West Bengal Bypoll- ਭਵਾਨੀਪੁਰ ਸੀਟ ਤੋਂ ਮਮਤਾ ਬੈਨਰਜੀ ਨੂੰ ਟੱਕਰ ਦੇਵੇਗੀ ਭਾਜਪਾ ਤੋਂ ਪ੍ਰਿਅੰਕਾ ਟਿਬਰੇਵਾਲ

By  Riya Bawa September 10th 2021 06:24 PM -- Updated: September 10th 2021 06:28 PM

ਕੋਲਕਾਤਾ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ 30 ਸਤੰਬਰ ਨੂੰ ਹੋਣਗੀਆਂ। ਇਸ ਵਿਚਾਲੇ ਭਾਜਪਾ ਨੇ ਪ੍ਰਿਅੰਕਾ ਟਿਬਰੇਵਾਲ ਨੂੰ ਭਵਾਨੀਪੁਰ ਸੀਟ ਤੋਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੱਸ ਦੇਈਏ ਕਿ ਤਿੱਬਰੇਵਾਲ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ਵਿੱਚ ਹੋਈ ਹਿੰਸਾ ਦੇ ਸੰਬੰਧ ਵਿੱਚ ਕਲਕੱਤਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।

ਜਾਣੋ ਕੌਣ ਹੈ ਪ੍ਰਿਅੰਕਾ ਟਿਬਰੇਵਾਲ

ਪ੍ਰਿਯੰਕਾ ਟਿਬਰੇਵਾਲ ਪੇਸ਼ੇ ਤੋਂ ਵਕੀਲ ਹਨ। ਉਹ ਸਾਲ 2014 ਵਿੱਚ ਭਾਜਪਾ ’ਚ ਸ਼ਾਮਲ ਹੋਏ ਸਨ। ਸਾਲ 2015 ਵਿੱਚ, ਪ੍ਰਿਅੰਕਾ ਨੇ ਕੋਲਕਾਤਾ ਨਗਰ ਪ੍ਰੀਸ਼ਦ ਦੀ ਚੋਣ ਵਾਰਡ ਨੰਬਰ 58 (ਐਂਟਲੀ) ਤੋਂ ਭਾਜਪਾ ਉਮੀਦਵਾਰ ਵਜੋਂ ਲੜੀ ਸੀ, ਪਰ ਤ੍ਰਿਣਮੂਲ ਕਾਂਗਰਸ ਦੇ ਸਵਪਨਾ ਸਮਦਰ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਇਸ ਤੋਂ ਬਾਅਦ, ਅਗਸਤ 2020 ਵਿੱਚ, ਉਨ੍ਹਾਂ ਨੂੰ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦਾ ਮੀਤ ਪ੍ਰਧਾਨ ਬਣਾਇਆ ਗਿਆ।

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਨੇ ਨੰਦੀਗ੍ਰਾਮ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਹਰਾਇਆ ਸੀ। ਬੰਗਾਲ ਦੀ ਮੁੱਖ ਮੰਤਰੀ ਬਣੇ ਰਹਿਣ ਲਈ ਮਮਤਾ ਨੂੰ ਭਵਾਨੀਪੁਰ ਤੋਂ ਚੋਣ ਜਿੱਤਣ ਦੀ ਲੋੜ ਹੈ।

-PTC News

Related Post