Amritsar ਦੇ ਕੋਟ ਖਾਲਸਾ 'ਚ ਦੇਰ ਰਾਤ ਚੱਲੀਆਂ ਗੋਲੀਆਂ; ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
Amritsar News : ਅੰਮ੍ਰਿਤਸਰ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੋਟ ਖਾਲਸਾ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਨਿਤਿਨ ਉਰਫ਼ "ਨੀਲੀ" ਵਜੋਂ ਹੋਈ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਪਹੁੰਚੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰੀਬ ਇੱਕ ਤੋਂ ਡੇਢ ਘੰਟਾ ਪਹਿਲਾਂ ਇਹ ਵਾਰਦਾਤ ਵਾਪਰੀ, ਜਿਸ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਨਿਤਿਨ ਉਰਫ਼ ਨੀਲੀ ਨੂੰ ਗੋਲੀਆਂ ਮਾਰੀਆਂ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏਡੀਸੀਪੀ ਨੇ ਦੱਸਿਆ ਕਿ ਪੁਲਿਸ ਦੀਆਂ ਸਾਰੀਆਂ ਟੀਮਾਂ ਮੌਕੇ 'ਤੇ ਪਹੁੰਚ ਚੁੱਕੀਆਂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਲੱਗ ਰਿਹਾ ਹੈ।
ਪੁਲਿਸ ਅਨੁਸਾਰ ਮ੍ਰਿਤਕ ਨਿਤਿਨ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ। ਕਰੀਬ ਅੱਠ-ਨੌ ਸਾਲ ਪਹਿਲਾਂ ਵੀ ਉਹ ਇੱਕ ਗੰਭੀਰ ਵਾਰਦਾਤ ਵਿੱਚ ਸ਼ਾਮਲ ਰਿਹਾ ਸੀ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਇਸ ਸਾਲ ਵੀ ਉਹ ਇੱਕ ਹੋਰ ਮਾਮਲੇ ਵਿੱਚ ਜੇਲ੍ਹ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਿਸ ਦਾ ਮੰਨਣਾ ਹੈ ਕਿ ਪੁਰਾਣੀ ਦੁਸ਼ਮਣੀ ਇਸ ਕਤਲ ਦਾ ਮੁੱਖ ਕਾਰਨ ਹੋ ਸਕਦੀ ਹੈ, ਹਾਲਾਂਕਿ ਹਰ ਪੱਖ ਤੋਂ ਜਾਂਚ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਆਪਣੀ ਭੈਣ ਵੱਲੋਂ ਕਿਰਾਏ 'ਤੇ ਲਏ ਘਰ ਵਿੱਚ ਰਹਿੰਦਾ ਸੀ। ਘਟਨਾ ਸਥਾਨ ਤੋਂ ਫੋਰੈਂਸਿਕ ਟੀਮ ਨੇ ਗੋਲੀਆਂ ਦੇ ਖੋਲ ਅਤੇ ਹੋਰ ਸਬੂਤ ਇਕੱਠੇ ਕਰ ਲਏ ਹਨ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਮ੍ਰਿਤਕ ਨੂੰ ਕਿੰਨੀਆਂ ਗੋਲੀਆਂ ਲੱਗੀਆਂ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਇਸ ਕਤਲ ਕਾਂਡ ਦਾ ਜਲਦ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਸਤਲੁਜ ਫਿਲਮ ਦੀ ਮੁੜ ਹੋਵੇਗੀ ਵਾਪਸੀ ! ZEE5 ਨੇ ਪਾਇਰੇਟਡ ਕਾਪੀਆਂ 'ਤੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ
- PTC NEWS