ਅੰਮ੍ਰਿਤਸਰ ’ਚ ਬੇਖ਼ੌਫ਼ ਚੋਰ, ਮੋਬਾਇਲ ਦੀ ਦੁਕਾਨ ’ਚ ਲੱਖਾਂ ਦੇ ਮੋਬਾਇਲ ਲੈ ਹੋਏ ਫ਼ਰਾਰ
ਅੰਮ੍ਰਿਤਸਰ: ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇਂ ਲਿਬਰਟੀ ਮਾਰਕਿਟ ਵਿੱਚ ਕੱਲ ਰਾਤ ਇੱਕ ਮੋਬਾਈਲ ਫ਼ੋਨ ਦੀ ਦੁਕਾਨ 'ਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ ਰਾਤ ਸਾਢੇ 11 ਵਜੇ ਦੇ ਕਰੀਬ ਦੋ ਨੌਜਵਾਨਾਂ ਵਲੋਂ ਦੁਕਾਨ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸ ਦਈਏ ਕਿ ਚੋਰਾਂ ਵੱਲੋਂ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵੀ ਤੋੜ ਦਿੱਤੇ ਗਏ ਅਤੇ ਦੁਕਾਨ ਅੰਦਰ ਦਾਖ਼ਿਲ ਹੋ ਕੇ ਮਹਿੰਗੇ ਮੋਬਾਇਲ ਅਤੇ ਕੁੱਝ ਨਕਦੀ ਲੈ ਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਗਏ।
ਉੱਥੇ ਹੀ ਮਾਰਕਿਟ ਦੇ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ 'ਤੇ ਸਰਕਾਰ ਦੇ ਖਿਲਾਫ਼ ਰੋਹ ਵੇਖਣ ਨੂੰ ਮਿਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਦਿਨ ਚੋਰੀ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਦਿਨ ਦਿਹਾੜੇ ਦੁਕਾਨਾਂ ਦੇ ਅੰਦਰ ਲੁੱਟਾਂ-ਖੋਹਾਂ ਵੀ ਸ਼ਰੇਆਮ ਹੋ ਰਹੀਆ ਹਨ। ਦੁਕਾਨਾਂ ਦੇ ਅੰਦਰ ਸਿੱਧਾ ਗੁੰਡਾਗ਼ਰਦੀ ਵੇਖਣ ਨੂੰ ਮਿਲਦੀ ਹੈ, ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਰਾਤ ਨੂੰ ਸਾਢੇ 11 ਵਜੇ ਦੋ ਨੌਜਵਾਨ ਵੀਰ ਦੀ ਹੱਟੀ ਮੋਬਾਈਲ ਫ਼ੋਨ ਦੀ ਦੁਕਾਨ ਦਾ ਕੈਮਰਾ ਤੋੜਕੇ ਅੰਦਰ ਦਾਖ਼ਿਲ ਹੋਏ 'ਤੇ ਫਿਰ ਦੁਕਾਨ ਦੀ ਬੈਕ ਸਾਈਡ ਤੋਂ ਛੱਤ ਦੇ ਉੱਪਰਲੇ ਪਾਸਿਓਂ ਬਾਰੀ ਤੋੜ ਕੇ ਅੰਦਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਸਿਰਫ ਮਹਿੰਗੇ ਫੋਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਸੀ, ਚੋਰੀ ਕੀਤੇ ਗਏ।
ਇਸ ਮੌਕੇ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੇ ਦੱਸਿਆ, "ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।"
- PTC NEWS