LPU protest: ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ, ਕੈਂਪਸ 'ਚ ਹੰਗਾਮਾ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੀ ਪੁਲਿਸ ਤਾਇਨਾਤ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਿਆ ਨਹੀਂ ਜਾ ਰਿਹਾ। ਉਨ੍ਹਾਂ ਦਾ ਦੋਸ਼ ਹੈ ਕਿ ਭੰਨ-ਤੋੜ ਵਿੱਚ ਸ਼ਾਮਲ ਲੋਕ ਬਾਹਰਲੇ (ਬਾਹਰੀ ਵਿਅਕਤੀ) ਸਨ, ਨਾਲ ਹੀ ਉਹ ਇਹ ਦਾਅਵਾ ਵੀ ਕਰ ਰਹੇ ਹਨ ਕਿ ਜਬਰ ਜਨਾਹ ਦੀ ਘਟਨਾ ਵਾਪਰੀ ਹੈ, ਪਰ ਯੂਨੀਵਰਸਿਟੀ ਪ੍ਰਬੰਧਨ ਇਸ ਮਾਮਲੇ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ।
ਵਿਦਿਆਰਥੀ ਇਹ ਵੀ ਦਾਅਵਾ ਕਰ ਰਹੇ ਹਨ ਕਿ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਉਸਦਾ ਪੋਸਟਮਾਰਟਮ ਕਰਵਾਇਆ ਗਿਆ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਦੇ ਬਾਵਜੂਦ ਪੁਲਿਸ ਅਤੇ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਉਨ੍ਹਾਂ ਦੇ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ ਗਿਆ।
ਵਿਦਿਆਰਥੀ ਐੱਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਅਨੁਸਾਰ, ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਐੱਫਆਈਆਰ ਪੋਸਟਮਾਰਟਮ ਰਿਪੋਰਟ ਅਤੇ ਉਪਲਬਧ ਸਬੂਤਾਂ ਦੇ ਆਧਾਰ 'ਤੇ ਹੀ ਦਰਜ ਕੀਤੀ ਜਾਵੇਗੀ।
ਵਿਦਿਆਰਥੀਆਂ ਦਾ ਇਹ ਵੀ ਦੋਸ਼ ਹੈ ਕਿ ਹੋਸਟਲ ਵਾਰਡਨ ਨੂੰ ਰਾਤੋ-ਰਾਤ ਬਦਲ ਦਿੱਤਾ ਗਿਆ, ਜਿਸ ਸਬੰਧੀ ਉਹ ਯੂਨੀਵਰਸਿਟੀ ਪ੍ਰਬੰਧਨ ਤੋਂ ਜਵਾਬ ਮੰਗ ਰਹੇ ਹਨ।
ਇਸ ਦੌਰਾਨ, ਪ੍ਰਬੰਧਨ ਵੱਲੋਂ ਵਿਦਿਆਰਥੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ ਲਈ ਅੱਗੇ ਆਉਣ ਦੀ ਕੋਈ ਖ਼ਬਰ ਨਹੀਂ ਹੈ। ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਬਾਹਰਲੇ ਲੋਕ ਕੈਂਪਸ ਅੰਦਰ ਦਾਖਲ ਹੋਏ ਅਤੇ ਭੰਨ-ਤੋੜ ਦੀਆਂ ਘਟਨਾਵਾਂ ਮਗਰੋਂ ਬਾਹਰ ਚਲੇ ਗਏ।
ਵਿਦਿਆਰਥੀ ਸਵਾਲ ਉਠਾ ਰਹੇ ਹਨ ਕਿ ਬਾਹਰਲੇ ਲੋਕ ਯੂਨੀਵਰਸਿਟੀ ਕੈਂਪਸ ਅੰਦਰ ਕਿਵੇਂ ਦਾਖਲ ਹੋ ਸਕਦੇ ਹਨ, ਜਦਕਿ ਉਨ੍ਹਾਂ ਅਨੁਸਾਰ ਯੂਨੀਵਰਸਿਟੀ ਦੀ ਸੁਰੱਖਿਆ ਸਖ਼ਤ ਹੈ ਅਤੇ ਬਾਹਰਲੇ ਲੋਕਾਂ ਨੂੰ ਆਮ ਤੌਰ 'ਤੇ ਖੁੱਲ੍ਹ ਕੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੁੰਦੀ।

ਕਪੂਰਥਲਾ/ਜਲੰਧਰ, 27 ਸਤੰਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ), Lovely Professional University, ਪੰਜਾਬ, ਵਿੱਚ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ (sexual assault) ਸਬੰਧੀ ਇੱਕ ਅਪੁਸ਼ਟ ਸੁਨੇਹਾ ਵਿਦਿਆਰਥੀਆਂ ਵਿਚਕਾਰ ਫੈਲਣ ਮਗਰੋਂ ਕੈਂਪਸ ਵਿੱਚ ਭਾਰੀ ਤਣਾਅ ਪੈਦਾ ਹੋ ਗਿਆ, ਜਿਸ ਨਾਲ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ।
ਮਿਲੀ ਜਾਣਕਾਰੀ ਅਨੁਸਾਰ, ਰਾਤ ਕਰੀਬ 2 ਵਜੇ ਸਥਿਤੀ ਵਿਗੜ ਗਈ, ਜਦੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਲੜਕੀਆਂ ਦੇ ਹੋਸਟਲ ਨੇੜੇ ਇਕੱਠੇ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕੈਂਪਸ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ ਖਿੜਕੀਆਂ ਦੇ ਸ਼ੀਸ਼ੇ ਅਤੇ ਸਾਈਨਬੋਰਡ ਟੁੱਟਣ ਦੀਆਂ ਘਟਨਾਵਾਂ ਸ਼ਾਮਲ ਹਨ। ਕੈਂਪਸ ਦੇ ਕੁਝ ਹਿੱਸਿਆਂ ਵਿੱਚ ਚੀਜ਼ਾਂ ਸੁੱਟਣ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ।
ਸਥਿਤੀ ਹੋਰ ਗੰਭੀਰ ਹੁੰਦੀ ਵੇਖ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਦੇ ਗੇਟਾਂ ਵੱਲ ਵਧੇ ਅਤੇ ਬਾਅਦ ਵਿੱਚ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਇਕੱਠੇ ਹੋ ਗਏ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਅਤੇ ਜਨਤਕ ਤੇ ਯੂਨੀਵਰਸਿਟੀ ਦੀ ਜਾਇਦਾਦ ਦੀ ਰਾਖੀ ਲਈ ਪੁਲਿਸ ਬਲ ਮੌਕੇ 'ਤੇ ਤਾਇਨਾਤ ਕੀਤਾ ਗਿਆ।
ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਖੁਦ ਮੌਕੇ 'ਤੇ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪੁਲਿਸ ਅਨੁਸਾਰ, ਇਹ ਹੰਗਾਮਾ ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਸਬੰਧੀ ਅਪੁਸ਼ਟ ਸੁਨੇਹੇ ਦੇ ਫੈਲਣ ਮਗਰੋਂ ਸ਼ੁਰੂ ਹੋਇਆ।
ਐੱਸਐੱਸਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਦੋਸ਼ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਸ਼ਾਂਤੀ ਬਹਾਲ ਕਰਨ ਦੇ ਯਤਨ ਜਾਰੀ ਹਨ।
ਪੁਲਿਸ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਆਉਣੀ ਸ਼ੁਰੂ ਹੋ ਗਈ ਹੈ ।
ਇਸ ਘਟਨਾਕ੍ਰਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਵੱਡੀ ਗਿਣਤੀ ਵਿੱਚ ਪੋਸਟਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਸਪੱਸ਼ਟੀਕਰਨ: ਜਬਰ ਜਨਾਹ ਦਾ ਦੋਸ਼ ਅਜੇ ਅਪੁਸ਼ਟ ਹੈ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਤੱਥਾਂ ਦੀ ਪੁਸ਼ਟੀ ਹੋਣ ਤੱਕ ਇਸ ਘਟਨਾ ਬਾਰੇ ਕੋਈ ਸਿੱਟਾ ਨਹੀਂ ਕੱਢਿਆ ਜਾਣਾ ਚਾਹੀਦਾ।
- PTC NEWS