Unnao Rape Case: ਪੀੜਤ ਕੁੜੀ ਦੇ ਪਿਤਾ ਦੀ ਹੱਤਿਆ ਮਾਮਲੇ ’ਚ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਮੇਤ 7 ਦੋਸ਼ੀਆਂ ਨੂੰ 10 ਸਾਲ ਸਜ਼ਾ

By  Shanker Badra March 13th 2020 03:35 PM

Unnao Rape Case: ਪੀੜਤ ਕੁੜੀ ਦੇ ਪਿਤਾ ਦੀ ਹੱਤਿਆ ਮਾਮਲੇ ’ਚ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਮੇਤ 7 ਦੋਸ਼ੀਆਂ ਨੂੰ 10 ਸਾਲ ਸਜ਼ਾ:ਨਵੀਂ ਦਿੱਲੀ : ਉਨਾਓ ਜ਼ਬਰ -ਜਨਾਹ ਪੀੜਤਾ ਦੇ ਪਿਤਾ ਦੀ ਗੈਰ ਇਰਾਦਤਨ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਮੇਤ ਸੱਤ ਹੋਰਨਾਂ ਦੋਸ਼ੀਆਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।

ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ’ਚ ਸੇਂਗਰ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਪੀੜਤ ਕੁੜੀ ਦੇ ਪਿਤਾ ਦਾ ਕਤਲ ਕੀਤਾ ਗਿਆ ਸੀ, ਉਹ ਬਹੁਤ ਘਿਨਾਉਣਾ ਕਾਰਾ ਸੀ। ਪੁਲਿਸ ਹਿਰਾਸਤ ’ਚ ਪੀੜਤ ਕੁੜੀ ਦੇ ਪਿਤਾ ਦੀ 9 ਅਪ੍ਰੈਲ, 2018 ਨੂੰ ਹੱਤਿਆ ਹੋ ਗਈ ਸੀ।

ਦੱਸਣਯੋਗ ਹੈ ਕਿ ਅਦਾਲਤ ’ਚ ਸਜ਼ਾ ਉੱਤੇ ਬਹਿਸ ਦੌਰਾਨ ਸੇਂਗਰ ਨੇ ਕਿਹਾ ਸੀ ਕਿ ਜੇ ਉਨ੍ਹਾਂ ਕੁਝ ਗ਼ਲਤ ਕੀਤਾ ਹੈ, ਤਾਂ ਉਨ੍ਹਾਂ ਨੂੰ ਫਾਂਸੀ ਉੱਤੇ ਲਟਕਾ ਦਿੱਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਤੇਜ਼ਾਬ ਪਾ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਪਰਾਧਕ ਸਾਜ਼ਿਸ਼ ਦਾ ਦੋਸ਼ੀ ਪਾਇਆ ਸੀ।

ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੇ ਕਿਹਾ ਕਿ ਉਸ ਦੀਆਂ ਦੋ ਧੀਆਂ ਹਨ ਤੇ ਉਸ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ ਛੱਡ ਦਿੱਤਾ ਜਾਵੇ। ਜਿਸ ਤੋਂ ਬਾਅਦ ਜੱਜ ਨੇ ਕਿਹਾ ਕਿ ਜੇ ਤੁਹਾਡਾ ਪਰਿਵਾਰ ਹੈ ਤਾਂ ਹਰੇਕ ਦਾ ਹੈ। ਤੁਹਾਨੂੰ ਇਹ ਸਭ ਅਪਰਾਧ ਕਰਦੇ ਸਮੇਂ ਸੋਚਣਾ ਚਾਹੀਦਾ ਸੀ ਪਰ ਤੁਸੀਂ ਸਾਰੇ ਕਾਨੂੰਨ ਤੋੜੇ ਹਨ। ਹੁਣ ਤੁਸੀਂ ਹਰੇਕ ਚੀਜ਼ ਨੂੰ ਨਾਂਹ ਆਖੋਗੇ? ਤੁਸੀਂ ਕਦੋਂ ਤੱਕ ਇਨਕਾਰ ਕਰਦੇ ਰਹੋਗੇ?

ਦੱਸ ਦੇਈਏ ਕਿ ਪੀੜਤਾ ਦੇ ਪਿਤਾ ਦੀ ਨਿਆਂਇਕ ਹਿਰਾਸਤ ਵਿਚ 9 ਅਪ੍ਰੈਲ 2018 ਨੂੰ ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੀੜਤਾ ਨੇ ਪੁਲਿਸ ਪ੍ਰਸ਼ਾਸਨ ਕੋਲ ਨਿਆਂ ਦੀ ਗੁਹਾਰ ਲਾਈ ਸੀ ਪਰ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਇਸ ਮਾਮਲੇ ਵਿਚ 4 ਮਾਰਚ ਨੂੰ ਆਪਣੇ ਫੈਸਲੇ ਵਿਚ ਤੀਸ ਹਜ਼ਾਰੀ ਕੋਰਟ ਨੇ ਯੂਪੀ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਣੇ 7 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 4 ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕੀਤਾ ਸੀ।

-PTCNews

Related Post