ਜਲੰਧਰ 'ਚ ਲੜਕੀ ਤੋਂ ਮੋਬਾਈਲ ਝਪਟਣ ਦੇ ਮਾਮਲੇ 'ਚ 5 ਸਾਲ ਬਾਅਦ ਮਿਲਿਆ ਇਨਸਾਫ, ਜਾਣੋ ਪੂਰਾ ਮਾਮਲਾ
ਲੜਕੀ ਤੋਂ ਮੋਬਾਈਲ ਝਪਟਣ ਦੇ ਮਾਮਲੇ 'ਚ 5 ਸਾਲ ਬਾਅਦ ਇਨਸਾਫ : ਜਲੰਧਰ ਦੀ 15 ਸਾਲਾਂ ਲੜਕੀ ਤੋਂ ਮੋਬਾਈਲ ਖੋਹ ਕੇ ਭੱਜਣ ਅਤੇ ਇਸ ਦੌਰਾਨ ਉਕਤ ਲੜਕੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਹੁਣ ਜਲੰਧਰ ਦੀ ਅਦਾਲਤ ਵਲੋਂ ਦੋਵੇਂ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਹ ਵਾਰਦਾਤ 30 ਅਗਸਤ 2020 ਦੀ ਹੈ। ਲਾਲਾ ਜਗਤ ਨਾਰਾਇਣ ਡੀ.ਏ.ਵੀ. ਮਾਡਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਕੁਸੁਮ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ। ਦੀਨ ਦਿਆਲ ਉਪਾਧਿਆਏ ਨਗਰ ਵਿੱਚ ਸ਼ਿਵਜੋਤੀ ਪਾਰਕ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਕੁਸੁਮ ਨੇ ਬਹਾਦਰੀ ਦਿਖਾਉਂਦਿਆਂ ਲੁਟੇਰੇ ਦਾ ਪਿੱਛਾ ਕੀਤਾ ਅਤੇ ਉਸ ਦੀ ਕਮੀਜ਼ ਫੜ ਲਈ। ਇਸ ਦੌਰਾਨ ਲੁਟੇਰੇ ਨੇ ਉਸ ਦੇ ਸਿਰ ’ਤੇ ਦਾਤ ਨਾਲ ਹਮਲਾ ਕਰ ਦਿੱਤਾ। ਆਪਣੇ ਬਚਾਅ ਲਈ ਜਦੋਂ ਕੁਸੁਮ ਨੇ ਖੱਬੀ ਬਾਂਹ ਅੱਗੇ ਕੀਤੀ ਤਾਂ ਉਸ ਦੀ ਗੁੱਟ ’ਤੇ ਡੂੰਘਾ ਜ਼ਖ਼ਮ ਹੋ ਗਿਆ, ਜਿਸ ਨਾਲ ਉਸ ਦੀਆਂ ਨਸਾਂ ਕੱਟੀਆਂ ਗਈਆਂ ਸਨ ਅਤੇ ਨਿੱਜੀ ਹਸਪਤਾਲ ਵਿੱਚ ਉਸ ਦਾ ਐਮਰਜੈਂਸੀ ਅਪਰੇਸ਼ਨ ਕਰਨਾ ਪਿਆ ਸੀ।
ਕੁਸੁਮ ਦੀ ਇਸ ਬਹਾਦਰੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਸਾਲ 2023 ਵਿੱਚ ‘ਰਾਸ਼ਟਰੀ ਬਹਾਦਰੀ ਪੁਰਸਕਾਰ’ ਨਾਲ ਨਵਾਜਿਆ ਗਿਆ ਸੀ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਦੀ ਸ਼ਲਾਘਾ ਕਰਦਿਆਂ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਸੀ। ਇਸ ਤੋਂ ਇਲਾਵਾ ਉਸ ਵੇਲੇ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ 50,000 ਰੁਪਏ ਅਤੇ ਇੱਕ ਨਵਾਂ ਫੋਨ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪੀ.ਏ.ਪੀ. ਫਲਾਈਓਵਰ ਹੇਠ ਉਸ ਦੀ ਗ੍ਰਾਫਿਟੀ ਬਣਵਾਈ ਸੀ ਅਤੇ ਉਸ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਵੀ ਬਣਾਇਆ ਗਿਆ ਸੀ।
ਇਸ ਮਾਮਲੇ 'ਚ ਹੁਣ ਜਲੰਧਰ ਦੀ ਵਾਧੂ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ ਮੋਬਾਈਲ ਖੋਹਣ ਦੌਰਾਨ ਸਕੂਲੀ ਲੜਕੀ ਅਤੇ ਸ਼ਹਿਰ ਦੀ ਬਹਾਦਰ ਧੀ ਕੁਸੁਮ ਕੁਮਾਰੀ (ਉਮਰ ਉਸ ਸਮੇਂ 15 ਸਾਲ) ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਦੋਵਾਂ ਦੋਸ਼ੀਆਂ ਅਵਿਨਾਸ਼ ਕੁਮਾਰ ਉਰਫ਼ ਆਸ਼ੂ ਅਤੇ ਵਿਨੋਦ ਕੁਮਾਰ ਉਰਫ਼ ਝਿੱਕਾ ਨੂੰ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 307 (ਇਰਾਦਾ-ਏ-ਕਤਲ) ਅਤੇ 379-ਬੀ (ਝਪਟਮਾਰੀ) ਤਹਿਤ ਦੋਸ਼ੀ ਠਹਿਰਾਇਆ ਹੈ। ਇਸ ਤੋਂ ਇਲਾਵਾ ਵਿਨੋਦ ਨੂੰ ਚੋਰੀ ਦਾ ਸਾਮਾਨ ਰੱਖਣ ਦੇ ਦੋਸ਼ ਹੇਠ ਧਾਰਾ 411 ਤਹਿਤ ਵੀ ਦੋਸ਼ੀ ਪਾਇਆ ਗਿਆ। ਅਦਾਲਤ ਨੇ ਦੋਵਾਂ ਦੋਸ਼ੀਆਂ ’ਤੇ ਧਾਰਾ 307 ਤਹਿਤ 50,000-50,000 ਰੁਪਏ ਅਤੇ ਧਾਰਾ 379-ਬੀ ਤਹਿਤ 20,000-20,000 ਰੁਪਏ ਦਾ ਜੁਰਮਾਨਾ ਲਾਇਆ ਹੈ। ਵਿਨੋਦ ਨੂੰ ਧਾਰਾ 411 ਤਹਿਤ ਵੱਖਰੇ ਤੌਰ ’ਤੇ ਦੋ ਸਾਲ ਦੀ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ।
ਅਦਾਲਤ ਨੇ ਪੀੜਤ ਕੁਸੁਮ ਅਤੇ ਮੌਕੇ ’ਤੇ ਮੌਜੂਦ ਦੋ ਗੁਆਂਢੀਆਂ ਦੇ ਬਿਆਨਾਂ ਸੀ.ਸੀ.ਟੀ.ਵੀ. ਫੋਟੋਆਂ, ਬਰਾਮਦ ਕੀਤੇ ਹਥਿਆਰ, ਮੋਟਰਸਾਈਕਲ ਅਤੇ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਆਧਾਰ ’ਤੇ ਦੋਵਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ।
- PTC NEWS