Mukhwak Sachkhand Sri Harmandir Sahib, Sri Darbar Sahib Amritsar - 03-08-2023
ਧਨਾਸਰੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥
ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥
ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥
ਵੀਰਵਾਰ, ੧੯ ਸਾਵਣ (ਸੰਮਤ ੫੫੫ ਨਾਨਕਸ਼ਾਹੀ) ੩ ਅਗਸਤ, ੨੦੨੩ - ਅੰਗ: ੬੭੮
ਪੰਜਾਬੀ ਵਿਆਖਿਆ:
ਧਨਾਸਰੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ॥
ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ, ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ।ਰਹਾਉ।ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ । (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ । ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ—ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ।੧। ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ । ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ । ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ । ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ।੨।ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ । ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ।੩।੧।੨੯।
English Translation:
DHANAASAREE, FIFTH MEHL, SIXTH HOUSE:
ONE UNIVERSAL CREATOR GOD. BY THE GRACE OF THE TRUE GURU:
Listen, O Dear Beloved Saints, to my prayer. Without the Lord, no one is liberated. || Pause || O mind, do only deeds of purity; the Lord is the only boat to carry you across. Other entanglements shall be of no use to you. True living is serving the Divine, Supreme Lord God; the Guru has imparted this teaching to me. || 1 || Do not fall in love with trivial things; in the end, they shall not go along with you. Worship and adore the Lord with your mind and body, O Beloved Saint of the Lord; in the Saadh Sangat, the Company of the Holy, you shall be released from bondage. || 2 || In your heart, hold fast to the Sanctuary of the lotus feet of the Supreme Lord God; do not place your hopes in any other support. He alone is a devotee, spiritually wise, a meditator, and a penitent, O Nanak, who is blessed by the Lord’s Mercy. || 3 || 1 || 29 ||
Thursday, 19th Saawan (Samvat 555 Nanakshahi) 3rd August 2023 - Page: 678