ਲੁਧਿਆਣਾ 'ਚ ਤਾਰ-ਤਾਰ ਹੋਏ ਰਿਸ਼ਤੇ, ਨਾਮੀ ਹੋਟਲ ਦੇ ਮਾਲਕ 'ਤੇ ਭਤੀਜੀ ਨਾਲ ਜਬਰ-ਜਨਾਹ ਦਾ ਦੋਸ਼, ਕੇਸ ਦਰਜ
Crime against Children : ਲੁਧਿਆਣਾ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਰੂਹ ਕੰਬਾਊ ਘਟਨਾ ਵਾਪਰੀ ਹੈ। ਇੱਕ ਨਾਮੀ ਹੋਟਲ ਦੇ ਮਾਲਕ 'ਤੇ ਆਪਣੀ ਹੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਦਰਜ ਹੋਇਆ, ਜਿਸ ਤੋਂ ਬਾਅਦ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਮਾਮਲਾ ਲੁਧਿਆਣਾ ਦੇ ਥਾਣਾ ਕੋਤਵਾਲੀ ਅਧੀਨ ਰੇਲਵੇ ਸਟੇਸ਼ਨ ਰੋਡ ਦਾ ਹੈ, ਜਿੱਥੇ ਮੁਲਜ਼ਮ ਚਮਨ ਲਾਲ ਘਈ ਦਾ ਘਈ ਹੋਟਲ ਦੇ ਨਾਮ 'ਤੇ ਕੰਮ ਚਲਦਾ ਹੈ ਅਤੇ ਨਾਲ ਹੀ ਰੇਲਵੇ ਦੀਆਂ ਟਿਕਟਾਂ ਬੁੱਕ ਕਰਨ ਦਾ ਦਫਤਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ 10 ਅਕਤੂਬਰ ਨੂੰ ਉਸਦੇ ਤਾਏ ਚਮਨ ਲਾਲ ਘਈ ਨੇ ਉਸ ਨੂੰ ਇੱਕ ਸਿਵਲ ਕੇਸ ਦੀ ਗਵਾਹੀ ਦੇਣ ਲਈ ਕੋਰਟ ਕੰਪਲੈਕਸ ਬੁਲਾਇਆ ਸੀ। ਕੇਸ ਦੀ ਤਰੀਕ ਪੈਣ ਤੋਂ ਬਾਅਦ ਮੁਲਜ਼ਮ ਉਸ ਨੂੰ ਘਰ ਛੱਡਣ ਦੇ ਬਹਾਨੇ ਆਪਣੇ ਨਾਲ ਐਕਟਿਵਾ 'ਤੇ ਆਪਣੇ ਘਈ ਹੋਟਲ ਲੈ ਗਿਆ। ਜਿੱਥੇ ਹੋਟਲ ਵਿੱਚ ਬਣੇ ਆਪਣੇ ਦਫਤਰ ਲਿਜਾ ਕੇ ਉਸਨੂੰ ਆਪਣੇ ਹੱਕ ਵਿੱਚ ਗਵਾਹੀ ਦੇਣ ਲਈ ਧਮਕਾਉਣ ਲੱਗਾ। ਪੀੜਤਾ ਨੇ ਕਿਹਾ ਕਿ ਮੁਲਜ਼ਮ ਨੇ ਉਸ ਨਾਲ ਗਾਲੀ-ਗਲੋਜ ਕੀਤੀ ਤੇ ਕਿਹਾ ਕਿ ਜੇਕਰ ਉਸਦੀ ਗੱਲ ਨਹੀਂ ਮੰਨੀ ਤਾਂ ਝੂਠੇ ਕੇਸ ਵਿੱਚ ਫਸਾ ਦੇਵੇਗਾ। ਇਸ ਤੋਂ ਬਾਦ ਦਫਤਰ ਵਿੱਚ ਹੀ ਧੱਕੇ ਨਾਲ ਉਸਦੇ ਨਾਲ ਸਰੀਰਕ ਸਬੰਧ ਬਣਾਏ।
ਥਾਣਾ ਕੋਤਵਾਲੀ ਦੇ SHO ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਚਮਨ ਲਾਲ ਘਈ ਖਿਲਾਫ਼ ਜਬਰ-ਜਨਾਹ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਫੜਨ ਲਈ ਰੇਡ ਕੀਤੀ ਪਰ ਘਈ ਪਹਿਲਾਂ ਹੀ ਫਰਾਰ ਹੋ ਗਿਆ ਸੀ। ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਏਗਾ।
ਉਧਰ, ਘਈ ਹੋਟਲ ਤੇ ਟਿਕਟ ਏਜੰਸੀ ਦੇ ਸਟਾਫ਼ ਦਾ ਕਹਿਣਾ ਸੀ ਕਿ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਹੈ। ਇਸਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਇਸ ਸਬੰਧ ਵਿੱਚ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
- PTC NEWS