ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਸ੍ਰੀ ਆਨੰਦਪੁਰ ਸਾਹਿਬ ‘ਚ ਸੈਨਿਕ ਅਕੈਡਮੀ ਖੋਲ੍ਹਣ ਲਈ ਕੇਂਦਰ ਸਰਕਾਰ ਦੇ ਦਖਲ ਦੀ ਕੀਤੀ ਮੰਗ
ਚੰਡੀਗੜ੍ਹ: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ 1999 ਵਿੱਚ ਸਿੱਖਾਂ ਦੇ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੈਨਿਕ ਅਕੈਡਮੀ ਸਥਾਪਤ ਕਰਨ ਦਾ ਮੁੱਦਾ ਉਠਾਇਆ। ਰਾਜ ਸਭਾ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਸੰਧੂ ਨੇ ਸੈਨਿਕ ਅਕੈਡਮੀ ਸਥਾਪਤ ਕਰਨ ਲਈ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ ਜਿਸ ਦਾ ਐਲਾਨ 8 ਅਪ੍ਰੈਲ 1999 ਨੂੰ ਤਤਕਾਲੀ ਪ੍ਰਧਾਨ ਮੰਤਰੀ ਵਾਜਪਾਈ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ 300ਵੀਂ ਵਰ੍ਹੇਗੰਢ ਦੇ ਜਸ਼ਨਾਂ ਦੌਰਾਨ ਕੀਤਾ ਸੀ।
ਇਸ ਮੁੱਦੇ ‘ਤੇ ਬੋਲਦਿਆਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ, “ ਸ੍ਰੀ ਆਨੰਦਪੂਰ ਸਾਹਿਬ ਸ਼ਹਿਰ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਅਹਿਮ ਮਹੱਤਵ ਰੱਖਦਾ ਹੈ। ਇਹ ਸਿੱਖ ਭਾਈਚਾਰੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਅਦ ਧਾਰਮਿਕ ਸਥਾਨਾਂ 'ਚੋਂ ਸਭ ਤੋਂ ਮਹੱਤਵਪੂਰਨ ਅਸਥਾਨਾਂ ਵਿੱਚੋਂ ਇੱਕ ਹੈ। ਇਹ ਸਿੱਖ ਧਰਮ ਦੀ ਧਾਰਮਿਕ ਪ੍ਰੰਪਰਾਵਾਂ ਅਤੇ ਇਤਿਹਾਸ ਨਾਲ ਕਾਫ਼ੀ ਕਰੀਬ ਤੋਂ ਜੁੜਿਆ ਹੋਇਆ ਹੈ ਤੇ ਸਿੱਖਾਂ ਦੇ ਪੰਜ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਹੀ ਸ੍ਰੀ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨਾਂ ਲਈ ਆਉਂਦੇ ਹਨ। ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਤਿਉਹਾਰ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। 1999 ਵਿੱਚ ਖਾਲਸਾ ਪੰਥ ਦੀ 300 ਸਾਲਾਂ ਸਮਾਗਮ ਪੂਰੇ ਭਾਰਤ ਤੇ ਦੁਨੀਆਂ ਵਿੱਚ ਮਨਾਇਆ ਗਿਆ। ਜਿਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ 8 ਅਪ੍ਰੈਲ 1999 ਨੂੰ ਸ੍ਰੀ ਆਨੰਦਪੂਰ ਸਾਹਿਬ ਵਿਖੇ ਕੀਤਾ ਅਤੇ ਇਸ ਪਵਿੱਤਰ ਸ਼ਹਿਰ ਨੂੰ ਇੱਕ ਸੈਨਿਕ ਅਕੈਡਮੀ ਦਾ ਤੋਹਫ਼ਾ ਦੇਣ ਦਾ ਐਲਾਨ ਵੀ ਕੀਤਾ। ਹਾਲਾਂਕਿ ਇਹ ਮੁੱਦਾ ਠੰਢਾ ਪੈ ਗਿਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਰਕਾਰ, ਰਾਸ਼ਟਰ ਲਈ ਪਹਿਲਾਂ ਕੰਮ ਕਰਦੀ ਹੈ, ਇਸ ਸਬੰਧ ਵਿੱਚ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਕ੍ਰਿਪਾ ਕਰਕੇ ਇਸ ਮਾਮਲੇ 'ਤੇ ਗੌਰ ਕੀਤਾ ਜਾਵੇ ਤੇ ਸ੍ਰੀ ਆਨੰਦਪੂਰ ਸਾਹਿਬ ਨੂੰ ਸੈਨਿਕ ਅਕੈਡਮੀ ਦਾ ਅਧਿਕਾਰ ਦੇਣ 'ਤੇ ਵਿਚਾਰ ਕੀਤਾ ਜਾਵੇ।”
ਵਾਜਪਾਈ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੇ ਤਿੰਨ ਸਾਲਾ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਪਵਿੱਤਰ ਸ਼ਹਿਰ ਨੂੰ ਇੱਕ ਸੈਨਿਕ ਅਕੈਡਮੀ ਤੋਹਫ਼ੇ ਵਜੋਂ ਦਿੱਤੀ ਸੀ। ਇਸ ਤੋਂ ਬਾਅਦ ਕੇਂਦਰੀ ਰੱਖਿਆ ਮੰਤਰਾਲੇ ਨੇ 8 ਅਪ੍ਰੈਲ, 1999 ਨੂੰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਵਾਅਦੇ ਅਨੁਸਾਰ ਆਨੰਦਪੁਰ ਸਾਹਿਬ ਵਿਖੇ ਇੱਕ 'ਸੈਨਿਕ ਅਕੈਡਮੀ' ਨੂੰ ਮਨਜ਼ੂਰੀ ਵੀ ਦੇ ਦਿੱਤੀ ਸੀ। ਇਹ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਹੀ ਲਟਕਿਆ ਹੋਇਆ ਹੈ ਅਤੇ ਸ਼ਾਇਦ ਪਹਿਲੀ ਵਾਰ ਇਹ ਮੁੱਦਾ ਸੰਸਦ ਵਿੱਚ ਉਠਾਇਆ ਗਿਆ ਹੈ।
- PTC NEWS