Patiala ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ’ਚ ਬਣੇ ਬੱਚਿਆਂ ਦੇ ਬਾਥਰੂਮਾਂ ਵਿੱਚੋਂ ਤੰਬਾਕੂ ਵਰਗੇ ਇਤਰਾਜੋਗ ਉਤਪਾਦ ਬਰਾਮਦ
ਪਟਿਆਲਾ ਦੇ ਸਰਕਾਰੀ ਸਮਾਰਟ ਸਕੂਲ ਸਿਵਲ ਲਾਈਨ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਪੰਜਾਬ ਸਰਕਾਰ ਦੇ ਸਮਾਰਟ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਦੇ ਦਾਅਵਿਆਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਇਸ ਸਕੂਲ ਦੀਆਂ ਤਸਵੀਰਾਂ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ।
ਤੰਬਾਕੂ ਉਤਪਾਦ ਅਤੇ ਹੋਰ ਇਤਰਾਜ਼ਯੋਗ ਸਮਾਨ ਮਿਲਣ ਦੀ ਜਾਣਕਾਰੀ
ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬੱਚਿਆਂ ਲਈ ਬਣੇ ਬਾਥਰੂਮਾਂ ਵਿੱਚੋਂ ਤੰਬਾਕੂ ਉਤਪਾਦ ਅਤੇ ਹੋਰ ਇਤਰਾਜ਼ਯੋਗ ਸਮਾਨ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸਕੂਲ ਦੀ ਇੱਕ ਕੰਧ ਪਿਛਲੇ ਕਈ ਦਿਨਾਂ ਤੋਂ ਟੁੱਟੀ ਹੋਈ ਦੱਸੀ ਜਾ ਰਹੀ ਹੈ, ਜਿਸ ਦੀ ਅਜੇ ਤੱਕ ਮੁਰੰਮਤ ਨਹੀਂ ਹੋਈ।
ਕੰਧ ’ਤੇ ਬੀਅਰ ਦੀ ਬੋਤਲ ਵੀ ਆਈ ਨਜ਼ਰ
ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਸਕੂਲ ਦੀ ਕੰਧ ’ਤੇ ਬੀਅਰ ਦੀ ਬੋਤਲ ਵੀ ਨਜ਼ਰ ਆਈ। ਇਹ ਸਕੂਲ ਦੀ ਸੁਰੱਖਿਆ, ਸਫ਼ਾਈ ਅਤੇ ਨਿਗਰਾਨੀ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀਆਂ ਹਨ।
ਸਕੂਲਾਂ ਨੂੰ ਸਮਾਰਟ ਬਣਾਉਣ ਦਾ ਦਾਅਵੇ ਖੋਖਲੇ
ਇੱਕ ਪਾਸੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਅਤੇ ਸਕੂਲ ਆਫ਼ ਐਮੀਨੈਂਸ ਰਾਹੀਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪਟਿਆਲਾ ਦੇ ਇੱਕ ਪ੍ਰਮੁੱਖ ਸਰਕਾਰੀ ਸਕੂਲ ਦੀ ਇਹ ਹਕੀਕਤ ਸਰਕਾਰੀ ਦਾਅਵਿਆਂ ਨਾਲ ਮੇਲ ਨਹੀਂ ਖਾਂਦੀ।
ਮਾਮਲੇ ਮਗਰੋਂ ਪੰਜਾਬ ਸਰਕਾਰ ’ਤੇ ਉੱਠ ਰਹੇ ਸਵਾਲ
ਸਵਾਲ ਇਹ ਹੈ ਕਿ ਬੱਚਿਆਂ ਲਈ ਬਣੇ ਬਾਥਰੂਮਾਂ ਵਿੱਚ ਤੰਬਾਕੂ ਉਤਪਾਦ ਅਤੇ ਇਤਰਾਜ਼ਯੋਗ ਸਮਾਨ ਕਿਵੇਂ ਪਹੁੰਚਿਆ? ਸਕੂਲ ਦੀ ਕੰਧ ਕਈ ਦਿਨਾਂ ਤੋਂ ਟੁੱਟੀ ਹੋਣ ਦੇ ਬਾਵਜੂਦ ਇਸ ਦੀ ਮੁਰੰਮਤ ਕਿਉਂ ਨਹੀਂ ਕਰਵਾਈ ਗਈ? ਅਤੇ ਸਕੂਲ ਦੀ ਸੁਰੱਖਿਆ ਤੇ ਸਫ਼ਾਈ ਦੀ ਜ਼ਿੰਮੇਵਾਰੀ ਆਖ਼ਰ ਕਿਸ ਦੀ ਹੈ?
ਸਕੂਲ ਸਟਾਫ ਸਵਾਲਾਂ ਬਚਣ ਦੀ ਕੀਤੀ ਕੋਸ਼ਿਸ਼
ਮਾਮਲੇ ਸਬੰਧੀ ਸਕੂਲ ਸਟਾਫ਼ ਤੋਂ ਸਵਾਲ ਕੀਤੇ ਗਏ ਤਾਂ ਕੈਮਰੇ ਸਾਹਮਣੇ ਸਪੱਸ਼ਟ ਜਵਾਬ ਦੇਣ ਦੀ ਬਜਾਏ ਜ਼ਿੰਮੇਵਾਰੀ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ।
ਹੁਣ ਇਹ ਮਾਮਲਾ ਸਿਰਫ਼ ਇੱਕ ਸਕੂਲ ਦਾ ਨਹੀਂ, ਸਗੋਂ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ’ਤੇ ਵੀ ਵੱਡਾ ਸਵਾਲ ਹੈ। ਦੇਖਣਾ ਹੋਵੇਗਾ ਕਿ ਸਿੱਖਿਆ ਵਿਭਾਗ ਇਸ ਮਾਮਲੇ ਦਾ ਨੋਟਿਸ ਲੈਂਦਾ ਹੈ ਜਾਂ ਫਿਰ ਇਹ ਤਸਵੀਰਾਂ ਵੀ ਸਰਕਾਰੀ ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦੀਆਂ ਹਨ।
ਇਹ ਵੀ ਪੜ੍ਹੋ : Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ
- PTC NEWS