ਪਰਵਿੰਦਰ ਝੋਟਾ ਕਤਲ ਮਾਮਲੇ 'ਚ ਪੁਲਿਸ ਦਾ ਐਕਸ਼ਨ , ਮਾਨਸਾ ਮੈਡੀਕਲ ਸਟੋਰ ਕੀਤਾ ਸੀਲ
Police action in Parvinder Jhota murder case : ਮਾਨਸਾ 'ਚ ਮਾਰੇ ਗਏ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਕਤਲ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਇਸ ਮਾਮਲੇ 'ਤੇ ਐਕਸ਼ਨ ਲੈਂਦਿਆਂ ਮਾਨਸਾ ਪੁਲਿਸ ਨੇ ਅੱਜ ਮਾਨਸਾ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਪਰਵਿੰਦਰ ਸਿੰਘ ਝੋਟਾ ਨੇ ਆਪਣੀ ਮੌਤ ਤੋਂ ਪਹਿਲਾ ਇਸ ਮੈਡੀਕਲ ਸਟੋਰ ਦੀ ਇੱਕ ਵੀਡੀਓ ਵਾਇਰਲ ਕੀਤੀ ਸੀ, ਜਿਸ ਵਿਚ ਉਸਨੇ ਨਸ਼ਿਆਂ ਦੇ ਮਾਮਲੇ 'ਚ ਇਸ ਮੈਡੀਕਲ ਸਟੋਰ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਸੀ। ਹੁਣ ਜਦੋਂ ਝੋਟੇ ਦੀ ਮੌਤ ਤੋਂ ਮਾਮਲਾ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ ਤਾਂ ਪੁਲਿਸ ਦੀ ਕਾਰਵਾਈ ਸਾਹਮਣੇ ਆਈ ਹੈ। ਅੱਜ ਪੁਲਿਸ ਨੇ ਇਸ ਮੈਡੀਕਲ ਸਟੋਰ ਨੂੰ ਸਿਲ ਕਰਕੇ ਉੱਥੇ ਤਾਲਾ ਲਗਾ ਦਿੱਤਾ ਹੈ।
ਇਸ ਦੇ ਨਾਲ ਹੀ ਅੱਜ ਮਾਨਸਾ ਪੁਲਿਸ ਨੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਅਸ਼ਵਨੀ ਕੁਮਾਰ ਤੋਂ ਵਾਰਦਾਤ ਸਮੇਂ ਵਰਤਿਆ ਜਾਣ ਵਾਲਾ ਪਿਸਟਲ ਬਰਾਮਦ ਕਰਵਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ SSP ਵੈਭਵ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਲਈ ਸ਼ਹਿਰ ਵਿੱਚ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਅਮਨ ਕਾਨੂੰਨ ਦੀ ਵਿਵਸਥਾ ਬਣੀ ਰਹੇ।
ਇਹ ਵੀ ਪੜ੍ਹੋ :
ਐਸਐਸਪੀ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਸਮੇਂ ਅਸ਼ਵਨੀ ਕੁਮਾਰ ਵੱਲੋਂ ਵਰਤੇ ਪਿਸਟਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਜਿਸ ਨੂੰ ਉਸਨੇ ਕਸਬਾ ਝੀਰ ਦੇ ਨੇੜੇ ਖੇਤਾਂ 'ਚ ਛੁਪਾ ਦਿੱਤਾ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਅਸ਼ਵਨੀ ਕੁਮਾਰ ਸਮੇਤ ਉਸ ਦੀ ਪਤਨੀ ਅਤੇ ਸਹਿਯੋਗ ਕਰਨ ਵਾਲੇ ਪੁਲਿਸ ਰਿਮਾਂਡ ਤੇ ਚੱਲ ਰਹੇ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਿਤ ਹਰ ਤਰਾਂ ਦੀ ਜਾਣਕਾਰੀ ਸਮੇਂ ਸਮੇਂ 'ਤੇ ਸਾਂਝੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਸਦੇ ਪਰਿਵਾਰ ਵਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਪਰਿਵਾਰ ਲਗਾਤਾਰ ਮੰਗ ਕਰ ਰਿਹਾ ਹੈ ਕਿ ਇਸ ਮਾਮਲੇ 'ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ ਇਲਜ਼ਾਮ ਲਗਾਇਆ ਕਿ ਨਸ਼ਿਆਂ ਦੇ ਖਾਤਮੇ 'ਚ ਪੂਰੀ ਤਰਾਂ ਅਸਫਲ ਰਹਿਣ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵਲੋਂ ਅਸਤੀਫਾ ਦਿੱਤਾ ਜਾਵੇ। ਦੱਸ ਦੇਈਏ ਕਿ ਝੋਟੇ ਦੇ ਪਰਿਵਾਰ ਵਲੋਂ ਅਜੇ ਤੱਕ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਝੋਟੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।
- PTC NEWS