'ਸਮੱਸਿਆ ਹੱਲ ਕਰੋ ਜਾਂ ਫਿਰ ਆਤਮਹੱਤਿਆ ਦੀ ਆਗਿਆ ਦਿਓ' ; ਕਰਜ਼ੇ ਦੇ ਬੋਝ ਤੋਂ ਪ੍ਰੇਸ਼ਾਨ ਵਿਅਕਤੀ ਪਹੁੰਚਿਆ DC ਦਫ਼ਤਰ
Amritsar News : ਕਰਜ਼ੇ ਅਤੇ ਵਿਆਜ ਦੇ ਬੋਝ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਪ੍ਰਿੰਸ ਸਿੰਘ ਨੇ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪ੍ਰਿੰਸ ਸਿੰਘ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਸਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਉਹ ਇੰਨੀ ਮਾਨਸਿਕ ਪ੍ਰੇਸ਼ਾਨੀ ਵਿੱਚ ਹੈ ਕਿ ਉਸਨੂੰ ਆਤਮਹੱਤਿਆ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ।
ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠਾਂ ਦੱਬਿਆ
ਪ੍ਰਿੰਸ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਆਜ਼ ਅਦਾ ਕਰਦਾ ਆ ਰਿਹਾ ਹੈ। ਕਰਜ਼ਾ ਚੁਕਾਉਣ (Loan Debt) ਲਈ ਉਸਨੇ ਆਪਣਾ ਮਕਾਨ ਅਤੇ ਜ਼ਮੀਨ ਤੱਕ ਗਿਰਵੀ ਰੱਖ ਦਿੱਤੀ, ਪਰ ਇਸ ਦੇ ਬਾਵਜੂਦ ਕਰਜ਼ਾ ਖਤਮ ਨਹੀਂ ਹੋ ਸਕਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਉਸ ਕੋਲ ਕਰਜ਼ਾ ਵਾਪਸ ਕਰਨ ਲਈ ਕੋਈ ਸਾਧਨ ਨਹੀਂ ਬਚਿਆ।
ਕਰਜ਼ਾ ਨਾ ਮੋੜਨ 'ਤੇ ਮਿਲ ਰਹੀਆਂ ਧਮਕੀਆਂ
ਉਸਦਾ ਦੋਸ਼ ਹੈ ਕਿ ਕਰਜ਼ਾ ਦੇਣ ਵਾਲੇ ਲੋਕ ਲਗਾਤਾਰ ਪੈਸੇ ਵਾਪਸ ਕਰਨ ਲਈ ਦਬਾਅ ਬਣਾ ਰਹੇ ਹਨ ਅਤੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਿੰਸ ਸਿੰਘ ਨੇ ਦਾਅਵਾ ਕੀਤਾ ਕਿ ਕੁਝ ਲੋਕ ਉਸਦਾ ਪਿੱਛਾ ਕਰਦੇ ਹਨ ਅਤੇ ਘਰ ਦੇ ਬਾਹਰ ਖੜ੍ਹੇ ਹੋ ਕੇ ਵੀ ਧਮਕੀਆਂ ਦਿੰਦੇ ਹਨ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਬੱਚੀ ਦਾ ਵੀ ਪਿੱਛਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰਾ ਪਰਿਵਾਰ ਡਰ ਦੇ ਮਾਹੌਲ ਵਿੱਚ ਰਹਿ ਰਿਹਾ ਹੈ।
ਪ੍ਰਸ਼ਾਸਨ ਨੂੰ ਸਮੱਸਿਆ ਹੱਲ ਕਰਨ ਦੀ ਕੀਤੀ ਮੰਗ
ਪੀੜਤ ਨੇ ਪ੍ਰਸ਼ਾਸਨ ਅੱਗੇ ਮੁੱਖ ਤੌਰ ’ਤੇ ਦੋ ਮੰਗਾਂ ਰੱਖੀਆਂ ਹਨ। ਪਹਿਲੀ, ਉਸਦੇ ਕਰਜ਼ੇ ਅਤੇ ਵਿਆਜ ਨਾਲ ਜੁੜੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਉਹ ਇਸ ਮੁਸੀਬਤ ਤੋਂ ਬਾਹਰ ਨਿਕਲ ਸਕੇ। ਦੂਜੀ, ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਸਨੇ ਦੱਸਿਆ ਕਿ ਪਰਿਵਾਰ ਵਿੱਚ ਪਤਨੀ, ਬੱਚੇ ਅਤੇ ਬਜ਼ੁਰਗ ਪਿਤਾ ਹਨ ਅਤੇ ਧਮਕੀਆਂ ਕਾਰਨ ਸਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।
ਇਹ ਵੀ ਪੜ੍ਹੋ... Kolkata ’ਚ ਵਾਪਰੀ ਦਿੱਲੀ ਵਰਗੀ ਘਟਨਾ : 9 ਲੋਕਾਂ ਦੀ ਦਰਦਨਾਕ ਮੌਤ; ਇੰਝ ਵਾਪਰਿਆ ਸੀ ਹਾਦਸਾ
ਇਸ ਮੌਕੇ ਪ੍ਰਿੰਸ ਦੀ ਪਤਨੀ ਨੀਲਮ ਕੌਰ ਨੇ ਕਿਹਾ ਕਿ ਉਸਦਾ ਪਤੀ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬ ਚੁੱਕਾ ਹੈ। ਕਰਜ਼ਦਾਰਾਂ ਦੀਆਂ ਕਿਸ਼ਤਾਂ ਦੇਣ ਦੇ ਬਾਵਜੂਦ ਵੀ ਕਰਜ਼ਾ ਸਿਰ ’ਤੇ ਚੜ੍ਹਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ ਹਨ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਡਰੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ।
ਪੁਲਿਸ ਦਾ ਕੀ ਹੈ ਕਹਿਣਾ ?
ਉੱਧਰ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਸਿੰਘ ਦੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਸ਼ਿਕਾਇਤ ਵਿੱਚ ਧਮਕੀਆਂ ਅਤੇ ਗੈਂਗਸਟਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਗਈ ਹੈ ਅਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
- PTC NEWS