Lawrence Bishnoi: ਜਾਣੋ ਕਿਉਂ ਬਠਿੰਡਾ ਪੁਲਿਸ ਨੇ ਗੁਜਰਾਤ ਪੁਲਿਸ ਨੂੰ ਦਿੱਤੀ ਲਾਰੈਂਸ ਬਿਸ਼ਨੋਈ ਦੀ ਹਿਰਾਸਤ
Lawrence Bishnoi : ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸਾਜਸ਼ਘਾੜਾ ਅਤੇ ਦੇਸ਼ ਦੇ ਖ਼ਤਰਨਾਕ ਅਪਰਾਧੀਆਂ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੁੱਧਵਾਰ ਨੂੰ ਗੁਜਰਾਤ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਬਠਿੰਡਾ ਪੁਲਿਸ ਅਤੇ ਗੁਜਰਾਤ ਪੁਲਿਸ ਵਲੋਂ ਭਾਰੀ ਸੁਰੱਖਿਆ ਨਾਲ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਚੰਡੀਗੜ ਲਿਜਾਇਆ ਗਿਆ। ਜਿੱਥੋਂ ਅੱਗੇ ਫ਼ਲਾਈਟ ਰਾਹੀਂ ਉਸਨੂੰ ਗੁਜਰਾਤ ਲਿਜਾਇਆ ਗਿਆ। ਬਠਿੰਡਾ ਜੇਲ੍ਹ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਲਾਰੈਂਸ ਨੂੰ ਗੁਜਰਾਤ ਪੁਲਿਸ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ।
ਸਿੱਧੂ ਮੂੱਸੇਵਾਲਾ ਕਤਲ ਕਾਂਡ ’ਚ ਲਾਰੈਂਸ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜੂਨ 2022 ਵਿੱਚ ਪੰਜਾਬ ਪੁਲਿਸ ਉਸਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਮਾਨਸਾ ਲਿਆਈ ਸੀ, ਜਿਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸਾਂ ’ਚ ਉਸਦੀ ਗ੍ਰਿਫ਼ਤਾਰੀ ਪਾ ਕੇ ਕਰੀਬ 4-5 ਮਹੀਨਿਆਂ ਤੱਕ ਉਸਦੇ ਕੋਲੋਂ ਪੁੱਛਗਿਛ ਕੀਤੀ ਜਾਂਦੀ ਰਹੀ। ਪੁੱਛਗਿਛ ਪੂਰੀ ਹੋਣ ਤੋਂ ਬਾਅਦ ਲਾਰੈਂਸ ਜ਼ਿਆਦਾਤਰ ਸਮੇਂ ਲਈ ਬਠਿੰਡਾ ਜੇਲ੍ਹ ਵਿੱਚ ਹੀ ਬੰਦ ਰਿਹਾ। ਹਾਲਾਂਕਿ ਇੱਕ ਦਫ਼ਾ ਰਾਜਸਥਾਨ 'ਤੇ ਇੱਕ ਵਾਰ ਦਿੱਲੀ ਪੁਲਿਸ ਵੀ ਉਸਨੂੰ ਪੁੱਛਗਿਛ ਲਈ ਆਪਣੇ ਨਾਲ ਲੈ ਕੇ ਗਈ ਸੀ। ਪ੍ਰੰਤੂ ਬਾਅਦ ਵਿੱਚ ਲਾਰੈਂਸ ਵਾਪਿਸ ਬਠਿੰਡਾ ਜੇਲ੍ਹ ਵਿੱਚ ਹੀ ਆ ਗਿਆ। ਦੱਸ ਦਈਏ ਕਿ ਲਾਰੈਂਸ ਬਿਸ਼ਨੋਈ 'ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ। ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿੱਖੇ ਕਈ ਮਾਮਲੇ ਦਰਜ ਹਨ।
ਜ਼ਿਕਰਯੋਗ ਹੈ ਕਿ ਸਤੰਬਰ 2002 'ਚ ਦਰਜ ਹੋਏ ਕੇਸ ਮੁਤਾਬਕ ਗੁਜਰਾਤ 'ਚ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਹੋਈ ਸੀ। ਗੁਜਰਾਤ ATS ਦੀ ਜਾਂਚ ਵਿੱਚ ਲਾਰੈਂਸ ਦਾ ਨਾਮ ਸਾਹਮਣੇ ਆਇਆ ਸੀ। ਲਾਰੈਂਸ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹੁਣ ਉਸ ਨੂੰ ਦੁਬਾਰਾ ਪੁੱਛਗਿੱਛ ਲਈ ਲਿਜਾਇਆ ਗਿਆ ਹੈ।
- PTC NEWS