ਹੁਣ ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ਦੀ ਚੌਥੀ ਮੰਜ਼ਿਲ 'ਚ ਲੱਗੀ ਅੱਗ
Chandigarh News: ਪੀਜੀਆਈ ਵਿੱਚ ਐਡਵਾਂਸਡ ਕਾਰਡੀਅਕ ਸੈਂਟਰ ਦੀ ਚੌਥੀ ਮੰਜ਼ਿਲ ਵਿੱਚ ਕੱਲ੍ਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਜਿਸ ਨੂੰ ਜਲਦੀ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਓਟੀ 'ਚ ਆਪਰੇਸ਼ਨ ਦੌਰਾਨ ਅੱਗ ਲੱਗ ਗਈ। ਡਾਕਟਰ ਸ਼ਿਆਮ ਉਸ ਸਮੇਂ 75 ਸਾਲ ਦੀ ਬਜ਼ੁਰਗ ਔਰਤ ਦਾ ਅਪਰੇਸ਼ਨ ਕਰ ਰਹੇ ਸਨ। ਅਚਾਨਕ ਅੱਗ ਲੱਗਣ ਤੋਂ ਬਾਅਦ ਭਗਦੜ ਮੱਚ ਗਈ। ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ। ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਕਾਰਡੀਓ ਸੈਂਟਰ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਮੌਜੂਦ ਸਨ। ਪੀਜੀਆਈ ਦੇ ਸਾਰੇ ਸੁਰੱਖਿਆ ਗਾਰਡ ਚੌਥੀ ਮੰਜ਼ਿਲ 'ਤੇ ਪਹੁੰਚ ਗਏ ਅਤੇ ਡਾਕਟਰਾਂ ਨੇ ਖੁਦ ਚੌਥੀ ਮੰਜ਼ਿਲ 'ਤੇ ਲੱਗੇ ਸ਼ੀਸ਼ੇ ਤੋੜ ਕੇ ਅੱਗ ਦਾ ਧੂੰਆਂ ਬਾਹਰ ਕੱਢਿਆ। ਉਸ ਸਮੇਂ ਓ.ਟੀ ਦੇ ਨਾਲ-ਨਾਲ ਵਾਰਡ 'ਚ ਵੀ ਵੱਡੀ ਗਿਣਤੀ 'ਚ ਮਰੀਜ਼ ਮੌਜੂਦ ਸਨ, ਜਿਨ੍ਹਾਂ 'ਚ ਬੱਚੇ ਵੀ ਵਾਰਡ 'ਚ ਦਾਖਲ ਸਨ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਸਨ। ਪੀਜੀਆਈ ਸਟਾਫ਼ ਤੋਂ ਇਲਾਵਾ ਕਿਸੇ ਨੂੰ ਵੀ ਮੌਕੇ ’ਤੇ ਨਹੀਂ ਜਾਣ ਦਿੱਤਾ ਗਿਆ। ਕਾਬਲੇਗੌਰ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਪੀਜੀਆਈ 'ਚ ਰੁੱਕ-ਰੁੱਕ ਕੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਬਾਬਤ ਪੀਜੀਆਈ ਪ੍ਰਸ਼ਾਸਨ ਵੱਲੋਂ ਜਾਂਚ ਪੜਤਾਲ ਦੇ ਨਾਲ ਨਾਲ ਸਖ਼ਤ ਕਦਮ ਵੀ ਚੁੱਕੇ ਗਏ ਹਨ। ਪਰ ਹੁਣ ਜਾਂਚ ਪੜਤਾਲ ਦੇ ਵਿਚਕਾਰ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
-