ਵਰੁਣ ਗਾਂਧੀ ਨੇ ਫਿਰ ਆਪਣੀ ਹੀ ਸਰਕਾਰ 'ਤੇ ਚੁੱਕੇ ਸਵਾਲ, ਕਿਹਾ- ਕਦੋਂ ਤੱਕ ਦੇਸ਼ ਦੇ ਨੌਜਵਾਨ ਸਬਰ ਰੱਖਣ?

By  Riya Bawa December 2nd 2021 03:59 PM

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਬੇਰੁਜ਼ਗਾਰੀ ਨੂੰ ਲੈ ਕੇ ਆਪਣੀ ਹੀ ਸਰਕਾਰ ਉੱਪਰ ਵੱਡਾ ਸਵਾਲ ਖੜਾ ਕੀਤਾ ਹੈ। ਉਨ੍ਹਾਂ ਨੇ ਸਰਕਾਰੀ ਨੌਕਰੀਆਂ ਦੀ ਘਾਟ ਦਾ ਮਾਮਲਾ ਚੁੱਕਦਿਆਂ ਪੁੱਛਿਆ ਕਿ ਕਦੋਂ ਤੱਕ ਦੇਸ਼ ਦੇ ਨੌਜਵਾਨ ਸਬਰ ਰੱਖਣ। ਉਨ੍ਹਾਂ ਕਿਹਾ ਹੈ ਕਿ ਇੱਕ ਪਾਸੇ ਦੇਸ਼ ਵਿੱਚ ਸਰਕਾਰੀ ਨੌਕਰੀਆਂ ਨਹੀਂ ਹਨ, ਦੂਜੇ ਪਾਸੇ ਜੇਕਰ ਕੁਝ ਨੌਕਰੀਆਂ ਲਈ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਿੱਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ ਨੌਜਵਾਨਾਂ ਨੂੰ ਲੰਬੇ ਸਮੇਂ ਤੱਕ ਨੌਕਰੀਆਂ ਨਹੀਂ ਮਿਲਦੀਆਂ ਅਤੇ ਉਹਨਾਂ ਨੂੰ ਦੁੱਖ ਝੱਲਣਾ ਪੈਂਦਾ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਦੇਸ਼ ਦੇ ਨੌਜਵਾਨ ਇਨ੍ਹਾਂ ਹਾਲਾਤਾਂ ਨੂੰ ਕਦੋਂ ਤੱਕ ਬਰਦਾਸ਼ਤ ਕਰ ਸਕਦੇ ਹਨ।

ਵਰੁਣ ਗਾਂਧੀ ਦੀ ਇਸ ਟਿੱਪਣੀ ਨੂੰ ਉੱਤਰ ਪ੍ਰਦੇਸ਼ ਵਿੱਚ ਯੂਪੀ ਟੀਈਟੀ ਪ੍ਰੀਖਿਆ ਵਿੱਚ ਹੋਏ ਭ੍ਰਿਸ਼ਟਾਚਾਰ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ, ‘ਪਹਿਲਾਂ ਤਾਂ ਕੋਈ ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਜੇ ਕੋਈ ਮੌਕਾ ਆਉਂਦਾ ਹੈ ਤਾਂ ਪੇਪਰ ਲੀਕ ਹੋ ਜਾਂਦਾ ਹੈ, ਜੇ ਇਮਤਿਹਾਨ ਦਿੰਦੇ ਹੋ ਤਾਂ ਸਾਲਾਂ ਤੱਕ ਨਤੀਜਾ ਨਹੀਂ ਆਉਂਦਾ, ਫਿਰ ਕਿਸੇ ਘਪਲੇ 'ਚ ਰੱਦ ਹੋ ਜਾਂਦਾ ਹੈ।

 

ਉਨ੍ਹਾਂ ਲਿਖਿਆ ਹੈ ਕਿ ਰੇਲਵੇ ਗਰੁੱਪ ਡੀ ਦੇ 1.25 ਕਰੋੜ ਨੌਜਵਾਨ ਦੋ ਸਾਲਾਂ ਤੋਂ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਫੌਜ ਵਿੱਚ ਭਰਤੀ ਦਾ ਵੀ ਇਹੀ ਹਾਲ ਹੈ। ਭਾਰਤ ਦੇ ਨੌਜਵਾਨਾਂ ਨੂੰ ਕਦੋਂ ਤੱਕ ਸਬਰ ਕਰਨਾ ਚਾਹੀਦਾ ਹੈ? ਭਾਰਤੀ ਫੌਜ ਵਿੱਚ ਨੌਕਰੀ ਨੂੰ ਨੌਜਵਾਨਾਂ ਵਿੱਚ ਇੱਕ ਵੱਡੇ ਮੌਕੇ ਵਜੋਂ ਦੇਖਿਆ ਜਾਂਦਾ ਹੈ ਪਰ ਭਾਜਪਾ ਸਾਂਸਦ ਨੇ ਦੋਸ਼ ਲਗਾਇਆ ਹੈ ਕਿ ਹੁਣ ਭਾਰਤੀ ਫੌਜ ਲਈ ਪ੍ਰੀਖਿਆਵਾਂ 'ਚ ਹਫੜਾ-ਦਫੜੀ ਮਚ ਗਈ ਹੈ। ਇਸ ਕਾਰਨ ਨੌਜਵਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਦੇਸ਼ ਦੇ ਨੌਜਵਾਨ ਇਨ੍ਹਾਂ ਹਾਲਾਤਾਂ ਨੂੰ ਕਦੋਂ ਤੱਕ ਬਰਦਾਸ਼ਤ ਕਰ ਸਕਦੇ ਹਨ।

Varun Gandhi  

ਦਿਹਾਤੀ ਭਾਰਤ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਵਰੁਣ ਗਾਂਧੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦਾ ਸਭ ਤੋਂ ਮਹੱਤਵਪੂਰਨ ਸਾਧਨ ਹਨ, ਕਿਉਂਕਿ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਬਹੁਤੇ ਮੌਕੇ ਉਪਲਬਧ ਨਹੀਂ ਹਨ ਪਰ ਸਮੇਂ ਦੇ ਬੀਤਣ ਨਾਲ ਸਰਕਾਰੀ ਖੇਤਰ ਵਿੱਚ ਨੌਕਰੀਆਂ ਘਟਦੀਆਂ ਜਾ ਰਹੀਆਂ ਹਨ, ਜਿਸ ਨਾਲ ਪੇਂਡੂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ ਅਤੇ ਉਨ੍ਹਾਂ ਵਿੱਚ ਰੋਸ ਪੈਦਾ ਹੋ ਰਿਹਾ ਹੈ। ਦੱਸ ਦਈਏ ਕਿ ਵਰੁਨ ਗਾਂਧੀ ਤਿੰਨ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਆਪਣੀ ਸਰਕਾਰ ਨੂੰ ਘੇਰਦੇ ਆ ਰਹੇ ਹਨ।

-PTC News

Related Post