ਸ਼੍ਰੋਮਣੀ ਭਗਤ, ਭਗਤ ਕਬੀਰ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼

By  Jasmeet Singh June 14th 2022 04:00 AM -- Updated: June 14th 2022 10:09 AM

ਜਨਮ ਦਿਵਸ ਭਗਤ ਕਬੀਰ ਜੀ: ਗਿਆਨ ਮਨੁੱਖ ਦੀ ਚਿੰਤਨਧਾਰਾ ਨੂੰ ਰੱਬ ਦੀ ਰਜ਼ਾ ਵਿੱਚ ਰਹਿਣ ਅਤੇ ਉਸ ਦੇ ਗੁਣਾਂ ਦਾ ਕਾਇਲ ਬਣਨ ਦੀ ਪ੍ਰੇਰਨਾ ਦਿੰਦਾ ਹੈ। ਅਜਿਹਾ ਗਿਆਨ ਜਦੋਂ ਮਨੁੱਖ ਦੀ ਸੁਰਤ ਵਿਚ ਉੱਤਰਦਿਆਂ ਉਸਦੇ ਅਮਲਾਂ ਨਾਲ ਵਾਸਤਾ ਗੰਢਦਾ ਹੈ ਤਾਂ ਅਜਿਹੀ ਹਾਲਤ ਨੂੰ ਮਾਨਣ ਵਾਲਾ ਸਧਾਰਨ ਜੀਉੜਾ ਰੱਬ ਦਾ ਭਗਤ ਅਖਵਾਉਂਦਾ ਹੈ।

ਪ੍ਰੇਮਾ-ਭਗਤੀ ਕੇਵਲ ਭਗਤ ਜਨਾਂ ਦੇ ਜੀਵਨ ਵਿੱਚ ਹੀ ਤਬਦੀਲੀ ਨਹੀਂ ਲਿਆਉਂਦੀ ਬਲਕਿ ਇਸ ਨਾਲ ਸਮਾਜ, ਸੱਭਿਅਤਾ ਅਤੇ ਆਲੇ ਦੁਆਲੇ ਵਿੱਚ ਵੀ ਉਸਾਰੂ ਤਬਦੀਲੀ ਹੁੰਦੀ ਹੈ। ਜਿਸ ਨਾਲ ਸਦਾਚਾਰਕ ਕੀਮਤਾਂ ਨੂੰ ਧਾਰਨ ਕਰਦਿਆਂ ਇੱਕ ਆਦਰਸ਼ ਸਮਾਜ ਦੀ ਸਿਰਜਣਾ ਦਾ ਮੁੱਢ ਬੱਝਦਾ ਹੈ।

ਚੌਦਵੀਂ ਸਦੀ ਦੇ ਭਾਰਤ ਨੂੰ ਭਗਤੀ ਲਹਿਰ ਦੀ ਜਿਸ ਪਲੇਠੀ ਵਿਚਾਰਧਾਰਾ ਨੇ ਬਦਲਿਆ, ਭਗਤ ਕਬੀਰ ਜੀ ਉਸ ਨਿਰਗੁਣਵਾਦੀ ਭਗਤੀ ਲਹਿਰ ਦੇ ਪ੍ਰਮੁੱਖ ਹਸਤਾਖ਼ਰ ਹਨ। 1398 ਈ. ਵਿਚ ਪੈਦਾ ਹੋਏ ਭਗਤ ਕਬੀਰ ਜੀ ਨੂੰ ਜਨਮ ਤਾਂ ਇਕ ਵਿਧਵਾ ਬ੍ਰਾਹਮਣ ਇਸਤਰੀ ਨੇ ਦਿੱਤਾ ਪਰ ਆਪ ਜੀ ਦੀ ਪਾਲਣਾ ਇੱਕ ਨਿਰਸੰਤਾਨ ਮੁਸਲਮਾਨ ਜੁਲਾਹੇ ਪਰਿਵਾਰ ਨੇ ਕੀਤੀ ਅਤੇ ਨਾਮ ਰੱਖਿਆ 'ਕਬੀਰ'।

ਜੁਆਨ ਹੋਣ 'ਤੇ ਭਗਤ ਕਬੀਰ ਜੇ ਨੇ ਬੀਬੀ ਲੋਈ ਨਾਲ ਗ੍ਰਿਹਸਤੀ ਜੀਵਨ ਦੀ ਸ਼ੁਰੁਆਤ ਕੀਤੀ ਅਤੇ ਇਕ ਪੁੱਤਰ 'ਕਮਾਲ' ਨੂੰ ਜਨਮ ਦਿੱਤਾ। ਗਿਆਨਧਾਰਾ ਨਾਲ ਜੁੜਦਿਆਂ ਭਗਤ ਕਬੀਰ ਜੀ ਨੇ ਭਗਤ ਰਾਮਾਨੰਦ ਜੀ ਪਾਸੋਂ ਉਪਦੇਸ਼ ਪ੍ਰਾਪਤ ਕਰਦਿਆਂ ਨਿਰਗੁਣ ਸਰੂਪ ਬ੍ਰਹਮ ਦਾ ਪ੍ਰਚਾਰ ਕੀਤਾ ਅਤੇ ਪ੍ਰਚਲਿਤ ਮਤ-ਮਤਾਂਤਰਾ ਦੀਆਂ ਸਥਾਪਿਤ ਪ੍ਰੰਪਰਾਵਾਂ ਅਤੇ ਸਮਾਜਿਕ ਪ੍ਰਥਾਵਾਂ ਦਾ ਤਿਆਗ ਕਰਦਿਆਂ ਵੱਖ-ਵੱਖ ਮਤਾਂ ਦੇ ਵਿਦਵਾਨਾਂ ਨਾਲ ਚਰਚਾ ਵੀ ਕੀਤੀ।

Punjab CM announces Bhagat Kabir Chair, Rs 10 cr for Bhagat Kabir Bhawan

ਇਸ ਤਰ੍ਹਾਂ ਭਗਤ ਕਬੀਰ ਜੀ ਨੇ ਪ੍ਰਚਾਰ ਕਰਦਿਆਂ ਆਪਣੇ ਜੀਵਨ ਕਾਲ ਦਾ ਬਹੁਤ ਸਮਾਂ ਬਨਾਰਸ ਬਿਤਾਇਆ। 1490 ਈ. ਵਿੱਚ ਜਦੋਂ ਸਿਕੰਦਰ ਲੋਧੀ ਨੇ ਬਨਾਰਸ ਉੱਤੇ ਹਮਲਾ ਕਰਦਿਆਂ ਇੱਥੋਂ ਦੀ ਧਾਰਮਿਕਤਾ ਵਿੱਚ ਨਫ਼ਰਤ ਦਾ ਜ਼ਹਿਰ ਘੋਲਦਿਆਂ ਪ੍ਰਚਲਿਤ ਧਰਮਾਂ ਪ੍ਰਤੀ ਆਪਣੀ ਤੰਗ ਦ੍ਰਿਸ਼ਟੀ ਦਾ ਇਜ਼ਹਾਰ ਕੀਤਾ ਤਾਂ ਭਗਤ ਕਬੀਰ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਇਸ ਦਾ ਵਿਰੋਧ ਵੀ ਕੀਤਾ।

ਸਿਕੰਦਰ ਲੋਧੀ ਦੇ ਉਸ ਵੇਲੇ ਦੇ ਕੀਤੇ ਜ਼ੁਲਮਾਂ ਦਾ ਵਿਵਰਣ ਭਗਤ ਕਬੀਰ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੋਂਡ ਰਾਗ ਵਿਚ ਉਚਾਰਣ ਸ਼ਬਦ (੮੭੦-੮੭੧ ਅੰਗ) ਵਿੱਚ ਵੀ ਮਿਲਦਾ ਹੈ। ਭਗਤ ਕਬੀਰ ਜੀ ਨੇ ਮਨੁੱਖ ਨੂੰ ਨਿਸ਼ਚਿਤ ਸਥਾਨ ’ਤੇ ਹੋਏ ਜਨਮ ਅਤੇ ਮੌਤ ਦੇ ਪ੍ਰੰਪਰਾਗਤ ਵਹਿਮ ਅਤੇ ਡਰ ਤੋਂ ਦੂਰ ਕਰਦਿਆਂ ਆਪਣਾ ਅੰਤਿਮ ਸਮਾਂ ਗੋਰਖਪੁਰ ਤੋਂ ਪੱਛਮ ਵੱਲ ਮਗਹਰ ਕਸਬੇ ਵਿਚ ਬਤੀਤ ਕੀਤਾ ਜਿਥੇ 1518 ਈ. ਵਿਚ ਭਗਤ ਕਬੀਰ ਜੀ ਨੇ ਆਪਣੇ ਅੰਤਿਮ ਸੁਆਸ ਲਏ।

ਭਗਤ ਕਬੀਰ ਜੀ ਦੀ ਰਚਿਤ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 17 ਰਾਗਾਂ ਤੋਂ ਇਲਾਵਾ ਸਲੋਕਾਂ ਵਿਚ ਵੀ ਪ੍ਰਾਪਤ ਹੈ। ਇਸ ਤੋਂ ਇਲਾਵਾ ਸੁਤੰਤਰ ਬਾਣੀਆਂ ਬਾਵਨ ਅੱਖਰੀ, ਥਿਤੀ ਅਤੇ ਵਾਰ-ਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਪ੍ਰਮੁੱਖ ਰੂਪ ਵਿਚ ਪ੍ਰਾਪਤ ਹਨ। ਭਗਤ ਕਬੀਰ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਸੱਚੇ ਸਾਧਕ ਅਤੇ ਆਤਮ ਵਿਸ਼ਵਾਸ ਦੇ ਧਨੀ ਬਣਨ ਦੀ ਪ੍ਰੇਰਨਾ ਦਿੰਦੀ ਹੈ।

ਮੂਲ ਰੂਪ ਵਿੱਚ ਕਬੀਰ ਬਾਣੀ ਮਨੁੱਖ ਨੂੰ ਸਮਾਜਿਕ ਭੇਦ-ਭਾਵ ਤੋਂ ਮੁਕਤ ਹੁੰਦਿਆਂ, ਰੂੜੀਵਾਦੀ ਵਿਚਾਰਾਂ ਤੋਂ ਮੁਕਤ ਹੋ ਕੇ ਸੁੱਚੀ ਕਿਰਤ ਕਮਾਈ ਕਰਦਿਆਂ ਧਾਰਮਿਕ ਪਾਖੰਡ ਤੋਂ ਪਰ੍ਹੇ ਨਿਰਭੈ ਹੋ ਕੇ ਜੀਵਨ ਜਿਊਣ ਦੀ ਸਾਂਝ ਪਾਉਂਦੀ ਹੈ। ਆਓ ਕਬੀਰ ਬਾਣੀ ਦੀ ਗਿਆਨ ਧਾਰਾ ਨਾਲ ਜੁੜਦਿਆਂ, ਸੌੜੀਆਂ ਰਸਮਾਂ ਰੀਤਾਂ ਦਾ ਤਿਆਗ ਕਰਦਿਆਂ ਆਤਮ ਵਿਸ਼ਵਾਸ ਨਾਲ ਭਰੀ ਜ਼ਿੰਦਗੀ ਦੇ ਭਾਈਵਾਲ ਬਣੀਏ।

-PTC News

Related Post