ਮੁੱਖ ਮੰਤਰੀ ਦੀ ਮੋਰਿੰਡਾ ਰਿਹਾਇਸ਼ ਅੱਗੇ ਪਹੁੰਚੇ ਹਜ਼ਾਰਾਂ ਦਲਿਤਾਂ ਉੱਪਰ ਭਾਰੀ ਲਾਠੀਚਾਰਜ

By  Riya Bawa October 12th 2021 07:19 PM -- Updated: October 12th 2021 07:55 PM

ਮੋਰਿੰਡਾ: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੇ ਹਿੱਸੇ ਦੀਆਂ ਜ਼ਮੀਨਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰੰਤੂ ਕਿਸੇ ਵੀ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿੱਤ ਦਿਹਾੜੀ ਆਪਣੇ ਹੱਕ ਮੰਗਦੇ ਦਲਿਤਾਂ ਨੂੰ ਪੇਂਡੂ ਧਨਾਢ ਚੌਧਰੀਆਂ ਦੇ ਜਬਰ ਦਾ ਸ਼ਿਕਾਰ ਹੋ ਰਹੇ ਹਨ ਇੱਥੋਂ ਤੱਕ ਕਿ ਕਈ ਵਾਰ ਪਿੰਡਾਂ ਵਿੱਚ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਐਸ ਸੀ ਚਿਹਰੇ ਦੇ ਤੌਰ 'ਤੇ ਮੁੱਖਮੰਤਰੀ ਚਰਨਜੀਤ ਚੰਨੀ ਬਣਨ ਤੋਂ ਬਾਅਦ ਦਲਿਤਾਂ ਅੰਦਰ ਇੱਕ ਆਸ ਦੀ ਕਿਰਨ ਬੱਝੀ ਹੈ। ਇਸ ਲਈ ਹਜ਼ਾਰਾਂ ਦਲਿਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਹਿੱਸਾ ਦਲਿਤਾਂ ਲਈ ਪੱਕੇ ਤੌਰ ਤੇ ਲੈਣ, ਨਜ਼ੂਲ ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾ ਸ਼ਰਤ ਮਾਲਕੀ ਹੱਕ ਲੈਣ, ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ ਵਿੱਚ ਵੰਡਾਉਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਦਿਵਾਉਣ, ਮਾਈਕ੍ਰੋਫਾਇਨਾਂਸ ਕੰਪਨੀਆਂ ਸਮੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰਕੇ ਸਹਿਕਾਰੀ ਸਭਾ ਵਿੱਚ ਮੈਂਬਰ ਬਣਾ ਕੇ ਸਰਕਾਰੀ ਕਰਜ਼ੇ ਦਾ ਪ੍ਰਬੰਧ ਕਰਾਉਣ, ਸੰਘਰਸ਼ ਦਰਮਿਆਨ ਦਰਜ ਹੋਏ ਸਾਰੇ ਝੂਠੇ ਪਰਚੇ ਰੱਦ ਕਰਵਾਉਣ ਅਤੇ ਪਿੰਡ ਦੁੱਲੜ ਸਮੇਤ ਦਲਿਤਾਂ ਉੱਪਰ ਹੋ ਰਹੇ ਜਬਰ ਨੂੰ ਨੱਥ ਪਾਉਣ ਅਤੇ ਲਟਕਦੇ ਜਮੀਨੀ ਮਸਲੇ ਹੱਲ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਰੇਲਵੇ ਸਟੇਸ਼ਨ ਕੋਲ ਇਕੱਠੇ ਹੋ ਕੇ ਪਹਿਲਾਂ ਰੈਲੀ ਕੀਤੀ ਗਈ ਅਤੇ ਉਸ ਤੋਂ ਬਾਅਦ ਮੁਲਾਕਾਤ ਲਈ ਕੋਠੀ ਵੱਲ ਮਾਰਚ ਕੀਤਾ ਗਿਆ। ਮੁੱਖ ਮੰਤਰੀ ਦੀ ਕੋਠੀ ਤੋਂ ਪਹਿਲਾਂ ਹੀ ਭਾਰੀ ਪੁਲੀਸ ਫੋਰਸ ਵੱਲੋਂ ਬੈਰੀਕੇਡ ਲਾ ਕੇ ਦਲਿਤਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ, ਜਿੱਥੇ ਕਮੇਟੀ ਵੱਲੋਂ ਉਸੇ ਥਾਂ ਉੱਪਰ ਸੜਕ ਨੂੰ ਜਾਮ ਕਰ ਦਿੱਤਾ ਗਿਆ। ਇਸ ਮੌਕੇ ਤਿੰਨ ਘੰਟੇ ਪ੍ਰਸ਼ਾਸਨ ਨਾਲ ਚੱਲੀ ਗੱਲਬਾਤ ਤੋਂ ਬਾਅਦ ਦਲਿਤਾਂ ਉੱਪਰ ਲਾਠੀਚਾਰਜ ਕਰਕੇ ਉਹਨਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕੇ ਭਾਵੇਂ ਦਲਿਤ ਚਿਹਰੇ ਦਾ ਮੁੱਖਮੰਤਰੀ ਲੈ ਆਂਦਾ ਹੈ ਪਰ ਕਾਂਗਰਸ ਦੀ ਨੀਤੀ ਪਹਿਲਾਂ ਵਾਲੀ ਹੀ ਹੈ। ਲਾਠੀਚਾਰਜ ਤੋਂ ਬਾਅਦ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਗੁਰਵਿੰਦਰ ਬੌਡ਼ਾਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਸਮੇਤ ਕਾਂਗਰਸੀ ਮੰਤਰੀਆਂ ਦਾ ਪਿੰਡਾਂ ਵਿੱਚ ਘਿਰਾਓ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵਿਸ਼ਾਲ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਬਿਨਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਧਰਮਪਾਲ ਨੂਰਖੇਡ਼ੀਆਂ ਜਸਵੰਤ ਸਿੰਘ ਖੇੜੀ ਸਤਨਾਮ ਰਾਜਲਾ ਆਦਿ ਨੇ ਸੰਬੋਧਨ ਕੀਤਾ। ਸਟੇਜ ਸੈਕਟਰੀ ਦੀ ਭੂਮਿਕਾ ਧਰਮਵੀਰ ਹਰੀਗਡ਼੍ਹ ਵਲੋਂ ਨਿਭਾਈ ਗਈ।  

Related Post