ਸੁਖਬੀਰ ਸਿੰਘ ਬਾਦਲ ਵੱਲੋਂ ਡਾ. ਐਸ ਜੈਸ਼ੰਕਰ ਨੂੰ ਦੁਬਈ ਵਿਚ ਬਿਨ੍ਹਾਂ ਪਾਸਪੋਰਟ ਫਸੇ 20000 ਪੰਜਾਬੀ ਵਰਕਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ

By  Shanker Badra June 12th 2020 09:25 AM

ਸੁਖਬੀਰ ਸਿੰਘ ਬਾਦਲ ਵੱਲੋਂ ਡਾ. ਐਸ ਜੈਸ਼ੰਕਰ ਨੂੰ ਦੁਬਈ ਵਿਚ ਬਿਨ੍ਹਾਂ ਪਾਸਪੋਰਟ ਫਸੇ 20000 ਪੰਜਾਬੀ ਵਰਕਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਸੰਯੁਕਤ ਅਰਬ ਅਮੀਰਾਤ ਵਿਚ ਬਿਨਾਂ ਪਾਸਪੋਰਟ ਤੋਂ ਫਸੇ ਕਰੀਬ 20000 ਪੰਜਾਬੀ ਵਰਕਰਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤਕਰੀਬਨ 20000 ਪੰਜਾਬੀ ਦੁਬਈ ਵਿਚ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਕੱਢ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਸਾਰੇ ਲੋਕ ਭਾਰਤ ਪਰਤਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਪਾਸਪੋਰਟ ਉਹਨਾਂ ਦੇ ਮਾਲਕਾਂ ਨੇ ਜ਼ਬਤ ਕੀਤੇ ਹੋਏ ਹਨ।

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਦੁਬਈ ਵਿਚਲੇ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਉਹ ਅਮੀਰਾਤ ਦੇ ਅਧਿਕਾਰੀਆਂ ਨਾਲ ਇਹ ਮਾਮਲਾ ਉਠਾਉਣ ਤਾਂ ਕਿ ਵਰਕਰਾਂ ਦੇ ਪਾਸਪੋਰਟ ਉਹਨਾਂ ਨੂੰ ਵਾਪਸ ਮਿਲ ਸਕਣ। ਉਹਨਾਂ ਕਿਹਾ ਕਿ ਬਹੁਤੇ ਵਰਕਰਾਂ ਨੇ ਭਾਰਤ ਵਾਪਸੀ ਲਈ ਆਨਲਾਈਨ ਅਪਲਾਈ ਵੀ ਕੀਤਾ ਸੀ ਪਰ ਪਾਸਪੋਰਟ ਨਾ ਹੋਣ ਕਾਰਨ ਉਹ ਵਾਪਸ ਨਹੀਂ ਪਰਤ ਸਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਕਈ ਨੌਜਵਾਨਾਂ ਤੋਂ ਇਹ ਸੁਨੇਹੇ ਮਿਲੇ ਹਨ ਕਿ ਉਹ ਆਪਣੀਆਂ ਹਵਾਈ ਟਿਕਟਾਂ ਦਾ ਖਰਚ ਦੇਣ ਲਈ ਤਿਆਰ ਹਨ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਜ਼ਰੂਰੀ ਆਧਾਰ 'ਤੇ ਦਖਲਅੰਦਾਜ਼ੀ ਕੀਤੀ।

ਅਕਾਲੀ ਦਲ ਦੇ ਪ੍ਰਧਾਨ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਜਿਥੇ ਕੁਝ ਵਰਕਰ ਆਪਣੀਆਂ ਹਵਾਈ ਟਿਕਟਾਂ ਦਾ ਖਰਚ ਦੇਣ ਲਈ ਤਿਆਰ ਹਨ, ਉਥੇ ਹੀ ਹਜ਼ਾਰਾਂ ਵਰਕਰ ਅਜਿਹੇ ਹਨ ਜਿਹਨਾਂ ਨੇ ਆਪਣੀਆਂ ਬਚਤਾਂ ਖਰਚ ਕਰ ਲਈਆਂ ਹਨ ਤੇ ਉਹਨਾਂ ਕੋਲ ਵਾਪਸੀ ਦੀ ਟਿਕਟ ਦੇਣ ਜੋਗੇ ਪੈਸੇ ਵੀ ਨਹੀਂ ਬਚੇ। ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਤੇ ਇਹਨਾਂ ਘਰ ਵਾਪਸ ਲਿਆਉਣ ਲਈ ਸੁੰਦਰੀ ਜਹਾਜ਼ ਭੇਜੇ ਜਾ ਸਕਦੇ ਹਨ।

ਸ੍ਰੀ ਬਾਦਲ ਨੇ ਡਾ. ਜੈਸ਼ੰਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਭਾਰਤੀ ਦੂਤਾਵਾਸ ਨੂੰ ਹਦਾਇਤ ਕਰਨ ਕਿ ਉਹਨਾਂ ਵਰਕਰਾਂ ਦੀ ਵਿੱਤੀ ਮਦਦ ਕੀਤੀ ਜਾਵੇ ,ਜਿਹਨਾਂ ਕੋਲ ਗੁਜ਼ਾਰਾ ਕਰਨ ਲਈ ਕੁਝ ਨਹੀਂ ਹੈ ਤੇ ਉਹਨਾਂ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਹਨ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਸ ਸਬੰਧ ਵਿਚ ਹੈਲਪਲਾਈਨ ਸਥਾਪਿਤ ਕੀਤੀ ਜਾਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਦੂਤਾਵਾਸ ਵਿਚ ਹੈਲਪ ਡੈਸਕ ਖੋਲਿਆ ਜਾਵੇ ਤਾਂ ਜੋ ਵਰਕਰਾਂ ਨੂੰ ਉਹਨਾਂ ਦੇ ਮਾਲਕਾਂ ਤੋਂ ਉਹਨਾਂ ਦੇ ਪਾਸਪੋਰਟ ਵਾਪਸ ਲੈਣ ਵਿਚ ਮਦਦ ਮਿਲ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਕੰਪੀਆਂ ਨੇ ਕਈ ਮਹੀਨਿਆਂ ਤੋਂ ਵਰਕਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਤੇ ਕਿਹਾ ਕਿ ਇਹ ਮਾਮਲਾ ਦੂਤਾਵਾਸ ਵੱਲੋਂ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਕੋਲ ਚੁੱਕਿਆ ਜਾਵੇ।

-PTCNews

Related Post