਗੋਲੀਬਾਰੀ, 6 ਦੀ ਮੌਤ

By  Pardeep Singh July 5th 2022 07:29 AM -- Updated: July 5th 2022 07:30 AM

ਅਮਰੀਕਾ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਹਾਈਲੈਂਡ ਪਾਰਕ ਨੇੜੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਦੀ ਪਰੇਡ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ।  ਪੁਲਿਸ ਨੇ ਇਹ ਜਾਣਕਾਰੀ ਦਿੱਤੀ।  ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਕ ਇਮਾਰਤ ਦੀ ਛੱਤ ਤੋਂ ਫਾਇਰਿੰਗ ਕੀਤੀ। ਹਾਈਲੈਂਡ ਪਾਰਕ ਦੇ ਪੁਲਿਸ ਕਮਾਂਡਰ ਕ੍ਰਿਸ ਓ'ਨੀਲ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ।

ਇਸ ਦੌਰਾਨ ਅਧਿਕਾਰੀ ਸ਼ੱਕੀ ਹਮਲਾਵਰ ਦੀ ਭਾਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਗੋਰਾ ਹੈ, ਜਿਸ ਨੇ ਚਿੱਟੇ ਅਤੇ ਨੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਲੇਕ ਕਾਉਂਟੀ ਮੇਜਰ ਕ੍ਰਾਈਮ ਟਾਸਕ ਫੋਰਸ ਦੇ ਬੁਲਾਰੇ ਕ੍ਰਿਸਟੋਫਰ ਕਾਵੇਲੀ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਹਮਲਾਵਰ ਨੇ ਛੱਤ ਤੋਂ ਪਰੇਡ ਵਿਚ ਹਿੱਸਾ ਲੈਣ ਵਾਲਿਆਂ 'ਤੇ ਰਾਈਫਲ ਨਾਲ ਫਾਇਰਿੰਗ ਕੀਤੀ ਅਤੇ ਰਾਈਫਲ ਬਰਾਮਦ ਕਰ ਲਈ ਗਈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿਸ ਇਮਾਰਤ ਦੀ ਛੱਤ ਤੋਂ ਗੋਲੀ ਚਲਾਈ।

ਪੁਲਿਸ ਦਾ ਮੰਨਣਾ ਹੈ ਕਿ ਸਿਰਫ ਇੱਕ ਸ਼ੂਟਰ ਨੇ ਹਮਲਾ ਕੀਤਾ ਹੈ। ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਕੰਬਲਾਂ ਨਾਲ ਢੱਕਿਆ ਦੇਖਿਆ ਅਤੇ ਸੈਂਕੜੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਪਰੇਡ ਸਵੇਰੇ 10 ਵਜੇ ਸ਼ੁਰੂ ਹੋਈ ਸੀ ਪਰ ਗੋਲੀਬਾਰੀ ਹੁੰਦੇ ਹੀ 10 ਮਿੰਟ ਬਾਅਦ ਬੰਦ ਕਰ ਦਿੱਤੀ ਗਈ।

ਇਹ ਵੀ ਪੜ੍ਹੋ:ਪੰਜਾਬ ਸਕੂਲ ਬੋਰਡ ਸਿੱਖਿਆ ਦੀ 10ਵੀਂ ਜਮਾਤ ਦਾ ਨਤੀਜਾ ਭਲਕੇ ਹੋਵੇਗਾ ਜਾਰੀ

-PTC News

Related Post