Covid19: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਏ ਆਈ.ਸੀ.ਯੂ ਤੋਂ ਬਾਹਰ , ਹਾਲਤ ਹੋਈ ਬਿਹਤਰ

By  Kaveri Joshi April 10th 2020 01:31 PM

Covid19: ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਏ ਆਈ.ਸੀ.ਯੂ ਤੋਂ ਬਾਹਰ , ਹਾਲਤ ਹੋਈ ਬਿਹਤਰ: ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਪਿਛਲੇ ਮਾਰਚ ਦੇ ਮਹੀਨੇ ਕੋਵਿਡ-19 ਪਾਜ਼ਿਟਿਵ ਪਾਇਆ ਗਿਆ ਸੀ, ਜਿਸ ਉਪਰੰਤ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਆਈ.ਸੀ.ਯੂ ਵਿੱਚ ਭਰਤੀ ਕਰਵਾਇਆ ਗਿਆ ਸੀ, ਦੱਸ ਦੇਈਏ ਕਿ ਉਨ੍ਹਾਂ ਦੀ ਸਥਿਤੀ 'ਚ ਸੁਧਾਰ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਆਈ.ਸੀ ਯੂ ਤੋਂ ਬਾਹਰ ਲਿਆਂਦਾ ਗਿਆ ਹੈ, ਪਰ ਉਹਨਾਂ ਨੂੰ ਡਾਕਟਰਾਂ ਦੀ ਦੇਖ-ਰੇਖ ਅਧੀਨ ਰੱਖਿਆ ਗਿਆ ਹੈ ।   ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਨੂੰ ਵਾਰਡ ਵਿਚ ਭੇਜ ਦਿੱਤਾ ਗਿਆ ਹੈ, ਜਿੱਥੇ ਉਹ ਆਪਣੀ ਸਿਹਤਯਾਬੀ ਦੇ ਸ਼ੁਰੂਆਤੀ ਪੜਾਅ ਦੌਰਾਨ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ ।  ਜੌਹਨਸਨ ਨੂੰ ਪਿਛਲੇ ਮਹੀਨੇ ਪਤਾ ਲੱਗਿਆ ਸੀ ਕਿ ਉਹ ਕੋਰੋਨਾਵਾਇਰਸ ਤੋਂ ਪੀੜਿਤ ਹਨ ਅਤੇ ਉਹਨਾਂ ਦੀ ਸਥਿਤੀ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਆਈਸੀਯੂ 'ਚ ਸ਼ਿਫਟ ਕੀਤਾ ਗਿਆ ਸੀ ਕਿਉਂਕਿ ਕੋਵਿਡ19 ਤੋਂ ਪਾਜ਼ਿਟਿਵ ਪਾਉਣ ਤੋਂ 10 ਦਿਨਾਂ ਬਾਅਦ ਤੱਕ ਉਹਨਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ । ਇੱਕ ਸਰਕਾਰੀ ਬੁਲਾਰੇ ਅਨੁਸਾਰ ਆਈ.ਸੀ. ਯੂ 'ਚ ਦਾਖਲ ਹੋਣ ਤੋਂ ਬਾਅਦ ਉਹਨਾਂ ਦੀ ਹਾਲਤ ਚ ਕਾਫ਼ੀ ਸੁਧਾਰ ਵੇਖਣ ਨੂੰ ਮਿਲਿਆ , ਜਿਸਦੇ ਚਲਦੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਆਈ.ਸੀ.ਯੂ ਤੋਂ ਬਾਹਰ ਲੈ ਆਂਦਾ ਗਿਆ ਹੈ ਅਤੇ ਲੰਡਨ ਦੇ ਸੇਂਟ ਥਾਮਸ ਹਸਪਤਾਲ ਵਿਖੇ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 6 ਅਪ੍ਰੈਲ ਨੂੰ ਬੋਰਿਸ ਜੌਹਨਸਨ ਨੇ ਦੱਸਿਆ ਕਿ ਉਹ ਆਪਣੇ ਡਾਕਟਰਾਂ ਦੀ ਸਲਾਹ 'ਤੇ ਕੁਝ ਟੈਸਟਾਂ ਲਈ ਹਸਪਤਾਲ ਗਏ ਸਨ , ਕਿਉਂਕਿ ਉਹਨਾਂ ਨੂੰ ਕੋਰੋਨਾਵਾਇਰਸ ਦੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਹਨਾਂ ਕਿਹਾ ਕਿ ਉਨ੍ਹਾਂ 'ਚ ਤਕੜਾ ਸਾਹਸ ਹੈ ਅਤੇ ਉਹ ਆਪਣੀ ਟੀਮ ਦੇ ਸੰਪਰਕ 'ਚ ਹਨ । ਉਹ ਇਸ ਵਾਇਰਸ ਨਾਲ ਲੜ੍ਹਨ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਮਿਲ ਕੇ ਕੰਮ ਕਰ ਰਹੇ ਹਨ । ਉਹਨਾਂ ਇਸ ਮੁਸ਼ਕਲ ਸਮੇਂ ਸਾਰਿਆਂ ਦੀ ਦੇਖਭਾਲ 'ਚ ਜੁਟੇ ਐਨਐਚਐਸ ਸਟਾਫ਼ ਦਾ ਧੰਨਵਾਦ ਵੀ ਕੀਤਾ । ਗੌਰਤਲਬ ਹੈ ਕਿ ਬਾਕੀ ਦੇਸ਼ਾਂ ਵਾਂਗ ਬਰਤਾਨੀਆ 'ਚ ਵੀ ਕੋਰੋਨਾਵਾਇਰਸ ਦੇ ਕਾਫ਼ੀ ਪਾਜ਼ਿਟਿਵ ਕੇਸ ਆ ਰਹੇ ਹਨ। ਗੱਲ ਕਰੀਏ ਅੰਕੜਿਆਂ ਦੀ ਤਾਂ ਬ੍ਰਿਟੇਨ 'ਚ ਪਾਜ਼ਿਟਿਵ ਕੇਸ 65,000 ਅਤੇ ਮੌਤਾਂ ਦੀ ਗਿਣਤੀ 7000 ਤੋਂ ਪਾਰ ਹੋ ਚੁੱਕੀ ਹੈ।

Related Post