ਪੰਜਾਬ ਸਰਕਾਰ ਵੱਲੋਂ ਦਾਅਵਾ 18 ਅਪ੍ਰੈਲ ਤੱਕ 34.92 ਲੱਖ ਮੀਟਰਕ ਟਨ ਕਣਕ ਖਰੀਦੀ

By  Joshi April 20th 2018 08:40 AM

ਕਣਕ ਦੀ ਨਿਰਵਿਘਨ ਖਰੀਦ ਜਾਰੀ, 18 ਅਪ੍ਰੈਲ ਤੱਕ 34.92 ਲੱਖ ਮੀਟਰਕ ਟਨ ਕਣਕ ਖਰੀਦੀ-ਪੰਜਾਬ ਸਰਕਾਰ

ਚੰਡੀਗੜ: ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਵੱਲੋਂ 18 ਅਪ੍ਰੈਲ ਤੱਕ 34.92 ਲੱਖ ਮੀਟਰਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਅਤੇ ਸੂਬਾ ਸਰਕਾਰ ਹਾੜੀ ਦੇ ਚਾਲੂ ਸੀਜ਼ਨ ਦੌਰਾਨ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਵਾਸਤੇ ਸਹੀ ਦਿਸ਼ਾ ਵਿੱਚ ਜਾ ਰਹੀ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਕਣਕ ਦੀ ਚੱਲ ਰਹੀ ਖਰੀਦ ਸੁਸਤ ਰਫ਼ਤਾਰ ਵਿੱਚ ਨਹੀਂ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੁਖੀ ਸਾਰੀਆਂ ਮੰਡੀਆਂ ਦੀ ਪ੍ਰਗਤੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਹਨ।

ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਜੇਕਰ ਕਿਸੇ ਤਰਾਂ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਫੌਰੀ ਤੌਰ ’ਤੇ ਖਰੀਦ ਏਜੰਸੀਆਂ ਦੇ ਮੁਖੀਆਂ ਵੱਲੋਂ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਸਬੰਧ ਵਿਚ ਕਿਸੇ ਤਰਾਂ ਦੀ ਢਿੱਲ-ਮੱਠ ਸਹਿਣ ਨਹੀਂ ਕੀਤੀ ਜਾਵੇਗੀ।

ਬੁਲਾਰੇ ਨੇ ਆਖਿਆ ਕਿ ਖਰੀਦੀ ਜਾ ਚੁੱਕੀ ਕਣਕ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ ਅਤੇ 18 ਅਪ੍ਰੈਲ ਤੱਕ 1885.30 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ।

ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਅਨੁਮਾਨਿਤ 130 ਲੱਖ ਮੀਟਰਕ ਟਨ ਕਣਕ ਖਰੀਦਣ ਲਈ ਪੂਰੀ ਸਰਗਰਮੀ ਨਾਲ ਜੁਟੀਆਂ ਹੋਈਆਂ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਖਰੀਦੀ ਜਾ ਚੁੱਕੀ ਕਣਕ ਦੀ ਚੁਕਾਈ ਨਾਲੋ-ਨਾਲ ਕੀਤੀ ਜਾ ਰਹੀ ਹੈ। ਖਰੀਦੀ ਕਣਕ ਨੂੰ ਮੰਡੀਆਂ ’ਚੋਂ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਗੋਦਾਮਾਂ ਵਿੱਚ ਲਿਜਾਇਆ ਜਾ ਰਿਹਾ ਹੈ ਅਤੇ ਭਾਰਤੀ ਖੁਰਾਕ ਨਿਗਮ ਨੂੰ ਵੀ ਮੰਡੀਆਂ ਤੋਂ ਕਣਕ ਭੇਜੀ ਜਾ ਰਹੀ ਹੈ ਤਾਂ ਕਿ ਹੋਰ ਕਣਕ ਆਉਣ ਲਈ ਥਾਂ ਬਣਾਈ ਜਾ ਸਕੇ। ਉਨਾਂ ਦੱਸਿਆ ਕਿ ਇਸ ਮੰਤਵ ਲਈ ਭਾਰਤੀ ਖੁਰਾਕ ਨਿਗਮ ਨੇ ਅਪ੍ਰੈਲ ਤੇ ਮਈ 2018 ਲਈ 400 ਵਿਸ਼ੇਸ਼ ਰੇਲ ਗੱਡੀਆਂ ਦੀ ਯੋਜਨਾ ਉਲੀਕੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ/ਭਾਰਤੀ ਖੁਰਾਕ ਨਿਗਮ ਦੇ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਖਰੀਦ ਏਜੰਸੀਆਂ ’ਤੇ ਵਾਧੂ ਵਿੱਤੀ ਬੋਝ ਘਟਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨਾਂ ਦੱਸਿਆ ਕਿ ਕਣਕ ਦੀ ਢੋਆ-ਢੁਆਈ ਲਈ ਪਿਛਲੇ ਸਾਲ 300-400 ਫੀਸਦੀ ਦੀ ਕੀਮਤ ਦੀ ਬਜਾਏ ਇਸ ਸਾਲ ਵੱਧ ਤੋਂ ਵੱਧ 120 ਫੀਸਦੀ ਦੀ ਕੀਮਤ ’ਤੇ ਟੈਂਡਰ ਅਲਾਟ ਕੀਤੇ ਗਏ ਹਨ।

ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੂਬੇ ਦੇ ਕੁਝ ਹਿੱਸਿਆਂ ਵਿਚ ਕਿਤੇ-ਕਿਤੇ ਵਾਛੜ ਹੋਣ ਨਾਲ ਪੈਦਾ ਹੋਈਆਂ ਕੁਝ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਚੁੱਕਾ ਹੈ ।

—PTC News

Related Post