ਯੂਕਰੇਨ 'ਚ ਫਸੇ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਦਾ 10 ਦਿਨਾਂ ਤੋਂ ਪਰਿਵਾਰ ਨਾਲੋਂ ਟੁੱਟਿਆ ਸੰਪਰਕ

By  Jasmeet Singh March 8th 2022 02:42 PM

ਫਰੀਦਕੋਟ, 8 ਮਾਰਚ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੁਆਰੇਆਣਾਂ ਦੇ ਨੌਜਵਾਨ ਜੋ ਪੜ੍ਹਾਈ ਲਈ ਯੂਕਰੇਨ ਗਿਆ ਸੀ ਅਤੇ ਹੁਣ ਉਸ ਨੂੰ ਉਥੋਂ ਦੀ ਸਿਟੀਜਨਸ਼ਿਪ ਵੀ ਮਿਲ ਚੁੱਕੀ ਸੀ, ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਉਥੇ ਫਸ ਗਿਆ ਸੀ। ਉਹ ਯੂਕਰੇਨ ਤੋਂ ਭਾਰਤ ਲਈ ਰਵਾਨਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਨਾਂ ਤਾਂ ਘਰ ਪਹੁੰਚਿਆ ਅਤੇ ਨਾਂ ਹੀ ਬੀਤੇ ਕਰੀਬ 10 ਦਿਨਾਂ ਤੋਂ ਉਸ ਨਾਲ ਕੋਈ ਸੰਪਰਕ ਹੋ ਪਾਇਆ।

ਇਹ ਵੀ ਪੜ੍ਹੋ: ਯੂਕਰੇਨ ਨੂੰ ਵਿਸ਼ਵ ਬੈਂਕ ਵੱਲੋਂ $723 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਹੋਈ ਮਨਜ਼ੂਰ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੁਆਰੇਆਨਾ ਦੇ ਦੋ ਨੌਜਵਾਨ ਸਰਬਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ ਜੋ ਕਿ ਰੂਸ ਦੇ ਨਾਲ ਚੱਲ ਰਹੀ ਲੜਾਈ ਦੇ ਕਾਰਨ ਪੈਦਾ ਹੋਏ ਹਾਲਾਤ ਦੇ ਚਲਦੇ ਉਥੇ ਹੀ ਫਸ ਗਏ ਸਨ। ਹਾਲਾਤ ਖ਼ਰਾਬ ਹੋਣ ਦੇ ਬਾਅਦ ਦੋਵੇਂ ਨੌਜਵਾਨਾਂ ਦੇ ਵੱਲੋਂ ਪਰਿਵਾਰ ਦੇ ਨਾਲ ਹਰ ਰੋਜ ਫੋਨ ਤੇ ਗੱਲਬਾਤ ਵੀ ਕੀਤੀ ਜਾ ਰਹੀ ਸੀ ਪਰ ਇਹਨਾਂ ਵਿਚੋਂ ਸਰਬਜੋਤ ਸਿੰਘ ਦਾ ਪਿਛਲੇ 10 ਦਿਨ ਤੋਂ ਪਰਿਵਾਰ ਦੇ ਨਾਲੋਂ ਸੰਪਰਕ ਟੁੱਟ ਚੁੱਕਿਆ ਹੈ, ਜਿਸਦੇ ਕਾਰਨ ਪਰਿਵਾਰ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਦੂਜਾ ਨੌਜਵਾਨ ਮਨਪ੍ਰੀਤ ਭਾਰਤ ਵਾਪਸ ਪਰਤ ਚੁੱਕਿਆ ਹੈ ਪਰ ਸਰਬਜੋਤ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਸਰਬਜੋਤ ਸਿੰਘ ਦੇ ਚਾਚੇ ਲਖਬੀਰ ਸਿੰਘ ਨੇ ਕਿਹਾ ਕਿ ਸਰਬਜੋਤ ਦੇ ਨਾਲ ਸੰਪਰਕ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਰਹੀ ਹੈ। ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦੇ ਬਾਰੇ ਵਿੱਚ ਪਤਾ ਲਗਾਇਆ ਜਾਵੇ ਕਿ ਆਖਿਰਕਾਰ ਉਹ ਹੈ ਕਿੱਥੇ।

ਇਸ ਮੌਕੇ ਪਿੰਡ ਦੇ ਪਟਵਾਰੀ ਪਾਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੀ ਹਿਦਾਇਤ ਤੇ ਉਹ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਸਾਰੀ ਜਾਣਕਾਰੀ ਲੈ ਕੇ ਐਸਡੀਐਮ ਅਤੇ ਡੀਸੀ ਦੇ ਮਾਧਿਅਮ ਨਾਲ ਸਰਕਾਰ ਨੂੰ ਭੇਜੀ ਜਾ ਰਹੀ ਹੈ ਤਾਂਕਿ ਸਰਬਜੋਤ ਦੀ ਖੋਜ ਖ਼ਬਰ ਮਿਲ ਸਕੇ।

ਇਹ ਵੀ ਪੜ੍ਹੋ: Russian Ukraine war: ਯੂਕਰੇਨ ਤੋਂ ਤਿੰਨ ਵਿਦਿਆਰਥੀ ਅੰਮ੍ਰਿਤਸਰ ਪਰਤੇ, ਦੱਸੀ ਉੱਥੇ ਦੀ ਸਥਿਤੀ

ਉਥੇ ਹੀ ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਨੇ ਮੰਗਲਵਾਰ ਨੂੰ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਦੌਰਾਨ ਕੀਵ, ਚੇਰਨੀਹਿਵ, ਸੁਮੀ, ਖਾਰਕੀਵ ਅਤੇ ਮਾਰੀਉਪੋਲ ਸ਼ਹਿਰਾਂ ਵਿੱਚ ਮਾਨਵਤਾਵਾਦੀ ਗਲਿਆਰੇ ਪ੍ਰਦਾਨ ਕਰਨ ਲਈ ਸਵੇਰੇ 10 ਵਜੇ (ਮਾਸਕੋ ਸਮੇਂ) ਤੋਂ ਗੋਲੀਬੰਦੀ ਦੀ ਘੋਸ਼ਣਾ ਕੀਤੀ ਹੈ।

-PTC News

Related Post