ਦੁੱਖਦਾਈ: ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

By  Pardeep Singh March 26th 2022 02:36 PM

ਮਾਨਸਾ: ਪਿੰਡ ਭੈਣੀਬਾਘਾ ਦੇ 36 ਸਾਲਾ ਕਿਸਾਨ ਕੁਲਵਿੰਦਰ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੇ ਸਿਰ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਮਹਿਜ ਡੇਢ ਕਿੱਲੇ ਜਮੀਨ ਸੀ। ਜਦੋਂਕਿ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
 
 ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ। ਮ੍ਰਿਤਕ ਦੇ ਪਰਿਵਾਰ ਕੋਲ ਮਹਿਜ ਡੇਢ ਕਿੱਲਾ ਜਮੀਨ ਸੀ ਤੇ ਉਸ ਸਿਰ ਕਰੀਬ 6 ਲੱਖ ਰੁਪਏ ਦਾ ਕਰਜਾ ਸੀ। ਪਿੰਡ ਨਿਵਾਸੀ ਕਿਸਾਨ ਆਗੂ ਜਗਦੇਵ ਸਿੰਘ, ਹਮੀਰ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਕੁਲਵਿੰਦਰ ਸਿੰਘ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਕਰਜ਼ੇ ਕਾਰਨ ਪ੍ਰੇਸ਼ਾਨ ਸੀ ਅਤੇ ਇਸ ਕੋਲ ਮਹਿਜ਼ ਡੇਢ ਕਿੱਲੇ ਜ਼ਮੀਨ ਸੀ ਅਤੇ ਇਸ ਦੇ ਸਿਰ ਕਰੀਬ 6 ਲੱਖ ਰੁਪਏ ਦਾ ਕਰਜ਼ਾ ਸੀ।
ਉਹਨਾਂ ਕਿਹਾ ਹੈ ਕਿ ਆਰਥਿਕ ਤੰਗੀ ਦੇ ਚੱਲਦੇ ਇਸ ਨੇ ਆਪਣੇ ਖੇਤ ਵਿੱਚ ਜਾ ਕੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਸਰਕਾਰ ਪੰਜਾਬ ਵਿਚ ਵਧ ਰਹੀਆਂ ਖ਼ੁਦਕੁਸ਼ੀਆਂ ਨੂੰ ਰੋਕਿਆ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰੇ। ਉਨ੍ਹਾਂ ਸਰਕਾਰ ਤੋਂ ਮ੍ਰਿਤਕ ਕਿਸਾਨ ਦਾ ਕਰਜ਼ ਮਾਫ਼ ਕਰਨ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਅਤੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਦੀ ਮੰਗ ਕੀਤੀ।
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਬਿਆਨ ਲਿਖਵਾਇਆ ਕਿ ਉਹਨਾਂ ਨੇ ਕਰਜ਼ ਲਿਆ ਸੀ ਤੇ ਆਰਥਿਕ ਤੰਗੀ ਦੇ ਚੱਲਦਿਆਂ ਕੁਲਵਿੰਦਰ ਸਿੰਘ ਨੇ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
-PTC News

Related Post