ਪਰਵਿੰਦਰ ਸਿੰਘ ਝੋਟਾ ਦੇ ਹੱਕ 'ਚ ਆਏ ਪੰਜਾਬੀ ਇੰਡਸਟਰੀ ਦੇ ਕਲਾਕਾਰ
Punjabi industry artists come out in support of Parvinder Jhota : ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਬੇਵਕਤੀ ਮੌਤ ਤੋਂ ਬਾਅਦ ਹੁਣ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ ਲਈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਝੋਟੇ ਦੇ ਪਰਿਵਾਰ ਵਲੋਂ ਉਸਦੀ ਮੌਤ ਤੋਂ ਬਾਅਦ ਤੋਂ ਹੀ ਮਾਨਸਾ 'ਚ ਮੋਰਚਾ ਲਗਾਇਆ ਗਿਆ ਹੈ , ਜੋ ਨਿਰੰਤਰ ਜਾਰੀ ਹੈ। ਇਥੇ ਇਹ ਦਸਣਾ ਵੀ ਬਣਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੀ ਮੋਤ ਤੋਂ ਹੁਣ ਤੱਕ ਉਸਦੀ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਝੋਟੇ ਦਾ ਸਸਕਾਰ ਨਹੀਂ ਕਰਨਗੇ। ਇਸ ਦੌਰਾਨ ਕਈ ਵੱਖ ਵੱਖ ਰਾਜਨੀਤਿਕ , ਧਾਰਮਿਕ , ਸਮਾਜਿਕ ਤੇ ਹੋਰ ਜਥੇਬੰਦੀਆਂ ਵਲੋਂ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਪਰਿਵਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।
ਇਸ ਵਿਚਾਲੇ ਹੁਣ ਪੰਜਾਬੀ ਫਿਲਮ ਇੰਡਸਟਰੀ ਦੀ ਵੱਡੀ ਪਹਿਲ ਵੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਆਪ ਮੁਹਾਰੇ ਚਲ ਕੇ ਝੋਟੇ ਦੇ ਪਰਿਵਾਰ ਦੇ ਹੱਕ 'ਚ ਨਿਤਰੇ ਹਨ। ਨਾ ਸਿਰਫ ਪੰਜਾਬੀ ਬਲਕਿ ਦੇਸ਼ ਵਿਦੇਸ਼ 'ਚ ਨਾਮ ਖੱਟਣ ਵਾਲੇ ਦਿਲਜੀਤ ਦੋਸਾਂਝ ਨੇ ਝੋਟੇ ਦੇ ਹੱਕ 'ਚ ਪੋਸਟ ਪਾ ਕੇ ਉਸਦਾ ਸਮਰਥਨ ਕੀਤਾ ਹੈ। ਦਿਲਜੀਤ ਨੇ ਝੋਟੇ ਦੀ ਇੱਕ ਫੋਟੋ ਸ਼ੇਅਰ ਕਰਕੇ ਲਿਖਿਆ 'ਸਮੁੱਚਾ ਪੰਜਾਬ ਦੁੱਖ ਦੀ ਇਸ ਘੜੀ 'ਸੀ ਪਰਿਵਾਰ ਦੇ ਨਾਲ ਹੈ , ਪਰਿਵਾਰ ਨੂੰ ਇਨਸਾਫ ਮਿਲਾ ਚਾਹੀਦਾ'। ਮਰਹੂਮ ਸਿੱਧੂ ਮੂਸਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋ ਬਾਅਦ ਲੋਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਫਿਲਹਾਲ ਕੈਲਗਰੀ ਅਤੇ ਅਮਰੀਕਾ ਹੋਣ ਵਾਲੇ ਸਿੱਧੂ ਮੂਸੇਵਾਲਾ ਦੇ ਸ਼ੋਅ 'ਸਾਈਨਡ ਟੂ ਗੌਡ' ਮੁਲਤਵੀ ਕੀਤੇ ਗਏ ਹਨ। ਉਨਾਂ ਕਿਹਾ ਕਿ ਮੇਰੇ ਲਈ ਮੇਰਾ ਹਲਕਾ ਅਤੇ ਮੇਰਾ ਪੰਜਾਬ ਸਭ ਤੋ ਪਹਿਲਾਂ ਹੈ। ਮੈਂ ਕੈਲਗਰੀ ਅਤੇ ਅਮਰੀਕਾ ਵਿਚ ਸਾਰੇ ਬੈਠੇ ਵੀਰਾਂ ਅਤੇ ਚਾਹੁੰਣ ਵਾਲਿਆ ਤੋਂ ਮੁਆਫ਼ੀ ਚਾਹੁੰਦਾ ਹਾਂ ਕਿ ਇਸ ਵਾਰ ਮੈਂ ਤੁਹਾਡੇ ਵਿਚ ਨਹੀ ਪਹੁੰਚ ਸਕਿਆ। ਉਨਾਂ ਕਿਹਾ ਕਿ ਬਹੁਤ ਜਲਦੀ ਹੀ ਮੈਂ ਦੁਬਾਰਾ ਸ਼ੋਅ ਲੈ ਕੇ ਆਵਾਗਾਂ ਦੱਸ ਦੇਈਏ ਕਿ ਕੈਲਗਰੀ ਵਾਲਾ ਸ਼ੋਅ ਕੱਲ ਹੋਣਾ ਸੀ ਜਿਸ ਦੀਆਂ ਤਿਆਰੀਆ ਲਗਭਗ ਹੋ ਚੁੱਕੀਆਂ ਸਨ।
ਇਹ ਵੀ ਪੜ੍ਹੋ :
ਪਰਵਿੰਦਰ ਸਿੰਘ ਝੋਟੇ ਦੇ ਹੱਕ 'ਚ ਨੀਰੂ ਬਾਜਵਾ ਨੇ ਵੱਡਾ ਫੈਸਲਾ ਕੀਤਾ ਹੈ। ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫਿਲਮ 'ਥਾਪੀ' ਦੇ ਸਾਰੇ ਸ਼ੋਅ ਹੋਲਡ ਕਰਨ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਕੇ ਉਨ੍ਹਾਂ ਲਿਖਿਆ, 'ਸਿਨੇਮਾ ਲੋਕਾਂ ਲਈ ਹੁੰਦਾ, ਲੋਕਾਂ ਤੋਂ ਵੱਡਾ ਕਦੇ ਵੀ ਨਹੀਂ। ਸਾਡੇ ਲਈ ਪੰਜਾਬ ਤੋਂ ਉਪਰ ਕੁਝ ਵੀ ਨਹੀਂ ਹੈ ,ਜਦੋਂ ਤੱਕ ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਜਾਂਦੇ ਅਸੀਂ ਹਰ ਪੱਖ ਤੋਂ ਪੰਜਾਬ ਦੇ ਨਾਲ ਹਾਂ'। #justiceforparvinderjhota'
ਪੰਜਾਬੀ ਗਾਇਕ ਰਣਜੀਤ ਬਾਵਾ ਵੀ ਬੀਤੇ ਦਿਨ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਲਗਾਏ ਹੋਏ ਮੋਰਚੇ 'ਤੇ ਪਹੁੰਚੇ ਅਤੇ ਝੋਟੇ ਦੇ ਪਰਿਵਾਰ ਦੇ ਹੱਕ 'ਚ ਨਿਤਰੇ। ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਬਾਵਾ ਨੇ ਕਿਹਾ ਕਿ ਉਹ ਪੰਜਾਬ ਦੇ ਲਈ ਜਿੱਥੇ ਕਹੋਗੇ ਉਥੇ ਖੜ੍ਹੇ ਹਨ, ਉਨ੍ਹਾਂ ਕਿਹਾ ਕਿ ਉਹ ਕਿਸੇ ਸਰਕਾਰ ਦੇ ਲਿਹਾਜ਼ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਕਲਾਕਾਰ ਹਨ ਤੇ ਉਹ ਲੋਕਾਂ ਲਈ ਗਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਮੇਰਾ ਕਿਸੇ ਸਰਕਾਰ ਨਾਲ ਕੋਈ ਲਿਹਾਜ਼ ਹੁੰਦਾ ਤਾਂ ਉਹ ਇੱਥੇ ਨਾ ਆਉਂਦੇ। ਉਨ੍ਹਾਂ ਝੋਟੇ ਦੇ ਪਿਤਾ ਨਾਲ ਗੱਲ ਕਰਕੇ ਕਿਹਾ ਕਿ ਉਹ ਹਰ ਪੱਖੋਂ ਝੋਟੇ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਇਨਸਾਫ ਮਿਲਣ ਤੱਕ ਉਨ੍ਹਾਂ ਨੂੰ ਪੂਰਾ ਸਾਥ ਦੇਣਗੇ।
ਪਰਵਿੰਦਰ ਝੋਟੇ ਦੇ ਹੱਕ 'ਚ ਮਾਨਸਾ ਧਰਨੇ 'ਤੇ ਪੁੱਜੇ ਬੱਬੂ ਮਾਨ ਨੇ ਕਿਹਾ ਕਿ ਪਰਵਿੰਦਰ ਝੋਟੇ ਵਰਗੇ ਦ੍ਰਿੜ ਸੰਕਲਪ ਵਾਲੇ ਬਹੁਤ ਘੱਟ ਮਿਲਦੇ ਹਨ , ਇਹ ਲੜਾਈ ਸਿਰਫ ਪਰਵਿੰਦਰ ਝੋਟੇ ਦੀ ਨਹੀਂ ਬਲਕਿ ਸਾਰੇ ਪਿੰਡਾਂ ਦੇ ਸਭ ਲੋਕਾਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਅੰਦੋਲਨ 4-5 ਸਾਲ ਪਹਿਲਾ ਸ਼ੁਰੂ ਹੋ ਜਾਂਦਾ ਤਾਂ ਅੱਜ ਝੋਟਾ ਨਾ ਜਾਂਦਾ। ਬੱਬੂ ਮਾਨ ਨੇ ਕਿਹਾ ਕਿ ਝੋਟੇ ਨੂੰ ਅਸਲੀ ਸ਼ਰਧਾਂਜਲੀ ਹੀ ਹੋਵੇਗੀ ਕਿ ਜੋ ਲੋਕ ਵੀ ਨਸ਼ਾ ਕਰਦੇ ਨੇ ਉਹ ਨਸ਼ਾ ਛੱਡ ਦੇਣ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।
ਮਾਨਸਾ ਧਰਨੇ ਵਾਲੀ ਥਾਂ 'ਤੇ ਪਹੁੰਚੇ ਪੰਜਾਬੀ ਗਾਇਕ ਜੀ ਖਾਨ ਨੇ ਕਿਹਾ ਕਿ ਉਹ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ , ਉਹ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਹਾਜ਼ਿਰ ਹੋਵਾਂਗਾ। ਉਨ੍ਹਾਂ ਸਭ ਕਲਾਕਾਰਾਂ ਨੂੰ ਮੋਰਚੇ 'ਤੇ ਆ ਕੇ ਝੋਟੇ ਦੇ ਪਰਿਵਾਰ ਨਾਲ ਖੜਨ ਦੀ ਅਪੀਲ ਕੀਤੀ।
- PTC NEWS