ਮਹਾਨ ਗੁਰੂ ਸਾਹਿਬਾਨਾਂ ਦੇ ਕੀਤੇ ਅਪਮਾਨ ਵਿਰੁੱਧ ਕੱਲ ਅੰਮ੍ਰਿਤਸਰ 'ਚ ਧਰਨੇ 'ਤੇ ਬੈਠਣਗੇ ਸੁਖਬੀਰ ਬਾਦਲ

By  Shanker Badra October 31st 2018 07:09 PM

ਮਹਾਨ ਗੁਰੂ ਸਾਹਿਬਾਨਾਂ ਦੇ ਕੀਤੇ ਅਪਮਾਨ ਵਿਰੁੱਧ ਕੱਲ ਅੰਮ੍ਰਿਤਸਰ 'ਚ ਧਰਨੇ 'ਤੇ ਬੈਠਣਗੇ ਸੁਖਬੀਰ ਬਾਦਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਸਾਰੇ ਉਸਾਰੂ ਸੋਚ ਰੱਖਣ ਵਾਲੇ ਲੋਕਾਂ ਅਤੇ ਸਿੱਖ ਸੰਗਤਾਂ ਨੂੰ ਕਾਂਗਰਸ ਸਰਕਾਰ ਵੱਲੋਂ ਜਾਣਬੁੱਝ ਕੇ ਅਤੇ ਲਗਾਤਾਰ ਮਹਾਨ ਸਿੱਖ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਰਚੀ ਸਾਜ਼ਿਸ਼ ਵਿਰੁੱਧ ਸ਼ੁਰੂ ਕੀਤੀ ਜਾ ਰਹੀ ਲੜਾਈ ਵਿਚ ਸ਼ਾਮਿਲ ਹੋਣ ਲਈ ਆਖਿਆ ਹੈ।ਉਹਨਾਂ ਕਿਹਾ ਕਿ ਇਸ ਕੋਝੇ ਮੰਤਵ ਲਈ ਸਰਕਾਰ ਵੱਲੋਂ 12ਵੀਂ ਕਲਾਸ ਦੀ ਇਤਿਹਾਸ ਦੀਆਂ ਕਿਤਾਬਾਂ ਨੂੰ ਵਰਤਿਆ ਜਾ ਰਿਹਾ ਹੈ।ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਬੱਚਿਆਂ ਨੂੰ ਮੁਗਲ ਹਾਕਮਾਂ ਵੱਲੋਂ ਵੈਰ-ਭਾਵਨਾ ਅਧੀਨ ਤਿਆਰ ਕਰਵਾਇਆ ਗੁਰ-ਇਤਿਹਾਸ ਪੜਾ ਕੇ ਸਿੱਖ ਗੁਰੂ ਸਾਹਿਬਾਨਾਂ ਦਾ ਜਾਣ ਬੁੱਝ ਕੇ ਅਤੇ ਵਾਰ ਵਾਰ ਅਪਮਾਨ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਖਾਲਸਾ ਪੰਥ ਕੋਲੋਂ ਮੁਆਫੀ ਮੰਗਣ ਵਾਸਤੇ ਮਜ਼ਬੂਰ ਕਰਨ ਲਈ ਇੱਕ ਵੱਡਾ ਅੰਦੋਲਨ ਕੀਤਾ ਜਾਵੇਗਾ। ਇਸ ਅੰਦੋਲਨ ਦੀ ਸ਼ੁਰੂਆਤ ਕੱਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਜਾਵੇਗੀ।ਇਸ ਸੰਬੰਧ ਵਿਚ ਕੱਲ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇੱਕ 48 ਘੰਟੇ ਲੰਬਾ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਅਗਵਾਈ ਪਹਿਲੇ 24 ਘੰਟੇ ਅਕਾਲੀ ਦਲ ਦੇ ਪ੍ਰਧਾਨ ਕਰਨਗੇ।ਇਸ ਤੋਂ ਬਾਅਦ ਅਗਲੇ 24 ਘੰਟੇ ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਕੀਤੀ ਜਾਵੇਗੀ।ਸ.ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਇਸ ਘਿਣਾਉਣੇ ਅਪਰਾਧ ਲਈ ਮੁਆਫੀ ਨਾ ਮੰਗੀ ਜਾਂ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਇਸ ਅੰਦੋਲਨ ਦੀ ਅਗਲੀ ਰੂਪ ਰੇਖਾ ਬਾਰੇ ਜਾਣਕਾਰੀ ਰੋਸ ਧਰਨੇ ਦੀ ਸਮਾਪਤੀ ਉੱਤੇ ਦਿੱਤੀ ਜਾਵੇਗੀ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਅੰਦਰ ਉਹਨਾਂ ਮੁਗਲਾਂ ਦੀ ਆਤਮਾ ਪ੍ਰਵੇਸ਼ ਕਰ ਗਈ ਹੈ, ਜਿਹਨਾਂ ਦੇ ਅੱਤਿਆਚਾਰਾਂ ਖ਼ਿਲਾਫ ਲੜਦਿਆਂ ਗੁਰੂ ਸਾਹਿਬਾਨਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ।ਇਹੀ ਵਜ੍ਹਾ ਹੈ ਕਿ ਉਹ ਪੰਜਾਬ ਅੰਦਰ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਬਾਰੇ ਮੁਗਲ ਹਾਕਮਾਂ ਵੱਲੋਂ ਵੈਰ ਭਾਵਨਾ ਅਧੀਨ ਤਿਆਰ ਕਰਵਾਇਆ ਇਤਿਹਾਸ ਪੜ੍ਹਾਉਣ ਉੱਤੇ ਜ਼ੋਰ ਦੇ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀਆਂ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਵਿਚ ਉਹੀ ਝੂਠੀਆਂ ਅਤੇ ਬੇਬੁਨਿਆਦੀ ਗੱਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ,ਜੋ ਮੁਗਲਾਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਬਾਰੇ ਫੈਲਾਈਆਂ ਗਈਆਂ ਸਨ।ਉਹਨਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਖਾਲਸਾ ਪੰਥ ਵੱਲੋਂ ਸਖ਼ਤ ਵਿਰੋਧ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਇਹਨਾਂ ਝੂਠੀਆਂ ਅਤੇ ਬੇਬੁਨਿਆਦ ਗੱਲਾਂ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਸਰਦਾਰ ਬਾਦਲ ਨੇ ਇਤਿਹਾਸ ਨਾਲ ਛੇੜਛਾੜ ਕਰਕੇ ਮਹਾਨ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਲਈ ਸਖ਼ਤ ਸਜ਼ਾ ਦਿੱਤੇ ਜਾਣ ਦੀ ਮੰਗ ਵੀ ਕੀਤੀ।ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੇ ਇਸ ਬੱਜਰ ਗੁਨਾਹ ਨੂੰ ਸਿਰਫ ਬੇਅਦਬੀ ਵਾਲੀਆਂ ਕਿਤਾਬਾਂ ਵਾਪਸ ਲੈ ਕੇ ਨਹੀਂ ਬਖਸ਼ਾਇਆ ਜਾ ਸਕਦਾ ਹੈ।ਬਾਦਲ ਨੇ ਕਿਹਾ ਕਿ ਸਰਕਾਰ ਨੂੰ ਇਸ ਬੱਜਰ ਗੁਨਾਹ ਵਾਸਤੇ ਮੁਆਫੀ ਮੰਗਣ ਅਤੇ ਦੋਸ਼ੀਆਂ ਵਿਅਕਤੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਮਜ਼ਬੂਰ ਕਰਨ ਵਾਸਤੇ ਵੱਡੇ ਅੰਦੋਲਨ ਦੀ ਸ਼ੁਰੂਆਤ ਕੱਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕਰਨ ਮਗਰੋਂ ਕੀਤੀ ਜਾਵੇਗੀ। -PTCNews

Related Post