ਵਿਦੇਸ਼ ਭੇਜਣ ਦੇ ਵੱਡੇ- ਵੱਡੇ ਸੁਪਨੇ ਦਿਖਾ ਕੇ ਟਰੈਵਲ ਏਜੰਟਾਂ ਨੇ ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ

By  Riya Bawa September 17th 2022 03:53 PM -- Updated: September 17th 2022 04:01 PM

ਬਠਿੰਡਾ: ਪੰਜਾਬ ’ਚ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਕਾਰਨ ਕਈ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ। ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ ਹੈ। ਅੱਜ ਹਰੇਕ ਪੰਜਾਬੀ ਆਪਣੀ ਆਰਥਿਕਤਾ ਦੀ ਮਜ਼ਬੂਤੀ ਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਝਾਕ ਰਿਹਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਸਨਅਤੀਕਰਨ ਦਾ ਉਜਾੜਾ ਹੋ ਚੁੱਕਾ ਹੈ। ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ। ਪੜ੍ਹੇ-ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਨੌਜਵਾਨਾਂ ਦੀ ਇਸ ਮਜਬੂਰੀ ਦਾ ਫਾਇਦਾ ਟਰੈਵਲ ਏਜੰਟ ਚੁੱਕ ਰਹੇ ਹਨ।

bribe

ਅਜਿਹਾ ਹੀ ਮਾਮਲਾ ਬਠਿੰਡਾ ਤੋਂ ਵੀ ਸਾਹਮਣੇ ਆਇਆ ਹੈ, ਜਿੱਥੇ ਵਿਦੇਸ਼ ਭੇਜਣ ਦੇ ਨਾਂ 'ਤੇ ਵੱਡੀ ਗਿਣਤੀ 'ਚ ਨੌਜਵਾਨਾਂ ਨਾਲ ਠੱਗੀ ਮਾਰੀ ਗਈ। ਇਨ੍ਹਾਂ ਨੂੰ ਵਿਦੇਸ਼ਾਂ 'ਚ ਲੈ ਕੇ ਜਾਣ ਦੇ ਮਾਮਲੇ 'ਚ ਕੁਝ ਨੌਜਵਾਨਾਂ ਨੂੰ ਟਰੈਵਲ ਏਜੰਟ ਵੱਲੋਂ ਕਥਿਤ ਤੌਰ 'ਤੇ ਡੁਪਲੀਕੇਟ ਵੀਜ਼ਾ ਦਿੱਤੇ ਗਏ ਹਨ ਅਤੇ ਕੁਝ ਲੋਕ ਪਾਸਪੋਰਟ ਵੀ ਲੈ ਕੇ ਫਰਾਰ ਹੋ ਗਏ ਹਨ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਪੁੱਜੇ ਨੌਜਵਾਨਾਂ ਨੇ ਬਠਿੰਡਾ ਦੇ ਸਿਵਲ ਲਾਈਨ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਦੱਸਿਆ ਕਿ ਮਾਈਂਡ ਮੇਕਰ ਨਾਮਕ ਟਰੈਵਲ ਏਜੰਟ ਨੇ ਠੱਗੀ ਮਾਰ ਕੇ ਕਈ ਲੋਕਾਂ ਨੂੰ ਡੁਪਲੀਕੇਟ ਵੀਜ਼ੇ ਦਿੱਤੇ ਅਤੇ ਕਈਆਂ ਦੇ ਪਾਸਪੋਰਟ ਵੀ ਬਣਾਏ ਹਨ। ਇਹ ਏਜੰਟ ਹਜ਼ਾਰਾਂ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਰਕਮ ਲੈ ਕੇ ਫਰਾਰ ਹੋ ਗਏ ਹਨ।

fraud

ਇਹ ਵੀ ਪੜ੍ਹੋ: PM Modi Birthday: ਜਨਮ ਦਿਨ ਮੌਕੇ PM ਮੋਦੀ ਦੇਸ਼ ਨੂੰ ਦੇਣਗੇ BIG ਗਿਫ਼ਟ ! ਜਾਣੋ ਕੀ ਹੋਵੇਗਾ ਖ਼ਾਸ?

ਮੁਕਤਸਰ ਦੇ ਪਿੰਡ ਕਚਹਿਰੀ ਦਾ ਰਹਿਣ ਵਾਲੇ ਵਿਕਰਮ ਸਿੰਘ ਨੇ ਫੇਸਬੁੱਕ 'ਤੇ ਇਕ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਵਿਦੇਸ਼ ਭੇਜਣ ਦੀ ਗੱਲ ਕਹੀ ਗਈ ਸੀ। ਮਸਕਟ ਤੋਂ ਬਹਿਰੀਨ ਅਤੇ ਹੋਰ ਕਈ ਅਰਬ ਦੇਸ਼ਾਂ ਵਿਚ ਵੀਜ਼ਾ ਦੇਣ ਦਾ ਇਸ਼ਤਿਹਾਰ ਦਿੱਤਾ ਗਿਆ ਸੀ। ਆਫਰ ਲੈਟਰ ਤੋਂ ਬਾਅਦ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦਿੱਤਾ ਗਿਆ ਆਫਰ ਲੈਟਰ ਡੁਪਲੀਕੇਟ ਸੀ।

ਇਸ ਤੋਂ ਬਾਅਦ ਇਹ ਏਜੰਟ ਇਕ ਵਿਅਕਤੀ ਤੋਂ 30,000 ਤੋਂ 100000 ਰੁਪਏ ਲੈ ਕੇ ਫਰਾਰ ਹੋ ਗਿਆ। ਕਈ ਲੋਕਾਂ ਦੇ ਪਾਸਪੋਰਟ ਵੀ ਇਹਨਾਂ ਕੋਲ ਹਨ, ਜਿਸ ਕਾਰਨ ਇਹ ਬਠਿੰਡਾ ਸਿਵਲ ਲਾਈਨ ਥਾਣੇ ਦੇ ਬਾਹਰ ਸ਼ਿਕਾਇਤ ਕਰਨ ਸਿਰਫ਼ ਇੱਕ ਵਿਅਕਤੀ ਨਹੀਂ, ਡੇਢ ਸੌ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਨਾਲ ਇਹ ਧੋਖਾਧੜੀ ਹੋਈ ਹੈ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਹ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਹੈ, ਜਿਸ ਦੀ ਜਾਂਚ ਐਸ.ਐਸ.ਪੀ. ਵੱਲੋਂ ਕੀਤੀ ਜਾਵੇਗੀ ਅਤੇ ਇਸ ਲਈ ਇੱਕ ਵਿਸ਼ੇਸ਼ ਵਿੰਗ ਦਾ ਗਠਨ ਕੀਤਾ ਗਿਆ ਹੈ, ਜੋ ਇਸ ਮਾਮਲੇ ਸਬੰਧੀ ਕਾਰਵਾਈ ਕਰਦਾ ਹੈ, ਜੇਕਰ ਫਿਰ ਵੀ  ਐਸ.ਐਚ.ਓ ਸਿਵਲ ਲਾਈਨ ਕੋਲ ਸ਼ਿਕਾਇਤ ਆਉਂਦੀ ਹੈ ਤਾਂ, ਫਿਰ ਕਾਰਵਾਈ ਕੀਤੀ ਜਾਵੇਗੀ।

(ਮੁਨੀਸ਼ ਗਰਗ ਦੀ ਰਿਪੋਰਟ)

-PTC News

Related Post