ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਉਠਾਉਣ ਦੀ ਕੀਤੀ ਅਪੀਲ

By  Shanker Badra April 5th 2020 07:04 PM

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਉਠਾਉਣ ਦੀ ਕੀਤੀ ਅਪੀਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਭਾਰਤੀ ਵਿਦਿਆਰਥੀਆਂ ਦੀ ਦੇਖਭਾਲ ਦਾ ਮੁੱਦਾ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੋਲ ਉਠਾਉਣ, ਜਿਹਨਾਂ ਨੂੰ ਆਸਟਰੇਲੀਆ ਵਿਚ ਲੌਕਡਾਊਨ ਹੋਣ ਕਰਕੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਦੂਤਾਵਾਸਾਂ ਅਤੇ ਹਾਈ ਕਮਿਸ਼ਨਾਂ ਨੂੰ ਇਹਨਾਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਕਰਨ ਦਾ ਨਿਰਦੇਸ਼ ਦੇਣ।

ਅਕਾਲੀ ਦਲ ਪ੍ਰਧਾਨ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ ਕੋਲ ਵੀ ਪਹੁੰਚ ਕੀਤੀ ਹੈ ਅਤੇ ਉਹਨਾਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਵਤਨ ਭੇਜਣ ਸੰਬੰਧੀ ਦਿੱਤੇ ਬਿਆਨ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਸੁਨੇਹੇ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੂੰ ਹੁਣ ਆਸਟਰੇਲੀਆ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇੱਥੇ ਕਾਲਜਾਂ ਵਿਚ ਫੀਸਾਂ ਭਰ ਚੁੱਕੇ ਹਨ ਅਤੇ ਆਸਟਰੇਲੀਆ ਦੀ ਅਰਥ ਵਿਵਸਥਾ ਵਿਚ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੋਵਿਡ-19 ਕਰਕੇ ਦੇਸ਼ ਵਿਚ ਲਾਗੂ ਤਾਲਾਬੰਦੀ ਕਰਕੇ ਜਦੋਂ ਵਿਦਿਆਰਥੀਆਂ ਨੂੰ ਮਦਦ ਦੀ ਲੋੜ ਸੀ ਤਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਵਾਪਸ ਘਰ ਜਾਣ ਲਈ ਕਹਿ ਰਿਹਾ ਹੈ।

ਉਹਨਾਂ ਕਿਹਾ ਕਿ ਅਜਿਹੇ ਸੰਕਟ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ। ਉਹਨਾਂ ਕਿਹਾ ਕਿ ਆਸਟਰੇਲੀਆ ਦੀ ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਦੁਆਰਾ ਪਾਏ ਯੋਗਦਾਨ ਦੀ ਕਦਰ ਕਰਨੀ ਚਾਹੀਦੀ ਹੈ ਜੋ ਕਿ ਇਸ ਦੇਸ਼ ਨੂੰ ਉਸ ਉਚਾਈ ਉਤੇ ਲੈ ਕੇ ਗਏ ਹਨ, ਜਿੱਥੇ ਇਹ ਹੁਣ ਖੜ੍ਹਾ ਹੈ। ਸਰਦਾਰ ਬਾਦਲ ਨੇ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਪੰਜਾਬੀਆਂ ਨੂੰ ਵੀ ਅਪੀਲ ਕੀਤੀ, ਕਿਉਂਕਿ ਇਹਨਾਂ ਵਿਚੋਂ ਕੁੱਝ ਵਿਦਿਆਰਥੀ ਅਜਿਹੇ ਹਨ, ਜਿਹਨਾਂ ਕੋਲ ਵਾਧੂ ਪੈਸੇ ਨਹੀਂ ਹਨ ਅਤੇ ਉਹ ਪੜ੍ਹਾਈ ਲਈ ਆਪਣਾ ਸਭ ਕੁੱਝ ਵੇਚ ਵੱਟ ਕੇ ਗਏ ਹਨ। ਉਹਨਾਂ ਸਾਰੇ ਪੰਜਾਬੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਵਿਦਿਆਰਥੀਆਂ ਦੇ ਰਹਿਣ ਸਹਿਣ ਅਤੇ ਖਾਣੇ ਦਾ ਪ੍ਰਬੰਧ ਕਰਕੇ ਇਸ ਔਖੇ ਸਮੇਂ ਵਿਚ ਇਹਨਾਂ ਦੀ ਮਦਦ ਕਰਨ।

-PTCNews

Related Post