ਅੰਮ੍ਰਿਤਸਰ 'ਚ ਚਿੱਟਾ ਹੋਇਆ ਖੂਨ, ਜਾਇਦਾਦ ਖਾਤਰ ਪੁੱਤ ਨੇ ਪਿਓ ਕੀਤੇ ਹਮਲਾ, ਹਾਲਤ ਗੰਭੀਰ
ਅੰਮ੍ਰਿਤਸਰ: ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਬੂੜੇਵਾਲਕੰਗ 'ਚ ਜਾਇਦਾਦ ਨੂੰ ਲੈ ਕੇ ਇੱਕ ਪੁੱਤ ਵੱਲੋਂ ਆਪਣੇ ਪਿਓ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੁੱਤ ਵੱਲੋਂ ਪਿਓ ਨੂੰ ਬੁਰੀ ਤਰ੍ਹਾਂ ਨਾਲ ਵੱਢ ਕੇ ਜਖਮੀ ਕਰ ਦਿੱਤਾ ਹੈ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਪੀੜਤ ਦੀ ਕੁੜੀ ਜਤਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਤਿੰਦਰ ਸਿੰਘ ਨੇ ਪਿਤਾ ਜੁਗਰਾਜ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ ਹੈ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਇਦਾਦ ਨੂੰ ਲੈ ਕੇ ਉਸਦੇ ਭਰਾ ਵੱਲੋਂ ਆਪਣੇ ਪਿਓ ਨੂੰ ਬੁਰੀ ਤਰ੍ਹਾਂ ਦੇ ਨਾਲ ਜਖਮੀ ਕੀਤਾ ਗਿਆ ਹੈ।
ਉਧਰ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਜਾਇਦਾਦ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਿਓ-ਪੁੱਤ ਬੈਠੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਦੱਸਿਆ ਕਿ ਜੁਗਰਾਜ਼ ਸਿੰਘ ਦੇ ਚਾਰ ਧੀਆਂ ਅਤੇ ਦੋ ਮੁੰਡੇ ਹਨ। ਜੁਗਰਾਜ ਸਿੰਘ ਕੋਲ ਕੁੱਲ 8 ਮਰਲੇ ਥਾਂ ਹੈ। ਇਸ ਜਾਇਦਾਦ ਨੂੰ ਲੈ ਕੇ ਝਗੜਾ ਸੀ। ਮੁਲਜ਼ਮ ਮੁੰਡਾ ਗੋਲਡੀ ਆਪਣੇ ਪਿਓ ਕੋਲੋਂ ਅੱਧੀ ਜਾਇਦਾਦ ਆਪਣੇ ਨਾਂ ਕਰਨ ਲਈ ਕਹਿ ਰਿਹਾ ਸੀ, ਪਰ ਜੁਗਰਾਜ ਸਿੰਘ ਕੁੜੀਆਂ ਨੂੰ ਵੀ ਹਿੱਸਾ ਦੇਣ ਲਈ ਕਹਿ ਰਿਹਾ ਸੀ।
ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜੋ ਵੀ ਕਾਰਵਾਈ ਹੋਵੇਗੀ ਉਹ ਹੀ ਕੀਤੀ ਜਾਵੇਗੀ।
- PTC NEWS