Takht Sachkhand Sri Hazur Sahib: ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਦੇ ਆਦੇਸ਼ ਅਨੁਸਾਰ ਅੱਜ ਇੱਕ ਵਿਸ਼ੇਸ਼ ਡੇਲੀਗੇਸ਼ਨ ਰੇਲਵੇ ਵਿਭਾਗ ਦੀ ਡੀ.ਆਰ.ਐਮ. ਮੈਡਮ ਨੀਤੀ ਸਰਕਾਰ ਨੂੰ ਮਿਲਿਆ ਤੇ ਮੰਗ ਕੀਤੀ ਕਿ ਸੱਚਖੰਡ ਐਕਸਪ੍ਰੈਸ ਤੇ ਪੰਜਾਬ ਤੋਂ ਹੋਰ ਆ ਰਹੀਆਂ ਰੇਲ ਗੱਡੀਆਂ ਦੇ ਦੇਰੀ ਨਾਲ ਪੁੱਜਣ ਅਤੇ ਰਵਾਨਾ ਹੋਣ ਦੇ ਸਮੇਂ ਬਾਰੇ ਸੰਗਤਾਂ ਨੂੰ ਸਮੇਂ ਸਿਰ ਜਾਣਕਾਰੀ ਨਾ ਮਿਲਣ ਕਾਰਨ ਬਹੁਤ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹਲ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿਹੜੀ ਵੀ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਵਾਨਾ ਹੁੰਦੀ ਹੈ ਉਸਦੇ ਰਵਾਨਗੀ ਦੇ ਸਹੀ ਟਾਈਮ ਬਾਰੇ ਸੰਬੰਧਤ ਯਾਤਰੀਆਂ ਨੂੰ ਮੈਸੇਜ ਭੇਜ ਕੇ ਅਗਾਉਂ ਸੂਚਿਤ ਕੀਤਾ ਜਾਵੇ, ਕਿਉਂਕਿ ਗਰਮੀ ਦਾ ਮੌਸਮ ਹੋਣ ਕਾਰਨ ਰੇਲਵੇ ਸਟੇਸ਼ਨ 'ਤੇ ਚਾਰ-ਪੰਜ ਘੰਟੇ ਗੱਡੀ ਦਾ ਇੰਤਜਾਰ ਕਰਨਾ ਯਾਤਰੂਆਂ ਲਈ ਬਹੁਤ ਮੁਸ਼ਕਲਾਂ ਪੈਦਾ ਕਰਦਾ ਹੈ।ਜੋ ਟ੍ਰੇਨਾਂ ਨਿਰਧਾਰਤ ਸਮੇਂ ਤੋਂ ਲੇਟ ਚੱਲਦੀਆਂ ਹਨ ਅਤੇ ਰਸਤੇ ਵਿੱਚ ਥਾਂ ਥਾਂ ਰੁਕਣ ਕਾਰਨ ਹੋਰ ਵੀ ਲੇਟ ਹੋ ਜਾਂਦੀਆਂ ਹਨ ਤਾਂ ਡੱਬਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਜਿਸ ਤੋਂ ਸੰਗਤਾਂ ਦੀਆਂ ਦਿਕਤਾਂ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ । ਵਫਦ ਨੇ ਮੰਗ ਕੀਤੀ ਕਿ ਸੰਗਤਾਂ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਤੁਰੰਤ ਹਲ ਕੀਤਾ ਜਾਵੇ ਜਿਸ ਤੇ ਡੀ.ਆਰ.ਐਮ. ਮੈਡਮ ਨੀਤੀ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਕਿਹਾ ਕਿ ਸੰਗਤਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਨੂੰ ਵੀ ਬੜਾ ਖੇਦ ਹੈ ਅਤੇ ਕਈ ਜਗ੍ਹਾ ਟ੍ਰੈਕ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਔਕੜਾਂ ਦਾ ਸਮਾਧਾਨ ਕਰਨ ਲਈ ਰੇਲਵੇ ਵਿਭਾਗ ਵਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ ।ਜਸਵੰਤ ਸਿੰਘ ਬੌਬੀ ਦਿੱਲੀ ਨੇ ਇਹ ਵੀ ਜਾਣਕਾਰੀ ਦਿਤੀ ਕਿ ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਜਲਦੀ ਹੀ ਕੇਂਦਰੀ ਰੇਲਵੇ ਮੰਤਰੀ ਅਤੇ ਰੇਲਵੇ ਉੱਚ ਅਧਿਕਾਰੀਆਂ ਨਾਲ ਇਸ ਮਸਲੇ ਸੰਬੰਧੀ ਮੁਲਾਕਾਤ ਕਰਨਗੇ। ਇਸ ਵਿਸ਼ੇਸ਼ ਵਫਦ ਵਿੱਚ ਗੁਰਦੁਆਰਾ ਬੋਰਡ ਦੇ ਸਾਬਕਾ ਮੈਂਬਰ ਸਾਹਿਬਾਨ, ਸੁਪਰਡੈਂਟ ਅਤੇ ਪਤਵੰਤੇ ਸੱਜਣ ਸ਼ਾਮਿਲ ਹੋਏ ।