Motivational Story : ਜਜ਼ਬੇ ਨੂੰ ਸਲਾਮ! 17 ਸਾਲਾ ਸਿੱਖ ਨੌਜਵਾਨ ਨੇ ਸਕੇਟਿੰਗ ਰਾਹੀਂ ਕੀਤੀ 750KM ਦੀ ਧਾਰਮਿਕ ਯਾਤਰਾ, ਸ੍ਰੀ ਹੇਮਕੁੰਡ ਸਾਹਿਬ ਮੱਥਾ ਟੇਕ ਪਰਤਿਆ
Motivational Story : ਪੰਜਾਬ ਵਿੱਚ ਹੁਨਰ ਦੀ ਕੋਈ ਘਾਟ ਨਹੀਂ, ਜੇਕਰ ਨੌਜਵਾਨਾਂ ਨੂੰ ਪਲੇਟਫਾਰਮ ਮਿਲ ਜਾਵੇ ਤੇ ਬਹੁਤ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ। ਕਿਉ ਕਿ ਪੰਜਾਬ ਨੂੰ ਹੀਰਿਆਂ ਦੀ ਖਾਣ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ। ਅਜੋਕੇ ਸਮੇਂ ਵਿੱਚ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਜਿਹੇ ਸਮੇਂ ਵਿੱਚ ਉਸ ਨੌਜਵਾਨ ਦੇ ਰੂਬਰੂ ਕਰਾਉਂਦੇ ਹਾਂ ਕਿ ਜੋ ਵਿਲੱਖਣ ਢੰਗ ਦੇ ਨਾਲ ਸ੍ਰੀ ਹੇਮਕੁੰਡ ਸਾਹਿਬ ਵਿਖੇ ਨਤਮਸਤਕ ਹੁਣ ਉਪਰੰਤ ਸੁਲਤਾਨਪੁਰ ਲੋਧੀ (Sultanpur Lodhi News) ਵਾਪਸ ਪਰਤਿਆ ਹੈ।
ਸਕੇਟਿੰਗ ਰਾਹੀਂ ਕੀਤੀ 750 ਕਿਲੋਮੀਟਰ ਯਾਤਰਾ
ਖਾਸ ਗੱਲ ਇਹ ਹੈ ਕਿ ਨੌਜਵਾਨ 750 ਕਿਲੋਮੀਟਰ ਸਕੇਟਿੰਗ ਕਰਦਿਆਂ ਹੋਇਆ ਜਿਹੜਾ ਇਥੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ 4 ਜੂਨ 2025 ਨੂੰ ਰਵਾਨਾ ਹੋਇਆ ਸੀ ਤੇ ਆਪਣੀ ਅਨੋਖੀ ਧਾਰਮਿਕ ਯਾਤਰਾ 17 ਦਿਨਾਂ ਦਾ ਸਫ਼ਰ ਤੈਅ ਕਰਨ ਮਗਰੋਂ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਕੇ ਮੁਕੰਮਲ ਕੀਤੀ। ਅੱਜ ਵਾਪਸੀ ਕਰਕੇ ਉਹ ਮੁੜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਇਆ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ: ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਪੁਨੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
17 ਸਾਲਾ ਦੀ ਉਮਰ 'ਚ ਮਾਰਿਆ ਮਾਅਰਕਾ
ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਕਈ ਧਾਰਮਿਕ ਯਾਤਰਾਵਾਂ ਇਸੇ ਤਰ੍ਹਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਉਸ ਵੱਲੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਕਰਕੇ ਅੰਮ੍ਰਿਤ ਛਕਿਆ ਗਿਆ ਸੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਗਈ ਹੈ। ਇਸ ਨੌਜਵਾਨ ਦਾ ਨਾਮ ਪੁਨੀਤ ਸਿੰਘ ਹੈ ਉਮਰ ਮਹਿਜ਼ 17 ਸਾਲ ਹੈ ਤੇ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਇੱਕ ਛੋਟੇ ਜਿਹੇ ਪਿੰਡ ਝੱਲ ਲਈ ਵਾਲਾ ਦਾ ਰਹਿਣ ਵਾਲਾ ਹੈ।
ਪਹਿਲਾਂ ਵੀ ਸਕੇਟਿੰਗ ਰਾਹੀਂ ਕਰ ਚੁੱਕਿਆ ਹੈ ਧਾਰਿਮਕ ਯਾਤਰਾਵਾਂ
ਇਸ ਛੋਟੀ ਜਿਹੀ ਉਮਰ ਵਿੱਚ ਇਹ ਪ੍ਰਾਪਤੀ ਲਈ ਉਸਨੇ ਬੇਹਦ ਸੰਘਰਸ਼ ਕੀਤਾ ਹੈ। ਗੱਲਬਾਤ ਕਰਦਿਆਂ ਹੋਇਆਂ ਪੁਨੀਤ ਸਿੰਘ ਨੂੰ ਦੱਸਿਆ ਕਿ ਕਿ ਉਹ ਖੁਦ ਨੂੰ ਬੇਹਦ ਖੁਸ਼ਨਸੀਬ ਮਹਿਸੂਸ ਕਰ ਰਿਹਾ ਹੈ ਕਿ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਯਾਤਰਾ ਨੂੰ ਪੂਰਾ ਕੀਤਾ ਹੈ। ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਹੀ ਉਸਨੇ ਆਪਣੀ ਯਾਤਰਾ ਨੂੰ ਪ੍ਰਾਰੰਭ ਕੀਤਾ ਸੀ। ਉਸਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਕੇਟਿੰਗ ਹੋਇਆ ਧਾਰਮਿਕ ਯਾਤਰਾਵਾਂ ਕਰ ਚੁੱਕਿਆ ਹੈ।
ਯਾਤਰਾ ਦੌਰਾਨ 20 ਕਿੱਲੋ ਭਾਰੀ ਬੈਗ ਰੱਖਦਾ ਹੈ ਨਾਲ
ਹੁਣ ਉਸ ਦੇ ਮਨ ਵਿੱਚ ਸੀ ਕਿ ਕੁਝ ਵੱਡਾ ਕੀਤਾ ਜਾਵੇ ਤਾਂ ਇਹ ਉਸਨੇ ਸਕੇਟਿੰਗ ਕਰਦਿਆਂ ਹੋਇਆਂ ਸ੍ਰੀ ਹੇਮਕੁੰਡ ਸਾਹਿਬ ਜਾਣ ਦਾ ਫੈਸਲਾ ਲਿਆ। ਅਸੀਂ ਯਾਤਰਾ ਦੌਰਾਨ ਉਸਨੇ ਬੇਹਦ ਕਠਿਨਾਈਆਂ ਦਾ ਸਾਹਮਣਾ ਕੀਤਾ। ਉੱਚਿਆਂ ਪਹਾੜਾਂ ਅਤੇ ਖਰਾਬ ਰਸਤਿਆਂ ਦਾ ਵੀ ਟਾਕਰਾ ਕੀਤਾ। ਉਸਨੇ ਦੱਸਿਆ ਕਿ ਉਹ ਆਪਣੇ ਇੱਕ 20 ਕਿੱਲੋ ਦਾ ਬੈਗ ਵੀ ਰੱਖਦਾ ਸੀ, ਜਿਸ ਵਿੱਚ ਉਹ ਆਪਣਾ ਖਾਣ ਪੀਣ ਦਾ ਸਮਾਨ ਅਤੇ ਰਾਤ ਸਮੇਂ ਕੈਂਪਿੰਗ ਕਰਨ ਦਾ ਸਮਾਨ ਨਾ ਲਿਜਾਂਦਾ ਸੀ।
ਹੋਰਨਾਂ ਬੱਚਿਆਂ ਨੂੰ ਵੀ ਸਕੇਟਿੰਗ ਦੀ ਟ੍ਰੇਨਿੰਗ ਦੇਣਾ ਹੈ ਸੁਪਨਾ
ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਸ ਨੇ ਦੱਸਿਆ ਕਿ ਉਸ ਦੀ ਮਾਤਾ ਇਸ ਦੁਨੀਆਂ ਵਿੱਚ ਨਹੀਂ ਹੈ ਆਪਾਂ ਉਸ ਦੇ ਦਾਦਾ ਦਾਦੀ ਨੇ ਉਸਨੂੰ ਪਾਲਿਆ ਹੈ ਅਤੇ ਉਸਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਹੈ। ਇਸ ਦੇ ਬਾਵਜੂਦ ਉਸ ਦਾ ਪਰਿਵਾਰ ਉਸਨੂੰ ਇਸ ਕਾਰਜ ਵਿੱਚ ਖੂਬ ਉਤਸਾਹਿਤ ਕਰਦਾ ਹੈ। ਪੁਨੀਤ ਨੇ ਅੱਗੇ ਦੱਸਿਆ ਕਿ ਉਸ ਦਾ ਸੁਫਨਾ ਹੈ ਕਿ ਉਹ ਸਰਕਾਰੀ ਨੌਕਰੀ ਹਾਸਲ ਕਰੇ ਅਤੇ ਹੋਰ ਬੱਚਿਆਂ ਨੂੰ ਵੀ ਸਕੇਟਿੰਗ ਦੀ ਟ੍ਰੇਨਿੰਗ ਦੇਵੇ। ਉਸਨੇ ਦੱਸਿਆ ਕਿ ਉਹ ਫਿਲਹਾਲ ਇਲਾਕੇ ਦੇ ਇੱਕਾ ਦੁੱਕਾ ਨਿਜੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੇਟਿੰਗ ਦੀ ਟ੍ਰੇਨਿੰਗ ਦੇ ਰਿਹਾ ਹੈ।
ਹੁਣ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਕਿ ਉਹ ਇਸ ਲੋੜਵੰਦ ਅਤੇ ਨੌਜਵਾਨ ਦੀ ਬਾਂਹ ਫੜੇ ਅਤੇ ਇਸ ਨੂੰ ਹੋਰ ਉਤਸਾਹਿਤ ਕਰੇ।
- PTC NEWS