ਕੇਂਦਰੀ ਸਿਹਤ ਮੰਤਰੀ ਦੇ ਓ.ਐੱਸ.ਡੀ. ਦੇ ਦਫ਼ਤਰ ਦਾ ਗਾਰਡ ਵੀ ਕੋਰੋਨਾ ਪਾਜ਼ਿਟਿਵ

By  Panesar Harinder April 27th 2020 04:10 PM

ਨਵੀਂ ਦਿੱਲੀ - ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ.ਐੱਸ.ਡੀ.) ਦੇ ਦਫ਼ਤਰ ਦਾ ਗਾਰਡ, ਟੈਸਟ ਤੋਂ ਬਾਅਦ Covid-19 ਤੋਂ ਪੀੜਿਤ ਪਾਇਆ ਗਿਆ ਹੈ। ਇਹ ਗਾਰਡ ਸਿਹਤ ਮੰਤਰੀ ਦੇ ਏਮਜ਼ ਦਿੱਲੀ ਦੇ ਟੀਚਿੰਗ ਬਲਾਕ ਵਿਖੇ ਸਥਿਤ ਓਐਸਡੀ ਦੇ ਦਫ਼ਤਰ ਵਿਖੇ ਤਾਇਨਾਤ ਸੀ। ਸ਼ਨੀਵਾਰ ਨੂੰ ਆਈ ਕੋਰੋਨਾਵਾਇਰਸ ਦੀ ਟੈਸਟ ਰਿਪੋਰਟ ਵਿੱਚ ਉਹ ਪਾਜ਼ਿਟਿਵ ਪਾਇਆ ਗਿਆ। ਸੰਬੰਧਿਤ ਓਐੱਸਡੀ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਏਮਜ਼ ਦਿੱਲੀ ਵਿਖੇ ਉਸਦਾ ਦਫ਼ਤਰ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਜਿੱਥੇ ਓਐੱਸਡੀ ਦਾ ਦਫ਼ਤਰ ਸਥਿਤ ਹੈ, ਉਸ ਸਾਰੇ ਵਿੰਗ ਦੀ ਸੈਨਿਟਾਈਜ਼ੇਸ਼ਨ ਕੀਤੀ ਜਾ ਰਹੀ ਹੈ ਅਤੇ ਓਐੱਸਡੀ ਸਮੇਤ ਸਟਾਫ਼ ਦੇ ਅਨੇਕਾਂ ਲੋਕਾਂ ਨੂੰ ਸਵੈ-ਇਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ। ਜਲਦ ਹੀ ਉਨ੍ਹਾਂ ਦੇ ਵੀ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣ ਦੀ ਸੰਭਾਵਨਾ ਹੈ। ਏਮਜ਼ ਵਿਖੇ ਸਥਿਤ ਡਾ. ਬੀ. ਆਰ. ਅੰਬੇਦਕਰ ਇੰਸਟੀਚਿਊਟ ਰੋਟਰੀ ਕੈਂਸਰ ਹਸਪਤਾਲ ਵਿੱਚ ਕੰਮ ਕਰ ਰਹੀ ਇੱਕ ਨਰਸ ਵੀ Covid-19 ਤੋਂ ਪੀੜਿਤ ਪਾਈ ਗਈ ਹੈ। ਸੂਤਰਾਂ ਦੇ ਦੱਸਣ ਅਨੁਸਾਰ ਕੈਂਸਰ ਸੈਂਟਰ ਦੇ ਡੇਅ ਕੇਅਰ ਵਿਖੇ ਛੱਡੇ ਹੋਏ ਨਰਸ ਦੇ ਦੋ ਬੱਚੇ ਵੀ Covid-19 ਜਾਂਚ ਦੌਰਾਨ ਪਾਜ਼ਿਟਿਵ ਪਾਏ ਗਏ ਹਨ। ਐਤਵਾਰ ਤੋਂ ਸੰਪਰਕ 'ਚ ਆਏ ਲੋਕਾਂ ਦੀ ਟਰੇਸਿੰਗ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਸੁਰੱਖਿਆ ਗਾਰਡ ਤੇ ਨਰਸ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਸਵੈ-ਇਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ਸੰਪਰਕ 'ਚ ਆਏ ਲੋਕਾਂ ਦੀ ਟਰੇਸਿੰਗ ਫ਼ਿਲਹਾਲ ਜਾਰੀ ਹੈ। ਸ਼ਨੀਵਾਰ ਨੂੰ ਡੇਅ ਕੇਅਰ ਵਿਖੇ ਕੀਮੋਥੈਰੇਪੀ ਲਈ ਆਏ ਮਰੀਜ਼ਾਂ ਦੇ ਨਾਲ ਨਾਲ, ਉਕਤ ਨਰਸ ਦੇ ਸੰਪਰਕ 'ਚ ਆਉਣ ਵਾਲੇ ਹੈਲਥਕੇਅਰ ਸਟਾਫ਼ ਨੂੰ ਵੀ ਸਵੈ-ਇਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ, ਇਨ੍ਹਾਂ ਤੋਂ ਇਲਾਵਾ ਰਿਕਾਰਡ ਸੈਕਸ਼ਨ ਦੇ ਦੋ ਸਟਾਫ਼ ਮੈਂਬਰ, ਇੱਕ ਲੈਬ ਅਟੈਂਡੈਂਟ ਅਤੇ ਏਮਜ਼ ਦੇ ਕਾਰਡਿਓ-ਨਿਊਰੋ ਸੈਂਟਰ ਵਿਖੇ ਇੱਕ ਨਿਯੁਕਤ ਇੱਕ ਨਿੱਜੀ ਸਹਾਇਕ ਸਮੇਤ ਸਟਾਫ਼ ਦੇ ਹੀ ਘੱਟੋ-ਘੱਟ ਪੰਜ ਹੋਰ ਮੈਂਬਰ ਕੋਰੋਨਾ ਟੈਸਟ 'ਚ ਪਾਜ਼ਿਟਿਵ ਪਾਏ ਗਏ ਹਨ। ਬੁੱਧਵਾਰ ਨੂੰ ਏਮਜ਼ ਦੇ ਗੈਸਟ੍ਰੋਐਂਟਰੋਲੌਜੀ ਵਿਭਾਗ ਵਿੱਚ ਕੰਮ ਕਰਨ ਵਾਲਾ ਇੱਕ ਪੁਰਸ਼ ਨਰਸ Covid-19 ਤੋਂ ਸੰਕ੍ਰਮਿਤ ਪਾਇਆ ਗਿਆ, ਇਸ ਤੋਂ ਬਾਅਦ ਵਿਭਾਗ ਵਿੱਚ ਕੰਮ ਕਰਦੇ ਡਾਕਟਰਾਂ ਅਤੇ ਨਰਸਾਂ ਸਮੇਤ 40 ਦੇ ਕਰੀਬ ਸਟਾਫ਼ ਮੈਂਬਰਾਂ ਨੂੰ ਸਵੈ-ਇਕਾਂਤਵਾਸ ਦੀ ਸਲਾਹ ਦਿੱਤੀ ਗਈ। ਇੱਕ ਡਾਕਟਰ ਦੇ ਦੱਸਣ ਅਨੁਸਾਰ ਪੁਰਸ਼ ਨਰਸ ਦੇ ਸੰਪਰਕ ਵਿੱਚ ਆਇਆ ਸਟਾਫ਼ ਟੈਸਟ ਵਿੱਚੋਂ ਨਾਕਾਰਾਤਮਕ ਭਾਵ ਕੋਰੋਨਾ ਤੋਂ ਸੁਰੱਖਿਅਤ ਪਾਇਆ ਗਿਆ ਅਤੇ ਵਿਭਾਗ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਪਿਛਲੇ ਹਫ਼ਤੇ, ਇੱਕ ਕਾਰਡੀਓਲੌਜੀ ਵਿਭਾਗ ਅਤੇ ਇੱਕ ਏਮਜ਼ ਦੇ ਟਰਾਮਾ ਸੈਂਟਰ ਵਿੱਚ ਤਾਇਨਾਤ ਦੋ ਮਹਿਲਾ ਨਰਸਾਂ ਵੀ ਕੋਰੋਨਾ ਤੋਂ ਸੰਕ੍ਰਮਿਤ ਪਾਈਆਂ ਗਈਆਂ। ਇਨ੍ਹਾਂ ਦੋਵੇਂ ਨਰਸਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਵੀ ਸਵੈ-ਇਕਾਂਤਵਾਸ ਵਿੱਚ ਜਾਣ ਲਈ ਕਿਹਾ ਗਿਆ ਹੈ। ਟਰੌਮਾ ਸੈਂਟਰ ਦੀ ਨਰਸ ਦੇ ਬੱਚੇ ਅਤੇ ਪਤੀ ਵੀ Covid-19 ਤੋਂ ਪਾਜ਼ਿਟਿਵ ਪਾਏ ਗਏ ਸੀ।

Related Post