Punjabi University ਪਟਿਆਲਾ ’ਚ ਜ਼ਬਰਦਸਤ ਹੰਗਾਮਾ; ਪੁਲਿਸ ਤੇ ਵਿਦਿਆਰਥੀਆਂ ਵਿਚਾਲੇ ਹੋਈ ਧੱਕਾ ਮੁੱਕੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਪਿਛਲੇ 6 ਦਿਨਾਂ ਤੋਂ ਵੀਸੀ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਵਿਦਿਆਰਥੀ ਜਥੇਬੰਦੀਆਂ ਨੇ ਵੀਸੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ।
ਵੀਸੀ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ
ਵਿਦਿਆਰਥੀਆਂ ਵੱਲੋਂ ਘਿਰਾਓ ਲਈ ਅੱਗੇ ਵਧਣ ਦੌਰਾਨ ਮੌਕੇ ’ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕੁਝ ਵਿਦਿਆਰਥੀਆਂ ਦੇ ਸੱਟਾਂ ਲੱਗਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਦਖ਼ਲ
ਮਾਹੌਲ ਨੂੰ ਸ਼ਾਂਤ ਕਰਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਦਖ਼ਲ ਦਿੱਤਾ ਗਿਆ। ਇਸ ਦੌਰਾਨ ਡੀਨ ਅਕਾਦਮਿਕ ਵੱਲੋਂ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਗਈ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਵਿਦਿਆਰਥੀਆਂ ਨੇ ਆਪਣਾ ਘਿਰਾਓ ਦਾ ਪ੍ਰੋਗਰਾਮ ਸਮਾਪਤ ਕਰ ਦਿੱਤਾ।
ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਛੇ ਦਿਨਾਂ ਤੋਂ ਧਰਨਾ ਜਾਰੀ
ਵਿਦਿਆਰਥੀ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਛੇ ਦਿਨਾਂ ਤੋਂ ਧਰਨਾ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ।
ਬੀਤੇ ਦਿਨ ਕੱਢਿਆ ਗਿਆ 'ਜਾਗੋ ਮਾਰਚ'
ਅੱਜ 'ਫੀਸ ਵਾਧੇ ਵਿਰੋਧੀ ਫਰੰਟ' ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫਤਰ ਤੋਂ ਉਨ੍ਹਾਂ ਦੀ ਰਿਹਾਇਸ਼ ਵੱਲ ਇੱਕ 'ਜਾਗੋ ਮਾਰਚ' ਕੱਢਿਆ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸ਼ਾਂਤਮਈ ਪ੍ਰੋਗਰਾਮ ਨੂੰ ਨਾਕਾਮ ਕਰਨ ਲਈ ਬਾਹਰੋਂ ਪੁਲਿਸ ਬੁਲਾ ਲਈ। ਪੁਲਿਸ ਨੇ ਵਿਦਿਆਰਥੀਆਂ ਦੇ ਡਾਂਗਾ ਨਾਲ਼ ਖੋਦਾਂ ਮਾਰੀਆਂ ਅਤੇ ਖਿੱਚ ਧੂਹ ਕੀਤੀ। ਇਸ ਦੌਰਾਨ ਮਰਦ ਪੁਲਿਸ ਮੁਲਾਜਮਾਂ ਵੱਲੋਂ ਕੁੜੀਆਂ ਨਾਲ ਵੀ ਖਿੱਚ-ਧੂਹ ਕੀਤੀ ਗਈ ਅਤੇ ਹੋਈ ਧੱਕਾਮੁੱਕੀ ਵਿੱਚ ਕਈ ਵਿਦਿਆਰਥੀ ਜਖਮੀ ਹੋ ਗਏ, ਜੋ ਕਿ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ 'ਤੇ ਸਿੱਧਾ ਹਮਲਾ ਹੈ।
ਦਿਆਰਥੀਆਂ ਨੇ ਪੁਲਿਸ ਦਾ ਡੱਟ ਕੇ ਵਿਰੋਧ ਕੀਤਾ
ਇਸ ਦੇ ਬਾਵਜੂਦ ਵਿਦਿਆਰਥੀਆਂ ਨੇ ਪੁਲਿਸ ਦਾ ਡੱਟ ਕੇ ਵਿਰੋਧ ਕੀਤਾ ਅਤੇ ਵਾਈਸ ਚਾਂਸਲਰ ਦੀ ਰਿਹਾਇਸ਼ ਤੱਕ ਮਾਰਚ ਨੂੰ ਸਫ਼ਲ ਬਣਾਇਆ। ਵਿਦਿਆਰਥੀਆਂ ਦੇ ਰੋਸ਼ ਅੱਗੇ ਝੁਕਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਡੀਨ ਅਕਾਦਮਿਕ ਮਾਮਲੇ ਤੋਂ ਮਾਫੀ ਮੰਗਵਾਈ।
ਸਿਕਿਓਰਿਟੀ ਇੰਚਾਰਜ ਦੇ ਅਸਤੀਫੇ ਦੀ ਮੰਗ
ਸੁਰੱਖਿਆ ਵਿੱਚ ਹੋਈ ਵੱਡੀ ਕੋਤਾਹੀ ਦੇ ਚੱਲਦਿਆਂ, ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੇ ਸਿਕਿਓਰਿਟੀ ਇੰਚਾਰਜ ਕੈਪਟਨ ਗੁਰਤੇਜ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਨੂੰ ਚਲਾਉਣ ਵਿੱਚ ਅਸਮਰੱਥ ਰਹੇ ਅਤੇ ਵਿਦਿਆਰਥੀਆਂ 'ਤੇ ਪੁਲਿਸ ਚਾੜ੍ਹ ਕੇ ਆਪਣਾ ਵਿਦਿਆਰਥੀ-ਵਿਰੋਧੀ ਚਿਹਰਾ ਨੰਗਾ ਕਰਨ ਵਾਲੇ ਵਾਈਸ ਚਾਂਸਲਰ ਤੋਂ ਵੀ ਨੈਤਿਕ ਆਧਾਰ 'ਤੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਹੈ ਅਤੇ ਵਿਦਿਆਰਥੀ ਮੰਗਾਂ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਵਿਦਿਆਰਥੀ, ਅਧਿਆਪਕ ਅਤੇ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਖਿਲਾਫ ਕੱਲ੍ਹ ਸਵੇਰੇ 9:00 ਵਜੇ ਯੂਨੀਵਰਸਿਟੀ ਦੀਆਂ ਸਮੂਹ ਵਿਦਿਆਰਥੀ, ਅਧਿਆਪਕ ਅਤੇ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਰੱਖੀ ਗਈ ਹੈ। ਇਸ ਤੋਂ ਬਾਅਦ ਸਵੇਰੇ 10:00 ਵਜੇ ਪੂਰੀ ਯੂਨੀਵਰਸਿਟੀ ਵਿੱਚ ਇਸ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਇੱਕ ਵੱਡਾ ਰੋਸ ਮਾਰਚ ਕੀਤਾ ਜਾਵੇਗਾ।
ਫਰੰਟ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਇਸ ਮਾਰਚ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਨਾਲ ਹੀ, ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਨੂੰ ਵੀ ਇਸ ਗੁੰਡਾਗਰਦੀ ਅਤੇ ਧੱਕੇਸ਼ਾਹੀ ਖ਼ਿਲਾਫ਼ ਵਿਦਿਆਰਥੀਆਂ ਦਾ ਸਾਥ ਦੇਣ ਦਾ ਸੱਦਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : Satyendar Jain Arrest: ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਗ੍ਰਿਫ਼ਤਾਰ; ਜਲ ਬੋਰਡ ਟੈਂਡਰ ਭ੍ਰਿਸ਼ਟਾਚਾਰ ਮਾਮਲੇ ਵਿੱਚ ਏਸੀਬੀ ਨੇ ਕੀਤੀ ਕਾਰਵਾਈ
- PTC NEWS