Faridkot News : ਹਾਲੇ ਤੱਕ ਜਲ ਪ੍ਰਵਾਹ ਨਹੀਂ ਕੀਤੀਆਂ ਅਗਨੀਵੀਰ ਅਕਾਸ਼ਦੀਪ ਦੀਆਂ ਅਸਥੀਆਂ , ਪਰਿਵਾਰ ਨੇ ਸ਼ਹੀਦ ਦਾ ਦਰਜਾ ਦੇਣ ਦੀ ਕੀਤੀ ਮੰਗ
Faridkot News : ਫਰੀਦਕੋਟ ਦੇ ਪਿੰਡ ਕੋਠੇ ਚਹਿਲ ਦੇ ਅਗਨੀਵੀਰ ਅਕਾਸ਼ਦੀਪ ਸਿੰਘ (20) ਦੀ 14 ਮਈ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਨਮਾਨ ਨਾਲ ਕੀਤਾ ਗਿਆ ਤੇ ਅੰਤਿਮ ਅਰਦਾਸ ਵੀ ਹੋ ਚੁੱਕੀ ਹੈ ਪਰ ਪਰਿਵਾਰ ਨੇ ਅਗਨੀਵੀਰ ਦੀਆਂ ਅਸਥੀਆਂ ਅਜੇ ਤੱਕ ਵੀ ਜਲ ਪ੍ਰਵਾਹ ਨਹੀਂ ਕੀਤੀਆਂ ਗਈਆਂ ਹਨ।
ਪਰਿਵਾਰ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪੁੱਤਰ ਦੀ ਮੌਤ ਦਾ ਕਾਰਨ ਦੱਸਿਆ ਜਾਵੇ। ਅਗਨੀਵੀਰ ਆਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀਆਂ ਅਸਥੀਆਂ ਨੂੰ ਦੇਖ ਕੇ ਹਰ ਰੋਜ਼ ਮਰ ਰਿਹਾ ਹੈ। ਪੁੱਤਰ ਦੀ ਮੌਤ ਦਾ ਕਾਰਨ ਜਾਣਨ ਅਤੇ ਉਸਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਾਬਕਾ ਸੈਨਿਕ ਸ਼ਿਕਾਇਤ ਸੈੱਲ ਦੀ ਮਦਦ ਨਾਲ ਫੌਜ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਹਰ ਰੋਜ਼ ਅਕਾਸ਼ਦੀਪ ਲਈ ਕਰਦੇ ਹਾਂ ਅਰਦਾਸ - ਪਰਿਵਾਰਕ ਮੈਂਬਰ
ਆਕਾਸ਼ਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਸ ਦੀਆਂ ਅਸਥੀਆਂ ਨੂੰ ਘਰ ਦੇ ਇੱਕ ਕਮਰੇ ਵਿੱਚ ਸੁਰੱਖਿਅਤ ਰੱਖਿਆ ਹੈ। ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਅਕਾਸ਼ਦੀਪ ਲਈ ਹਰ ਰੋਜ਼ ਗੁਰਦੁਆਰਾ ਸਾਹਿਬ ‘ਚ ਅਰਦਾਸ ਹੁੰਦੀ ਹੈ ਤੇ ਸ਼ਾਮ ਨੂੰ ਘਰ ‘ਚ ਉਨ੍ਹਾਂ ਦੀਆਂ ਅਸਥੀਆਂ ਕੋਲ ਪਾਠ ਕੀਤਾ ਜਾਂਦਾ ਹੈ। ਇਹ ਸਿਲਸਿਲਾ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲ ਜਾਂਦਾ। ਪੂਰਾ ਪਰਿਵਾਰ ਬੇਟੇ ਦੀਆਂ ਅਸਥੀਆਂ ਨੂੰ ਦੇਖ ਕੇ ਪਲ -ਪਲ ਮਰ ਰਿਹਾ ਹੈ। ਫੌਜ ਅਤੇ ਸਰਕਾਰ ਲਈ ਇੱਕੋ ਸਵਾਲ ਹੈ - ਮੇਰੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਕਦੋਂ ਮਿਲੇਗਾ?
ਦੱਸ ਦੇਈਏ ਕਿ 15 ਮਈ ਨੂੰ 20 ਸਾਲ ਦੇ ਅਗਨੀਵੀਰ ਦੇ ਤੌਰ ’ਤੇ ਭਰਤੀ ਹੋਏ ਨੌਜਵਾਨ ਦੀ ਸ਼੍ਰੀ ਨਗਰ ਬਾਰਡਰ ’ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। 16 ਮਈ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਪਰ ਹੁਣ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਤੇ ਪਰਿਵਾਰ ਵਾਲਿਆਂ ‘ਚ ਰੋਸ ਹੈ। ਹਾਲਾਂਕਿ, 25 ਮਈ ਨੂੰ ਅਕਾਸ਼ਦੀਪ ਦੀਆਂ ਅੰਤਿਮ ਰਸਮਾਂ ਪੂਰੀਆ ਕਰ ਦਿੱਤੀਆਂ ਗਈਆਂ ਤੇ ਪਾਠ ਦਾ ਭੋਗ ਵੀ ਪਾਇਆ ਗਿਆ। ਇਸ ਦੌਰਾਨ ਕਈ ਵੱਡੇ ਆਗੂ ਇਸ ਮੌਕੇ ‘ਤੇ ਪਹੁੰਚੇ ਸਨ, ਜਿਨ੍ਹਾਂ ‘ਚ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਸਨ।
- PTC NEWS