ਰੱਖੜੀ 'ਤੇ ਟਾਂਡਾ ਉੜਮੁੜ 'ਚ ਵਾਪਰਿਆ ਭਿਆਨਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ, ਮਚਿਆ ਚੀਕ-ਚਿਹਾੜਾ
Bus Accident in Tanda Urmur : ਰੱਖੜੀ ਦੇ ਤਿਉਹਾਰ 'ਤੇ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ 'ਚ ਭਿਆਨਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਬੱਸ 'ਚ ਸਵਾਰ ਕਈ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਪਿੰਡ ਝਿੰਗੜਾਂ ਨੇੜੇ ਇੱਕ ਨਿੱਜੀ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਵਿੱਚ ਵੱਡੀ ਗਿਣਤੀ ਵਿੱਚ ਸਵਾਰੀਆਂ ਸਵਾਰ ਸਨ ਅਤੇ ਇਹ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ। ਇਹ ਭਿਆਨਕ ਹਾਦਸੇ ਨਾਲ ਸਾਰੇ ਪਾਸੇ ਚੀਕ-ਚਿਹਾੜਾ ਮੱਚ ਗਿਆ। ਬੱਸ ਵਿਚ ਸਵਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮੌਕੇ ਉਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਦਸੂਹਾ ਤੋਂ ਜਲੰਧਰ ਆ ਰਹੀ ਸੀ, ਜੋ ਕਿ ਸਵਾਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ। ਇਸ ਦੌਰਾਨ ਜਦੋਂ ਇਹ ਬੱਸ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਝਿੰਗੜਾਂ ਨੇੜੇ ਪਹੁੰਚੀ ਤਾਂ ਪਲਟੀ ਗਈ। ਬੱਸ 'ਚ 35 ਤੋਂ 40 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ਵਿਚੋਂ ਕਈਆਂ ਦੇ ਸੱਟਾਂ ਵੱਜੀਆਂ। ਜ਼ਖ਼ਮੀ ਸਵਾਰੀਆਂ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਦਸੂਹਾ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਦਸੂਹਾ ਅਤੇ ਟਾਂਡਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਚੁੱਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਸਵਾਰੀਆਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਉਥੇ ਹੀ ਦੂਜੇ ਪਾਸੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀਆਂ ਐਂਬੂਲੈਂਸਾਂ ਵੀ ਬਚਾਅ ਕਾਰਜਾਂ ਵਿੱਚ ਜੁੱਟ ਗਈਆਂ ਹਨ। ਹਾਦਸੇ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- PTC NEWS