ਘੋੜਿਆਂ ਦੇ ਮੇਲੇ 'ਤੇ ਪੰਜਾਬ ਸਰਕਾਰ ਦੀ ਪਾਬੰਦੀ ਜਾਰੀ; ਅਕਾਲੀ ਦਲ ਪ੍ਰਧਾਨ ਨੇ ਚੁੱਕੇ ਸਵਾਲ
PTC News Desk : ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਘੋੜਿਆਂ ਦੀ ਗਲੈਂਡਰਜ਼ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਕਿਸਮ ਦੇ ਘੋੜਿਆਂ ਦੇ ਮੇਲੇ, ਘੋੜਿਆਂ ਦੇ ਇਕੱਠ ਜਾਂ ਕਿਸੇ ਕਿਸਮ ਦੀ ਘੋੜ ਸਵਾਰੀ ਦੇ ਮੁਕਾਬਲੇ ਕਰਵਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਅਤੇ ਕਰਜ਼ੇ ਦੀ ਪੈ ਰਹੀ ਮਾਰ ਤੋਂ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਲਈ ਕਿਹਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਇਹ ਸਹਾਇਕ ਧੰਦੇ ਪੰਜਾਬ ਸਰਕਾਰ ਦੀਆਂ ਲਾਈਆਂ ਪਾਬੰਦੀਆਂ ਕਾਰਨ ਹੁਣ ਘੋੜਾ ਪਾਲਕ ਕਿਸਾਨਾਂ ਲਈ ਸਿਰਦਰਦੀ ਬਣ ਰਹੇ ਹਨ।
ਇਨ੍ਹੀ ਦਿਨੀਂ ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਕਿਸਾਨਾਂ ਵੱਲੋਂ ਅਪਣਾਏ ਗਏ ਸਟੱਡ ਫਾਰਮਿੰਗ ਦੇ ਕਾਰੋਬਾਰ ਨੂੰ ਗਲੈਂਡਰ ਨਾਮਕ ਬਿਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਘੋੜਿਆਂ ਨੂੰ ਲੈਕੇ ਆਉਣ ਅਤੇ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਜਿਸ ਕਾਰਨ ਸਹਾਇਕ ਦੇ ਵਜੋਂ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਜਾਨਵਰਾਂ ਦੀ ਰੋਜ਼ਾਨਾ ਦੀ ਦੇਖ-ਰੇਖ ਅਤੇ ਖੁਰਾਕ ਉੱਪਰ ਹਜ਼ਾਰਾਂ ਰੁਪਏ ਖਰਚ ਕਰਨੇ ਪੈ ਰਹੇ ਹਨ।
ਇਸ ਮਾਮਲੇ 'ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਟੱਡ ਫਾਰਮਿੰਗ ਕਰਨ ਵਾਲੇ ਕਿਸਾਨਾਂ ਦੇ ਹੱਕ 'ਚ ਨਿੱਤਰ ਆਏ ਨੇ, ਤੇ ਉਨ੍ਹਾਂ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਪੋਸਟ 'ਚ ਕਿਹਾ, "ਆਮ ਆਦਮੀ ਪਾਰਟੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਹੋਣ ਵਾਲੇ ਏਸ਼ੀਆ ਦੇ ਸਭ ਤੋਂ ਵੱਡੇ ਸਲਾਨਾ ਘੋੜ ਸ਼ੋਅ ਅਤੇ ਮੰਡੀ ਨੂੰ ਬੰਦ ਕਰਕੇ ਘੋੜੇ ਮਾਲਕਾਂ ਨਾਲ ਸਰਾਸਰ ਧੱਕਾ ਕੀਤਾ ਹੈ, ਅਜਿਹੇ ਘੋੜ ਮੇਲੇ ਗੁਆਂਢੀ ਰਾਜ ਰਾਜਸਥਾਨ ਦੇ ਪੁਸ਼ਕਰ, ਸ੍ਰੀ ਗੰਗਾਨਗਰ ਅਤੇ ਹਨੂੰਮਾਨਗੜ੍ਹ ਵਿਖੇ ਬੜੇ ਵਧੀਆ ਢੰਗ ਨਾਲ ਚੱਲ ਰਹੇ ਹਨ।"
ਉਨ੍ਹਾਂ ਅੱਗ ਕਿਹਾ, "ਘੋੜ ਮੇਲੇ ਨੂੰ ਬੰਦ ਕਰਨ ਲਈ ਪੰਜਾਬ ਦੀ 'ਆਪ' ਸਰਕਾਰ ਦਾ ਗਲੈਂਡਰਸ ਬੀਮਾਰੀ ਫੈਲਾਉਣ ਵਾਲਾ ਬਹਾਨਾ ਬਹੁਤ ਬੇਤੁੱਕਾ ਹੈ, ਕਠਪੁਤਲੀ ਮੁੱਖ ਮੰਤਰੀ ਨੂੰ ਆਪਣੀ ਸਮਝ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਅਜਿਹੀ ਘਟੀਆ ਸਿਆਸਤ ਪੰਜਾਬ ਨੂੰ ਘਾਤਕ ਰਾਹਾਂ ‘ਤੇ ਲੈ ਕੇ ਜਾਵੇਗੀ ਕਿਉਂਕਿ ਪੰਜਾਬੀ ਭਾਈਚਾਰਾ ਘੋੜਿਆਂ ਦੇ ਕਾਰੋਬਾਰ ਨਾਲ ਦਿਲੋਂ ਜੁੜਿਆ ਹੋਇਆ ਹੈ।"
ਗਲੈਂਡਰ ਨਾਮਕ ਬਿਮਾਰੀ ਦੇ ਫੈਲਣ 'ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਧਾਰਾ 144 ਲਾਗੂ ਕਰਦੇ ਹੋਏ ਘੋੜਿਆਂ ਦੇ ਲੈ ਕੇ ਆਉਣ ਅਤੇ ਜਾਣ ਅਤੇ ਮੇਲੇ ਲਗਾਉਣ 'ਤੇ ਪੂਰਨ ਤੌਰ 'ਤੇ 25 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ।
ਕਾਬਲੇਗੌਰ ਹੈ ਕਿ ਇਹ ਬਿਮਾਰੀ ਇਸ ਸਾਲ ਦੇ ਮੱਧ 'ਚ ਬਠਿੰਡਾ ਵਿੱਚ ਪਿੰਡ ਲਹਿਰਾ ਮੁਹੱਬਤ ਦੇ ਤਿੰਨ ਜਾਨਵਰਾਂ ਨੂੰ ਹੋਈ ਸੀ। ਜਿਸ ਤੋਂ ਬਾਅਦ ਦੋ ਜਾਨਵਰਾਂ ਦੀ ਮੌਤ ਹੋ ਗਈ। ਜਦਕਿ ਇੱਕ ਘੋੜੇ ਨੂੰ ਫਿਰੋਜ਼ਪੁਰ ਵਿੱਚ ਛੱਡਿਆ ਗਿਆ ਸੀ। ਇਹ ਬਿਮਾਰੀ ਪੰਜਾਬ ਦੇ ਬਠਿੰਡਾ ਤੋਂ ਇਲਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਘੋੜਿਆਂ ਨੂੰ ਵੀ ਹੋਈ ਸੀ। ਉਸ ਤੋਂ ਬਾਅਦ ਹਾਲ ਫ਼ਿਲਾਲ ਕਿਸੇ ਜ਼ਿਲ੍ਹੇ 'ਚ ਕਿਸੇ ਘੋੜੇ ਦੀ ਗਲੈਂਡਰਜ਼ ਨਾਲ ਸੰਕ੍ਰਮਿਤ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪਸ਼ੂ ਪਾਲਣ ਵਿਭਾਗ ਮੁਤਾਬਕ ਘੋੜਾ ਪਾਲਕ ਬਿਮਾਰੀ ਲੱਗਣ ਵਾਲੇ ਪਸ਼ੂਆਂ ਨੂੰ ਮਾਰਨ ਨਹੀਂ ਦਿੰਦੇ, ਜਿਸ ਕਰ ਕੇ ਇਹ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਹੀ ਪਾਬੰਦੀ ਲਗਾਈ ਗਈ ਹੈ। ਜਿਸ ਨਾਲ ਪਸ਼ੂ ਪਾਲਕਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।
- With inputs from our correspondent