ਭਗਤ ਸਿੰਘ ਏਅਰਪੋਰਟ 'ਤੇ ਲੋਕਾਂ ਦੇ ਹੱਕਾਂ ਦਾ ਘਾਣ, ਪਿਕਅੱਪ ਮੌਕੇ ਵਸੂਲਿਆ ਜਾਂਦਾ ਜਬਰੀ ਚਾਰਜ

By  Jasmeet Singh October 27th 2022 03:18 PM -- Updated: November 3rd 2022 11:11 AM

ਜਸਮੀਤ ਸਿੰਘ, (ਮੁਹਾਲੀ, 27 ਅਕਤੂਬਰ): ਮੁਹਾਲੀ ਏਅਰਪੋਰਟ ਦਾ ਨਾਂਅ ਤਾਂ ਭਗਤ ਸਿੰਘ ਦੇ ਨਾਂਅ ਕਰਵਾ ਦਿੱਤਾ ਗਿਆ ਪਰ ਉਹ ਮਹਾਨ ਸ਼ਹੀਦ ਜਿਸਨੇ ਰਾਸ਼ਟਰ ਦੇ ਨਿਰਮਾਣ ਲਈ ਸਰਵਉਚ ਬਲੀਦਾਨ ਦਿੱਤਾ, ਉਸ ਦੇ ਨਾਮ ਹੇਠ ਏਅਰਪੋਰਟ 'ਤੇ ਲੋਕਾਂ ਦੇ ਹੱਕਾਂ ਦਾ ਘਾਣ ਜਾਰੀ ਹੈ। ਮੁਹਾਲੀ ਏਅਰਪੋਰਟ Arrivals 'ਤੇ ਯਾਤਰੀਆਂ ਨੂੰ ਲੈਣ ਆਉਣ ਵਾਲੀ ਕਿਸੀ ਵੀ ਗੱਡੀ, ਭਾਵੇਂ ਨਿੱਜੀ ਜਾਂ ਵਪਾਰਕ ਜਿਵੇਂ ਟੈਕਸੀ, ਨੂੰ ਏਅਰਪੋਰਟ ਪਿਕਅੱਪ ਸਟਾਪ 'ਚ ਦਾਖ਼ਲ ਹੋਣ ਲਈ 50 ਰੁਪਏ ਦਾ ਭੁਗਤਾਨ ਕਰਨਾ ਲਾਜ਼ਮੀ ਹੁੰਦਾ ਹੈ। ਯਾਤਰੀਆਂ ਨੂੰ ਜੀ ਆਇਆਂ ਨੂੰ ਕਹਿਣ ਆਉਣ ਵਾਲੀਆਂ ਗੱਡੀਆਂ ਭਾਵੇਂ ਇੱਕ ਘੰਟੇ ਲਈ ਜਾਂ ਭਾਵੇਂ ਇੱਕ ਮਿੰਟ ਲਈ ਵੀ ਦਾਖ਼ਲ ਕਿਉਂ ਨਾ ਹੋਣ, ਉਸ ਲਈ 50 ਰੁਪਏ ਦੀ ਜਬਰੀ ਵਸੂਲੀ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ: EXCLUSIVE: ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤੇ ਝੂਠੇ ਅੰਕੜੇ? CAG ਦੀ ਰਿਪੋਰਟ ਨੇ ਜ਼ਾਹਿਰ ਕੀਤਾ ਸੱਚ  

ਇੱਥੇ ਦਸਣਾ ਬਣਦਾ ਹੈ ਕਿ ਭਗਤ ਸਿੰਘ ਹਵਾਈ ਅੱਡੇ 'ਤੇ ਪਾਰਕਿੰਗ ਲਈ ਟਰਮੀਨਲ ਦੇ ਬਾਹਰ ਪਾਰਕਿੰਗ ਏਰੀਆ ਵਿੱਚ ਗੱਡੀਆਂ ਪਾਰਕ ਕੀਤੀਆਂ ਜਾਂਦੀਆਂ ਹਨ। ਰਵਾਨਗੀ/ਆਗਮਨ ਖੇਤਰ 'ਤੇ ਪਿਕਅੱਪ/ਡ੍ਰੌਪ ਆਫ ਲਈ 10 ਮਿੰਟਾਂ ਦੀ ਸਮੇਂ ਮਿਆਦ ਬਿਲਕੁਲ ਮੁਫ਼ਤ ਹੈ। ਜੁਰਮਾਨੇ ਉਸ ਵੇਲੇ ਲਾਗੂ ਹੁੰਦੇ ਹਨ ਜੇਕਰ ਤੁਸੀਂ ਖੇਤਰ ਵਿੱਚ ਦਾਖਲ ਹੋਣ ਅਤੇ ਬਾਹਰ ਨਿਕਲਣ ਦੇ ਸਮੇਂ ਤੋਂ 10 ਮਿੰਟ ਤੋਂ ਵੱਧ ਸਮੇਂ ਲਈ ਪਾਰਕਿੰਗ ਕਰਦੇ ਹੋ।

ਲੇਕਿਨ ਮੁਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਆਮ ਆਦਮੀ ਦੀ ਸਰਕਾਰ ਹੁੰਦਿਆਂ ਵੀ ਆਮ ਆਦਮੀ ਦੇ ਹੱਕਾਂ ਦਾ ਘਾਣ ਜਾਰੀ ਹੈ। ਸਾਡੇ ਹੱਥੀਂ ਲੱਗੀ ਏਅਰਪੋਰਟ ਦੀ ਪਿਕਅੱਪ ਪਰਚੀ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਗੱਡੀ 10.29 ਤੋਂ 10.31 ਮਹਿਜ਼ ਤਿੰਨ ਮਿੰਟਾਂ 'ਚ ਆਗਮਨ ਖੇਤਰ ਤੋਂ ਪਿਕਅੱਪ ਕਰ ਪਰਤ ਗਈ ਲੇਕਿਨ ਉਸ ਲਈ ਵੀ ਜਬਰੀ 50 ਰੁਪਏ ਵਸੂਲੇ ਗਏ। ਇਥੋਂ ਤੱਕ ਕਿ ਸਟਾਫ ਇਨ੍ਹਾਂ ਅੜੀਅਲ ਤੇ ਗਲਤ ਸ਼ਬਦਾਵਲੀ ਵਰਤਣ ਵਾਲਾ ਸੀ ਕਿ ਵਿਰੋਧ ਕਰਨ 'ਤੇ ਵੀ ਉਹ ਟੱਸ ਤੋਂ ਮੱਸ ਨਹੀਂ ਹੋਏ। 

   airport ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬ ਵਾਸੀਆਂ ਤੇ ਬਾਹਰੋਂ ਆਉਣ ਵਾਲਿਆਂ ਮਹਿਮਾਨਾਂ ਨਾਲ ਸਰਾ ਸਰ ਠਗ਼ੀ ਕੀਤੀ ਜਾਂਦੀ ਹੈ, ਉੱਥੇ ਹੀ ਵਿਰੋਧ ਕਰਨ 'ਤੇ ਸਟਾਫ ਦਾ ਕਹਿਣਾ ਸੀ ਕਿ "ਜੋ ਕਰਨਾ ਕਰਲੋ"। ਕਾਬਲੇਗੌਰ ਹੈ ਕਿ ਦਿੱਲੀ ਏਅਰਪੋਰਟ ਵੀ 15 ਮਿੰਟਾਂ ਤੱਕ ਸਵਾਰੀ ਦਾ ਪਿਕਅੱਪ/ਡ੍ਰੌਪ ਬਿਲਕੁਲ ਮੁਫ਼ਤ ਹੈ ਪਰ ਸ਼ਹੀਦ ਭਗਤ ਸਿੰਘ ਏਅਰਪੋਰਟ 'ਤੇ ਤਾਂ ਲਵਲੀਨ ਐਂਟਰਪ੍ਰਾਇਸ ਨੂੰ ਦਿੱਤੇ ਗਏ ਪਾਰਕਿੰਗ ਦੇ ਠੇਕੇ 'ਤੇ ਪੂਰਾ ਧੱਕਾ ਚੱਲਦਾ।

ਇਨ੍ਹਾਂ ਹੀ ਨਹੀਂ ਜੇਕਰ ਸਵਾਰੀ ਨੇ ਮੁਹਾਲੀ ਦੇ ਨਾਲ ਲਗਦੇ ਚੰਡੀਗੜ੍ਹ ਤੱਕ ਲਈ ਟੈਕਸੀ ਵੀ ਲੈਣੀ ਹੋਵੇ ਤੇ ਉੱਥੇ ਵੀ ਧੱਕੇ ਨਾਲ ਲੁੱਟ ਕੀਤੀ ਜਾਂਦੀ ਹੈ। ਸਿਰਫ ਚੰਡੀਗੜ੍ਹ ਲਈ ਟੈਕਸੀ ਕਾਊਂਟਰਾਂ ਵੱਲੋਂ 700-800 ਰੁਪਏ ਦੀ ਡਿਮਾਂਡ ਕੀਤੀ ਜਾਂਦੀ ਹੈ ਜਿਸਦੇ ਲਈ ਉਬਰ/ਓਲਾ ਟੈਕਸੀ ਵੀ ਵੱਧ ਤੋਂ ਵੱਧ 300 ਰੁਪਏ ਤੱਕ ਚਾਰਜ ਕਰਦੀ ਹੈ। ਜੇਕਰ ਪੰਜਾਬ ਦੇ ਦੂਰ ਦੁਰਾਡੇ ਦੇ ਵੱਡੇ ਸ਼ਹਿਰਾਂ ਨੂੰ ਜਾਣਾ ਹੋਵੇਂ ਤਾਂ 5000-10000 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। 

ਇਹ ਵੀ ਪੜ੍ਹੋ: EXCLUSIVE: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ 

ਹੁਣ ਵੇਖਣਾ ਇਹ ਹੋਵੇਗਾ ਕਿ ਸਬੂਤ ਸਣੇ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੀ ਐਕਸ਼ਨ ਲੈਂਦੀ ਹੈ।

-PTC News

Related Post