ਅਮਰੀਕਾ ਵਿੱਚ ਕੋਵਿਡ -19 'ਮਾਨਸਿਕ ਸਿਹਤ' ਸੰਕਟ ਦਾ ਬਣ ਰਿਹਾ ਕਾਰਨ- WHO ਨੇ ਪ੍ਰਗਟਾਈ ਚਿੰਤਾ

By  Kaveri Joshi August 19th 2020 04:32 PM

ਅਮਰੀਕਾ ਵਿੱਚ ਕੋਵਿਡ -19 'ਮਾਨਸਿਕ ਸਿਹਤ' ਸੰਕਟ ਦਾ ਬਣ ਰਿਹਾ ਕਾਰਨ- WHO ਨੇ ਪ੍ਰਗਟਾਈ ਚਿੰਤਾ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਦੇ ਚਲਦੇ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਆਰਥਿਕ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਦਾ ਦੌਰ ਚੱਲ ਰਿਹਾ ਹੈ ਉੱਥੇ ਲੋਕਾਂ ਨੂੰ ਮਾਨਸਿਕ ਸਿਹਤ ਨੂੰ ਲੈ ਕੇ ਵੀ ਮੁਸ਼ਕਿਲਾਂ ਝੇਲਣੀਆਂ ਪੈ ਰਹੀਆਂ ਹਨ ।

ਕੋਰੋਨਾ ਕਾਰਨ ਕੇਵਲ ਇੱਕ ਦੇਸ਼ ਹੀ ਨਹੀਂ ਬਲਕਿ ਤਮਾਮ ਦੇਸ਼ਾਂ ਦੇ ਬਹੁਤ ਸਾਰੇ ਲੋਕਾਂ ਨੂੰ ਮਜਬੂਰੀਵੱਸ ਘਰ 'ਚ ਰਹਿਣਾ ਪੈ ਰਿਹਾ ਹੈ , ਜਿਸ ਕਾਰਨ ਲੋਕਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋਈ ਹੈ । ਦੱਸ ਦੇਈਏ ਕਿ ਅਮਰੀਕਾ 'ਚ ਕੋਰੋਨਾ ਕਾਰਨ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸੰਦਰਭ 'ਚ ਚਿੰਤਾ ਪ੍ਰਗਟਾਈ ਗਈ ਹੈ । WHO ਮੁਤਾਬਿਕ ਮਹਾਮਾਰੀ ਕਾਰਨ ਅਮਰੀਕਾ ਦੇ ਲੋਕਾਂ ਨੂੰ ਮਾਨਸਿਕ ਸਿਹਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

WHO ਦੀ ਖੇਤਰੀ ਨਿਰਦੇਸ਼ਕ ਅਨੁਸਾਰ ਕੋਰੋਨਾ ਮਹਾਮਾਰੀ ਦੇ ਚਲਦੇ ਅਮਰੀਕਾ 'ਚ 'ਮੈਂਟਲ ਹੈਲਥ' ਸੰਕਟ ਮੰਡਰਾਉਣ ਦਾ ਡਰ ਹੈ। ਤਕਰੀਬਨ 6 ਮਹੀਨੇ ਦੀ ਤਾਲਾਬੰਦੀ ਕਾਰਨ ਬਹੁਤੇ ਲੋਕ ਘਰਾਂ ਅੰਦਰ ਕੈਦ ਹਨ ਅਤੇ ਸਕੇ-ਸਬੰਧੀਆਂ , ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਤੋਂ ਦੂਰੀ ਹੋ ਜਾਣ ਕਾਰਨ ਇੱਕਲੇ ਮਹਿਸੂਸ ਕਰ ਰਹੇ ਹਨ , ਸਮਾਜਿਕ ਦੂਰੀਆਂ ਅਤੇ ਘਰ ਦੀ ਕੈਦ 'ਚ ਘਿਰੇ ਲੋਕਾਂ ਦੀ ਮਾਨਸਿਕ ਦਸ਼ਾ ਨੂੰ ਖ਼ਤਰਾ ਹੈ । ਦੂਸਰੇ ਪਾਸੇ ਖੁਦ ਨੂੰ ਸ਼ਾਂਤ ਕਰਨ ਦੇ ਚੱਕਰ 'ਚ ਅਲਕੋਹਲ ਅਤੇ ਨਸ਼ੇ ਆਦਿ ਨਾਲ ਤਣਾਅ ਪੂਰਨ ਆਲਮ ਹੋਰ ਤੰਗ ਪ੍ਰਭਾਵ ਫੈਲਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਸਿਰਫ ਮਾਨਸਿਕ ਪ੍ਰੇਸ਼ਾਨੀ ਹੀ ਨਹੀਂ ਬਲਕਿ ਘਰੇਲੂ ਕਲੇਸ਼ ਅਤੇ ਆਰਥਿਕ ਮੁਸੀਬਤ ਝੱਲ ਰਹੇ ਪਰਿਵਾਰਾਂ ਦੀ ਖਿੱਚੋਤਾਣ ਵੀ ਕੋਰੋਨਾ ਮਹਾਮਾਰੀ ਦੀ ਗੰਭੀਰ ਉਪਜ ਹੈ , ਜਿਸ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ । ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਖੇਤਰੀ ਨਿਰਦੇਸ਼ਕ ਕੈਰਿਸਾ ਇਟੀਅਨ ਨੇ ਵਾਸ਼ਿੰਗਟਨ 'ਚ ਪੈਨ ਅਮਰੀਕੀ ਸਿਹਤ ਸੰਗਠਨ ਤੋਂ ਇਕ ਵਰਚੁਅਲ ਵੀਡੀਓ ਕਾਨਫਰੰਸਿੰਗ 'ਚ ਕਿਹਾ ਕਿ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧਾ ਵੀ ਮਹਾਮਾਰੀ ਨਾਲ ਜੁੜੀ ਇਕ ਸਬੰਧਿਤ ਸਮੱਸਿਆ ਬਣ ਕੇ ਆਈ ਹੈ। ਅਜਿਹੀ ਸਥਿਤੀ 'ਚ ਅਮਰੀਕਾ 'ਚ ਵੱਡੀ ਤਾਦਾਦ 'ਚ ਲੋਕਾਂ ਦੀ ਮਾਨਸਿਕ ਸਿਹਤ ਨੂੰ ਵੱਡਾ ਧੱਕਾ ਲੱਗਾ ਹੈ ।

ਉਹਨਾਂ ਕਿਹਾ, “ਕੋਵਿਡ -19 ਮਹਾਂਮਾਰੀ ਸਾਡੇ ਖੇਤਰ ਵਿਚ ਇਕ ਮਾਨਸਿਕ ਸਿਹਤ ਸੰਕਟ ਦਾ ਕਾਰਨ ਬਣ ਗਈ ਹੈ , ਜਿਸ ਨੂੰ ਅਸੀਂ ਪਹਿਲਾਂ ਇੱਥੇ ਕਦੇ ਨਹੀਂ ਵੇਖਿਆ ਗਿਆ ।” “ਇਹ ਬਹੁਤ ਜ਼ਰੂਰੀ ਹੈ ਕਿ ਮਾਨਸਿਕ ਸਿਹਤ ਸਹਾਇਤਾ ਨੂੰ ਅਹਿਮ ਜਾਣ ਕੇ ਇਸ ਸਬੰਧੀ ਵੀ ਉਪਰਾਲੇ ਕੀਤੇ ਜਾਣ । ਉਹਨਾਂ ਸਥਾਨਿਕ ਸਰਕਾਰਾਂ ਨੂੰ ਮਹਾਂਮਾਰੀ ਪ੍ਰਤੀ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਮਾਨਸਿਕ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਅਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਦੀ ਮੰਗ ਕੀਤੀ।

Who ਦੀ ਅਮਰੀਕਾ ਪ੍ਰਤੀ ਚਿੰਤਾ ਸੁਭਾਵਿਕ ਹੈ, ਪਰ ਇਹ ਸਮੱਸਿਆ ਕੇਵਲ ਇੱਕ ਦੇਸ਼ ਦੀ ਨਹੀਂ ਬਲਕਿ ਬਹੁਤ ਥਾਵਾਂ 'ਤੇ ਕੋਰੋਨਾ ਮਹਾਂਮਾਰੀ ਕਾਰਨ ਮਾਨਸਿਕ ਸਿਹਤ ਨਾਲ ਸਬੰਧਿਤ ਪਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਹਨ। ਫ਼ਿਲਹਾਲ ਦੇਖਦੇ ਹਾਂ ਅੱਗੇ ਜਾ ਕੇ ਦੇਸ਼ਾਂ ਦੀਆਂ ਸਰਕਾਰਾਂ ਇਸ ਪਰੇਸ਼ਾਨੀ ਨਾਲ ਕਿਵੇਂ ਨਿਪਟਦੀਆਂ ਹਨ।

Related Post