PM ਮੋਦੀ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਲੰਧਰ ਤੇ ਗੁਰਦਾਸਪੁਰ ਰੈਲੀ ਤੋਂ ਪਹਿਲਾਂ ਕਿਸਾਨਾਂ ਦੀ ਫੜੋ-ਫੜੀ, ਕੀਤਾ ਜਾ ਰਿਹਾ ਨਜ਼ਰਬੰਦ
PM Narendra Modi Punjab Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਾ ਅੱਜ (ਸ਼ੁੱਕਰਵਾਰ) ਨੂੰ ਦੂਜਾ ਦਿਨ ਹੈ। ਪੀਐਮ ਮੋਦੀ ਅੱਜ ਜਲੰਧਰ ਅਤੇ ਗੁਰਦਾਸਪੁਰ ਵਿੱਚ ਚੋਣ ਰੈਲੀ ਕਰਨਗੇ, ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਧਰ, ਕਿਸਾਨ ਜਥੇਬੰਦੀਆਂ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਅੱਜ ਵੀ ਰੈਲੀ ਦੌਰਾਨ ਕਿਸਾਨਾਂ ਸਬੰਧੀ ਸਵਾਲ ਪੁੱਛੇ ਜਾਣ ਬਾਰੇ ਕਿਹਾ ਜਾ ਰਿਹਾ ਹੈ ਅਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਤਿਆਰ ਨਜ਼ਰ ਆ ਰਹੇ ਹਨ।
ਪੰਜਾਬ ਭਾਜਪਾ ਅਨੁਸਾਰ ਗੁਰਦਾਸਪੁਰ ਦੇ ਦੀਨਾਨਗਰ 'ਚ ਰੈਲੀ ਸਾਹਮਣੇ ਬਰਿਸਤਾ ਨਗਰ, ਨੈਸ਼ਨਲ ਹਾਈਵੇਅ-54, ਬਾਈਪਾਸ ਨਜ਼ਦੀਕ ਹੋਵੇਗੀ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ 1 ਵਜੇ ਦਾ ਸਮਾਂ ਰੱਖਿਆ ਗਿਆ ਹੈ। ਪੀਐਮ 1 ਵਜੇ ਇਥੇ ਰੈਲੀ ਵਿੱਚ ਪਹੁੰਚ ਸਕਦੇ ਹਨ। ਉਪਰੰਤ ਇਥੋਂ ਜਲੰਧਰ ਲਈ ਰਵਾਨਾ ਹੋਣਗੇ, ਜਿਥੇ 3 ਵਜੇ ਪੀਐਮ ਮੋਦੀ ਦੀ ਰੈਲੀ ਰੱਖੀ ਗਈ ਹੈ ਅਤੇ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ।
ਜਲੰਧਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੀਏਪੀ ਵਿਖੇ ਹੋਵੇਗੀ, ਜਿਸ ਲਈ ਪੁਲਿਸ ਨੇ ਸਖਤ ਤਿਆਰੀ ਕੀਤੀ ਹੋਈ ਹੈ। ਪੁਲਿਸ ਨੂੰ ਸ਼ੱਕੀ ਕਿਸਾਨ ਜਥੇਬੰਦੀਆਂ ਜਿਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤੇ ਜਾਣ ਦਾ ਖਦਸ਼ਾ ਹੈ, ਉਨ੍ਹਾਂ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਨ੍ਹਾਂ ਵਿਚੋਂ ਕਈ ਜਥੇਬੰਦੀਆਂ ਜੋ ਕਿ ਦੁਆਬੇ ਦੇ ਨਾਲ ਜੁੜੀਆਂ ਹੋਈਆਂ ਹਨ। ਖਾਸ ਤੌਰ 'ਤੇ ਉਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ, ਜਿਨਾਂ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਧਰਨੇ ਲਗਾਏ ਸਨ।
ਸੂਤਰਾਂ ਅਨੁਸਾਰ 25 ਤੋਂ ਵੱਧ ਕਿਸਾਨਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ ਅਤੇ ਘਰਾਂ ਦੇ ਵਿੱਚ ਉਨ੍ਹਾਂ ਦੇ ਫੋਨ ਵੀ ਬੰਦ ਕਰਵਾ ਦਿੱਤੇ ਗਏ ਹਨ।
ਉਧਰ, ਗੁਰਦਾਸਪੁਰ 'ਚ ਪੀਐਮ ਮੋਦੀ ਦੀਨਾਨਗਰ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਖਾਲਸਾ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੋਦੀ ਨੂੰ ਸਵਾਲ ਪੁੱਛਣ ਜਾਣਾ ਸੀ। ਪਰ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਕਿਸਾਨ ਆਗੂ ਰੈਲੀ ਵਾਲੀ ਜਗ੍ਹਾ 'ਤੇ ਨਾ ਪਹੁੰਚ ਸਕਣ, ਇਸ ਲਈ ਸਵੇਰੇ 6 ਵਜੇ ਹੀ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਗਈ। ਹਾਲਾਂਕਿ ਪੁਲਿਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਕਿਉਂਕਿ ਆਗੂਆਂ ਨੂੰ ਪਤਾ ਸੀ ਕਿ ਪ੍ਰਸ਼ਾਸਨ ਅਜਿਹਾ ਕੁਝ ਕਰ ਸਕਦਾ ਹੈ।
ਪੀਐਮ ਨੂੰ ਅੱਜ ਵੀ ਕਰਾਂਗੇ ਸਵਾਲ: ਸਰਵਣ ਸਿੰਘ ਪੰਧੇਰ
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕੀ ਬੀਤੇ ਦਿਨੀਂ ਵੀ ਸਾਡੇ ਕਿਸਾਨਾਂ ਵੱਲੋਂ ਪ੍ਰਧਾਨਮੰਤਰੀ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਅੱਜ ਵੀ ਸਾਡੇ ਕਿਸਾਨ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋਣਗੇ ਤਾਂ ਕੀ ਪੀਐਮ ਮੋਦੀ ਤੋਂ ਕਿਸਾਨਾਂ ਪ੍ਰਤੀ ਸਵਾਲ ਕੀਤੇ ਜਾ ਸਕਣ ਪਰ ਭਾਜਪਾ ਦੇ ਕਿਸੇ ਵੀ ਆਗੂ ਕੋਲ ਸਾਡੇ ਕਿਸਾਨਾਂ ਪ੍ਰਤੀ ਕੋਈ ਜਵਾਬ ਨਹੀਂ ਹੈਂ।
- PTC NEWS