Sat, Jun 15, 2024
Whatsapp

ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਗੁਰੂ ਸਾਹਿਬ ਨੂੰ ਵੀ ਇਸਲਾਮ ਧਾਰਨ ਕਰਨ ਬਾਰੇ ਪ੍ਰੋਤਸਾਹਿਤ ਕੀਤਾ ਗਿਆ ਅਤੇ ਅਖੀਰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਸਾਹਿਬ ਜੀ ਦੀ ਸਿੱਖ ਕੌਮ ਵਿੱਚ ਪਹਿਲੀ ਅਤੇ ਲਾਸਾਨੀ ਸ਼ਹਾਦਤ ਹੈ।

Written by  KRISHAN KUMAR SHARMA -- June 10th 2024 08:14 AM -- Updated: June 10th 2024 08:40 AM
ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

Guru Arjan Dev Ji Shaheedi : ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਵਾਰਿਸ ਗੁਰੂ ਅਰਜਨ ਦੇਵ ਜੀ ਸਨ। ਜਿਨ੍ਹਾਂ ਨੇ ਨਾ ਕੇਵਲ ਸਿੱਖ ਧਰਮ ਦੇ ਵਿਕਾਸ ਵਿੱਚ ਹੀ ਆਪਣਾ ਵਡਮੁੱਲਾ ਯੋਗਦਾਨ ਪਾਇਆ , ਸਗੋਂ ਸਿੱਖ ਕੌਮ (Sikh History) ਵਿੱਚ ਪਹਿਲੀ ਵਾਰ ਆਪਣੀ ਸ਼ਹਾਦਤ ਦੇ ਕੇ ਗੁਰੂ ਪਰੰਪਰਾ ਨੂੰ ਇੱਕ ਨਵੇਂ ਮੋੜ 'ਤੇ ਲਿਆ ਖੜਾ ਕੀਤਾ, ਜਿਥੇ ਭਗਤੀ ਦੀ ਰੱਖਿਆ ਲਈ ਸ਼ਕਤੀ ਦੇ ਸੰਕਲਪ ਦੀ ਤੀਬਰ ਜ਼ਰੂਰਤ ਅਨੁਭਵ ਹੋਣ ਲੱਗੀ। 

ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ, 1563 ਈ: ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਘਰ ਬੀਬੀ ਭਾਨੀ ਦੇ ਕੁੱਖੋਂ ਗੋਇੰਦਵਾਲ ਵਿਖੇ ਹੋਇਆ। ਆਪ ਦੇ ਨਾਨਾ ਗੁਰੂ ਅਮਰਦਾਸ ਜੀ ਅਤੇ ਪਿਤਾ ਗੁਰੂ ਰਾਮਦਾਸ ਜੀ ਦੀ ਰਹਿਨੁਮਾਈ ਹੇਠ ਆਪ ਜੀ ਦਾ ਬਚਪਨ ਬੀਤਿਆ। ਬਚਪਨ ਤੋਂ ਹੀ ਆਪ ਜੀ ਨੂੰ ਘਰ ਵਿੱਚ ਅਧਿਆਤਮਕ ਵਾਤਾਵਰਣ ਮਿਲਿਆ ਜਿਸ ਕਰਕੇ ਸੰਸਾਰੀ ਖੇਡਾਂ ਨਾਲੋਂ ਆਪ ਜੀ ਦੀ ਰੁਚੀ ਜ਼ਿਆਦਾਤਰ ਅਧਿਆਤਮਿਕਤਾ ਵਾਲੀ ਹੀ ਸੀ। ਗੁਰੂ ਅਮਰਦਾਸ ਜੀ ਵੱਲੋਂ ਆਪ ਜੀ ਨੂੰ ਬਚਪਨ ਤੋਂ ਹੀ 'ਦੋਹਿਤਾ ਬਾਣੀ ਕਾ ਬੋਹਿਥਾ' ਦਾ ਵਰ ਪ੍ਰਾਪਤ ਸੀ। ਗੁਰੂ ਅਰਜਨ ਦੇਵ ਜੀ ਸ਼ੁਰੂ ਤੋਂ ਜ਼ਿਆਦਾਤਰ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਰਹੇ ਜਿਸ ਸਦਕਾ ਉਹਨਾਂ ਦੀ ਆਤਮਿਕ ਪ੍ਰਤਿਭਾ ਸੁਚੱਜੇ ਢੰਗ ਨਾਲ ਵਿਕਸਿਤ ਹੋ ਕੇ ਗੁਰੂ ਪਦ ਦੀ ਅਧਿਕਾਰੀ ਬਣੀ। ਉਹਨਾਂ ਦੀ ਸੰਗਤ ਵਿੱਚ ਰਹਿੰਦਿਆਂ ਹੀ ਆਪ ਨੇ ਸੰਜਮੀ, ਧੀਰਜ, ਬ੍ਰਹਮ ਦੀ ਪਛਾਣ ਭਾਵ ਸਾਰੇ ਸਦਗੁਣ ਧਾਰਨ ਕੀਤੇ ਸਨ। 


ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਅੱਖਰ ਦਾ ਗਿਆਨ ਗੁਰੂ ਅਮਰਦਾਸ ਜੀ ਪਾਸੋਂ ਪ੍ਰਾਪਤ ਕੀਤਾ। ਬਾਬਾ ਮੋਹਰੀ ਜੀ ਨੇ ਗਣਿਤ ਵਿੱਦਿਆ ਦੀ ਸਿਖਲਾਈ ਦਿੱਤੀ। ਆਪ ਨੇ ਦੇਵਨਾਗਰੀ ਪਿੰਡ ਦੀ ਪਾਠਸ਼ਾਲਾ ਵਿੱਚ ਪਾਂਧੇ ਪਾਸੋਂ ਹਾਸਿਲ ਕੀਤੀ। ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਪਾਸੋਂ ਅਤੇ ਫ਼ਾਰਸੀ ਅੱਖਰ ਪਿੰਡ ਦੇ ਮਦਰੱਸੇ ਵਿੱਚ ਸਿੱਖੇ। ਆਪ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਬਾਣੀ ਦਾ ਅਧਿਐਨ ਕੀਤਾ। ਆਪ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਆਪ ਨੇ ਗੁਰਗੱਦੀ ਸੰਭਾਲਣ ਤੋਂ ਪਹਿਲਾਂ ਪੰਜਾਬੀ, ਬ੍ਰਿਜ, ਸੰਸਕ੍ਰਿਤ ਭਾਸ਼ਾ, ਵਿਆਕਰਣ ਅਤੇ ਸੰਗੀਤ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ।

ਗੁਰੂ ਅਰਜਨ ਦੇਵ ਜੀ ਦਾ ਵਿਆਹ 1579 ਈ: ਵਿੱਚ ਮਊ ਪਿੰਡ ਦੇ ਕ੍ਰਿਸ਼ਨ ਚੰਦ ਦੀ ਸਪੁੱਤਰੀ ਗੰਗਾ ਦੇਵੀ ਨਾਲ ਹੋਇਆ। 

ਅਧਿਆਤਮਿਕ ਬਿਰਤੀ ਦੇ ਮਾਲਕ ਹੋਣ ਸਦਕਾ ਅਤੇ ਗੁਰੂ ਅਮਰਦਾਸ ਜੀ ਦੇ ਵਰਦਾਨ ਸਦਕਾ ਗੁਰਮਤਿ ਪਰੰਪਰਾ ਵਿੱਚ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਨ ਜੋ ਆਪਣੇ ਪਿਤਾ ਪੁਰਖਾਂ ਵੱਲੋਂ ਵਿਰਾਸਤੀ ਰੂਪ ਵਿੱਚ ਗੁਰਤਾ ਗੱਦੀ ਦੇ ਹੱਕਦਾਰ ਬਣੇ। ਗੁਰੂ ਸਾਹਿਬ ਦਾ ਵੱਡਾ ਭਰਾ ਪ੍ਰਿਥੀ ਚੰਦ ਜੋ ਕਿ ਉਮਰ ਵਿੱਚ ਵੀ ਗੁਰੂ ਸਾਹਿਬ ਤੋਂ ਵੱਡਾ ਸੀ ਤੇ ਸੰਸਾਰਕ ਕਾਰ ਵਿਹਾਰ ਵੀ ਮੋਹਰੀ ਹੋ ਕੇ ਕਰਦਾ ਸੀ, ਆਪਣੇ ਆਪ ਨੂੰ ਗੱਦੀ ਦਾ ਹੱਕਦਾਰ ਸਮਝਦਾ ਸੀ। ਪਰ ਗੁਰਤਾ ਗੱਦੀ ਦਾ ਰਹੱਸ ਤਾਂ ਧੁਰੋਂ ਹੀ ਨਿਸ਼ਚਿਤ ਸੀ। ਜਦੋਂ ਉਸਨੂੰ ਗੁਰਤਾ ਗੱਦੀ ਦੇ ਹੱਕ ਤੋਂ ਵਾਂਝਿਆ ਰੱਖਿਆ ਗਿਆ ਤਾਂ ਬਹੁਤ ਹੀ ਨਰਾਜ਼ ਹੋਇਆ। ਇਥੋਂ ਤੱਕ ਕਿ ਆਪਣੇ ਗੁਰੂ-ਪਿਤਾ ਗੁਰੂ ਰਾਮਦਾਸ ਜੀ ਦੇ ਸਮਝਾਉਣ 'ਤੇ ਉਹਨਾਂ ਨਾਲ ਵੀ ਕੁਬੋਲ ਬੋਲਣ ਤੋਂ ਗੁਰੇਜ਼ ਨਾ ਕੀਤਾ। ਜਿਸ ਸਦਕਾ ਗੁਰੂ ਸਾਹਿਬ ਨੇ ਉਸਨੂੰ ਆਪਣੇ ਨਾਲ ਨਾ ਮਿਲਣ ਦਾ ਹੁਕਮ ਦਿੰਦੇ ਹੋਏ ਉਸਦੀਆਂ ਕਾਲੀਆਂ ਕਰਤੂਤਾਂ ਸਦਕਾ ਮੀਣਾ ਤੱਕ ਕਹਿ ਦਿੱਤਾ। ਕਿਉਂਕਿ ਪ੍ਰਿਥੀ ਚੰਦ ਲਾਲਚੀ, ਸਵਾਰਥੀ ਅਤੇ ਈਰਖਾਲੂ ਸੁਭਾਅ ਦਾ ਮਾਲਕ ਸੀ, ਛੋਟਾ ਪੁੱਤਰ ਮਹਾਂਦੇਵ ਬਿਲਕੁਲ ਹੀ ਮਸਤ ਸੁਭਾਅ ਦਾ ਮਾਲਕ ਸੀ ਤੇ ਕੇਵਲ ਗੁਰੂ ਅਰਜਨ ਦੇਵ ਜੀ ਹੀ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਸੇਵਾ, ਸਾਦਗੀ, ਸਬਰ, ਸੰਤੋਖ, ਨਿਸ਼ਕਾਮ ਭਗਤੀ ਤੇ ਤਿਆਗ ਜਿਹੇ ਗੁਣਾਂ ਨਾਲ ਭਰਪੂਰ ਸਨ ਤੇ ਗੁਰਤਾ ਗੱਦੀ ਦੇ ਹੱਕਦਾਰ ਤਾਂ ਗੁਰੂ ਸਾਹਿਬ ਦੀ ਪਰਖ ਕਸਵੱਟੀ ਵਿੱਚੋਂ ਪੂਰੇ ਉਤਰਨ ਵਾਲੇ ਸ਼ਰਧਾਲੂ ਹੀ ਹੁੰਦੇ ਸਨ। ਇਸ ਲਈ ਗੁਰੂ ਰਾਮਦਾਸ ਜੀ ਦੀ ਪਾਰਖੂ ਅੱਖ ਵਿੱਚੋਂ ਪਰਖ ਕਸਵੱਟੀ 'ਤੇ ਪੂਰੇ ਉਤਰਨ ਉਪਰੰਤ ਹੀ 1581 ਈ: ਨੂੰ ਗੁਰਤਾ ਗੱਦੀ ਦੇ ਯੋਗ ਉਤਰਾਧਿਕਾਰੀ ਬਣੇ। 

ਆਪ ਜੀ ਦੇ ਗੁਰਗੱਦੀ 'ਤੇ ਬੈਠਣ ਉਪਰੰਤ ਸਿੱਖ ਧਰਮ ਦਾ ਮੂੰਹ-ਮੁਹਾਂਦਰਾ ਹੋਰ ਵੀ ਨਿਖਰਨਾ ਸ਼ੁਰੂ ਹੋ ਗਿਆ। ਉਨ੍ਹਾਂ ਧਰਮ ਦੇ ਵਿਗੜਦੇ ਰੂਪ ਜਿਵੇਂ ਤੀਰਥ ਯਾਤਰਾ, ਦੇਵੀ ਦੇਵਤਿਆਂ ਦੀ ਪੂਜਾ, ਮੜੀ ਮਸਾਣਾਂ ਦੀ ਪੂਜਾ ਆਦਿ ਬਾਰੇ ਵਹਿਮ ਭਰਮਾਂ ਨੂੰ ਨਕਾਰਦੇ ਹੋਏ ਧਰਮ ਦਾ ਸਹੀ ਰੂਪ ਸਪੱਸ਼ਟ ਕੀਤਾ। ਇਸ ਦੇ ਨਾਲ ਹੀ ਅਜਿਹਾ ਵਿਤਕਰਾ ਦੂਰ ਕਰਨ ਲਈ ਸਮਾਜ ਵਿੱਚ ਜਾਤ ਪਾਤ ਦਾ ਹੁੰਦਾ ਵਿਰੋਧ ਖ਼ਤਮ ਕਰਨ ਹਿੱਤ ਗੁਰੂ ਨਾਨਕ ਸਾਹਿਬ ਦੁਆਰਾ ਚਲਾਏ ਸੰਗਤ-ਪੰਗਤ ਦੇ ਸੰਕਲਪ ਨੂੰ ਹੋਰ ਵੀ ਵਿਕਸਿਤ ਕੀਤਾ। ਉਹਨਾਂ ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ ਤੇ ਹਰਿਗੋਬਿੰਦਪੁਰਾ ਸ਼ਹਿਰ ਵਸਾਏ ਅਤੇ ਸੰਤੋਖਸਰ, ਰਾਮਸਰ ਅਤੇ ਤਰਨਤਾਰਨ ਸਾਹਿਬ ਵਿਖੇ ਸਰੋਵਰਾਂ ਦਾ ਵੀ ਨਿਰਮਾਣ ਕਰਵਾਇਆ। ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਕਰਵਾਉਣ ਲਈ ਇਸ ਦੀ ਨੀਂਹ ਸੂਫੀ ਫਕੀਰ ਸਾਈ ਮੀਆਂ ਮੀਰ ਦੇ ਹੱਥੋਂ ਰਖਵਾਈ ਤੇ ਸੰਗਤ ਨੂੰ ਸਰਬ-ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹੋਏ ਉਹਨਾਂ ਦੀ ਯੋਗ ਅਗਵਾਈ ਕੀਤੀ। 

ਗੁਰੂ ਅਰਜਨ ਦੇਵ ਜੀ ਮਹਾਨ ਸਾਹਿਤਕਾਰ ਸਨ। ਉਹਨਾਂ ਆਪਣੇ ਪੂਰਵਵਰਤੀ ਗੁਰੂ ਸਾਹਿਬਾਨ ਵਾਂਗ ਬਾਣੀ ਰਚਨਾ ਕੀਤੀ। ਗੁਰੂ ਸਾਹਿਬ ਦੀ ਬਾਣੀ ਜਗਿਆਸੂਆਂ ਦੇ ਕਲਿਆਣ ਹਿੱਤ ਸੇਧ ਪ੍ਰਦਾਨ ਕਰਦੀ ਹੈ ਤੇ ਪੂਰਵਵਰਤੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਹੀ ਵਿਸਤਾਰ ਕਰਦੀ ਹੈ। ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਰਚਨਾ ਕੀਤੀ ਅਤੇ ਨਾਲ ਹੀ ਵਾਰਾਂ, ਛੰਤ, ਪਦੇ, ਬਿਰਹੜੇ, ਸਲੋਕ ਸਹਸਕ੍ਰਿਤੀ, ਸੁਖਮਨੀ, ਥਿਤੀ, ਬਾਵਨ ਅੱਖਰੀ, ਬਾਰਹਮਾਹਾ ਮਾਝ ਆਦਿ ਬਾਣੀਆਂ ਦੀ ਰਚਨਾ ਵੀ ਆਪ ਦੁਆਰਾ ਹੋਈ ਮਿਲਦੀ ਹੈ।

ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਨਿਵੇਕਲਾ ਅਤੇ ਤਰਜ਼ੀਹੀ ਕੰਮ ਬਾਣੀ ਰਚਣ ਦੇ ਨਾਲ-ਨਾਲ ਬਾਣੀ ਇਕੱਤਰ ਕਰਨ ਦਾ ਵੀ ਸੀ ਅਤੇ ਆਪਣੇ ਤੋਂ ਪੂਰਵਵਰਤੀ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਉਹਨਾਂ ਸਿੱਖ ਕੌਮ ਲਈ ਸਭ ਤੋਂ ਵਿਲੱਖਣ ਧਰਮ ਗ੍ਰੰਥ ਦੀ ਸੰਪਾਦਨਾ ਕੀਤੀ ਹੈ ਜਿਸ ਨੂੰ ਆਦਿ ਗ੍ਰੰਥ ਹੋਣ ਦਾ ਮਾਣ ਬਖਸ਼ਿਆ। ਭਾਵੇਂ ਇਸ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਗੁਰੂ ਅਰਜਨ ਦੇਵ ਜੀ ਦੇ ਹੱਥੋਂ ਹੋਇਆ ਪਰ ਸਮੁੱਚੀ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਗੁਰੂ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਆਪਣੇ ਤੋਂ ਬਾਅਦ ਰਸਮੀ ਤੌਰ 'ਤੇ ਗੁਰਿਆਈ ਦੇ ਕੇ ਗੁਰੂ ਦਾ ਦਰਜਾ ਬਖਸ਼ਿਆ। 

ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਵਿੱਚ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਨੂੰ ਮੌਲਿਕ ਅਤੇ ਸ਼ੁੱਧ ਰੂਪ ਵਿੱਚ ਸੰਪਾਦਿਤ ਕਰਵਾਇਆ। ਇਸ ਦੇ ਲਿਖਾਰੀ ਦਾ ਕਾਰਜ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਕੀਤਾ। ਆਦਿ ਗ੍ਰੰਥ ਵਿਚਲੀ ਬਾਣੀ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਗ੍ਰੰਥ ਵਿਚਲੇ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਨੂੰ ਸਿੱਖ ਸਿਧਾਂਤਾਂ 'ਤੇ ਪੂਰੇ ਉਤਰਨ ਉਪਰੰਤ ਗੁਰੂ ਅਰਜਨ ਦੇਵ ਜੀ ਦੁਆਰਾ ਬਿਨ੍ਹਾਂ ਕਿਸੇ ਰਲਾਅ ਦੇ ਆਪਣੀ ਨਿਗਰਾਨੀ ਹੇਠ ਸ਼ਾਮਿਲ ਕੀਤਾ ਗਿਆ ਹੈ। ਆਦਿ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਨਿਕਟਵਰਤੀਆਂ ਦੀ ਬਾਣੀ ਦਰਜ ਹੈ। ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਨਾਲ ਸਨਮਾਨਿਆ।

ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਬੀੜ ਦਾ ਸੰਪਾਦਨ ਦਾ ਕਾਰਜ 1601 ਈ: ਵਿੱਚ ਆਰੰਭ ਕੀਤਾ ਗਿਆ ਅਤੇ ਇਸ ਦੀ ਸੰਪਾਦਨਾ 1604 ਈ: ਵਿੱਚ ਸੰਪੂਰਨ ਹੋਈ। ਇਸ ਗ੍ਰੰਥ ਨੂੰ ਆਦਿ ਬੀੜ ਦਾ ਦਰਜਾ ਦੇ ਕੇ ਇਸ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ ਗਿਆ ਅਤੇ ਉਹਨਾਂ ਨੂੰ ਪਹਿਲਾ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ ਗਿਆ। ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਸੰਪੂਰਨ ਹੋਣ ਉਪਰੰਤ ਗੁਰੂ ਘਰ ਦੇ ਦੋਖੀ ਜੋ ਕਿ ਗੁਰੂ ਸਾਹਿਬ ਦੀ ਲੋਕ- ਪ੍ਰਿਅਤਾ ਨੂੰ ਸਹਾਰ ਨਾ ਸਕੇ, ਉਹਨਾਂ ਅਕਬਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਬਿਨ੍ਹਾਂ ਕਿਸੇ ਜਾਤੀ ਜਾਂ ਊਚ ਨੀਚ ਦੇ ਭੇਦ-ਭਾਵ ਦੇ ਸਭ ਭਗਤਾਂ ਦੀ ਬਾਣੀ ਸ਼ਾਮਿਲ ਕਰਕੇ ਇੱਕ ਗ੍ਰੰਥ ਤਿਆਰ ਕਰਵਾਇਆ ਹੈ, ਜਿਸ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਰਮ ਅਤੇ ਉਨਾਂ ਦੀ ਪੂਜਾ ਵਿਧੀ ਬਾਰੇ ਨਿੰਦਿਆ ਕੀਤੀ ਗਈ ਹੈ। ਪਰ ਜਦ ਇਸ ਗੱਲ ਦੀ ਪੁਸ਼ਟੀ ਅਕਬਰ ਦੇ ਦਰਬਾਰ ਵਿੱਚ ਹੋਈ ਅਤੇ ਉਸਨੂੰ ਇਸ ਵਿਚਲੀ ਬਾਣੀ ਅਤੇ ਇਸ ਦੇ ਰਹੱਸ ਬਾਰੇ ਗਿਆਨ ਹੋਇਆ ਤਾਂ ਉਹ ਬਹੁਤ ਪ੍ਰਸੰਨ ਹੋਇਆ ਅਤੇ ਉਸਨੇ ਆਪ ਵੀ ਇਸ ਗ੍ਰੰਥ ਦਾ ਬਹੁਤ ਅਦਬ-ਸਤਿਕਾਰ ਕੀਤਾ। ਪਰ ਅਕਬਰ ਦੀ ਮੌਤ ਤੋਂ ਬਾਅਦ ਜਦ ਜਹਾਂਗੀਰ ਗੱਦੀ 'ਤੇ ਬੈਠਿਆਂ ਤਾਂ ਉਹ ਆਪ ਹੀ ਗੁਰੂ ਘਰ ਦਾ ਹਮਾਇਤੀ ਨਾ ਹੋਣ ਕਰਕੇ ਆਪਣੇ ਪੈਰੋਕਾਰਾਂ ਦੇ ਕਹੇ ਅਨੁਸਾਰ ਇਸਲਾਮ ਧਰਮ ਦਾ ਵਿਸਥਾਰ ਕਰਨ ਲੱਗਿਆ ਅਤੇ ਗੁਰੂ ਸਾਹਿਬ ਨੂੰ ਵੀ ਇਸਲਾਮ ਧਾਰਨ ਕਰਨ ਬਾਰੇ ਪ੍ਰੋਤਸਾਹਿਤ ਕੀਤਾ ਗਿਆ ਅਤੇ ਅਖੀਰ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਅਰਜਨ ਸਾਹਿਬ ਜੀ ਦੀ ਸਿੱਖ ਕੌਮ ਵਿੱਚ ਪਹਿਲੀ ਅਤੇ ਲਾਸਾਨੀ ਸ਼ਹਾਦਤ (Guru Arjan Dev Death Anniversary) ਹੈ। ਸਿੱਖ ਇਤਿਹਾਸ ਵਿੱਚ ਇਸ ਸ਼ਹਾਦਤ ਦਾ ਕੋਈ ਇੱਕ ਨਹੀਂ, ਸਗੋਂ ਅਨੇਕਾਂ ਕਾਰਨ ਮੰਨੇ ਗਏ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: 

  • ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਪਹਿਲਾ ਕਾਰਨ ਦੋਹਾਂ ਭਰਾਵਾਂ ਦੀ ਘਰੋਗੀ ਫੁੱਟ ਸੀ। 
  • ਚੰਦੂ ਸ਼ਾਹ ਜੋ ਗੁਰੂ ਜੀ ਦਾ ਆਪਣੀ ਲੜਕੀ ਦੇ ਰਿਸ਼ਤੇ ਨੂੰ ਠੁਕਰਾਨ ਕਾਰਨ ਜਾਨੀ ਦੁਸ਼ਮਣ ਬਣ ਚੁੱਕਾ ਸੀ। 
  • ਜਾਤ-ਅਭਿਮਾਨੀ ਕਾਜ਼ੀ, ਮੁੱਲਾਂ ਅਤੇ ਪੰਡਿਤ ਜੋ ਗਾਹੇ-ਬ-ਗਾਹੇ ਬਾਦਸ਼ਾਹ ਦੇ ਕੰਨ ਭਰਦੇ ਸਨ। 
  • ਗੁਰੂ ਜੀ ਦਾ ਕੌਮ ਦਾ ਸੰਗਠਨ ਦਾ ਕਾਰਜ, ਬਹੁਤ ਸੰਖਿਅਕ ਇਮਾਰਤਾਂ ਅਤੇ ਸੁਧਾਰਕ ਕਾਰਜ ਜਿਨ੍ਹਾਂ ਨੇ ਹਕੂਮਤ ਦੇ ਮਨ ਵਿੱਚ ਆਤੰਕ ਪੈਦਾ ਕਰ ਦਿੱਤਾ ਸੀ। 
  • ਬਹੁਤ ਸਾਰੇ ਇਤਿਹਾਸਕਾਰਾਂ ਨੇ ਖੁਸਰੋ ਦੀ ਮਦਦ ਕਰਨਾ ਵੀ ਸ਼ਹੀਦੀ ਦੇ ਕਾਰਨਾਂ ਵਿਚੋਂ ਇੱਕ ਲਿਖਿਆ ਹੈ।

ਪਰ ਇਹਨਾਂ ਸਭ ਕਾਰਨਾਂ ਤੋਂ ਇਲਾਵਾ ਬਾਦਸ਼ਾਹ ਜਹਾਂਗੀਰ ਦਾ ਸਿੱਖ ਕੌਮ ਪ੍ਰਤੀ ਆਪਣਾ ਰਵੱਈਆ ਵੀ ਠੀਕ ਨਹੀਂ ਸੀ ਕਿਉਂਕਿ ਉਸਦੀ ਆਪਣੀ ਲਿਖਤ ਤੁਜ਼ਕ-ਏ-ਜਹਾਂਗੀਰੀ ਵਿੱਚ ਲਿਖਿਆ ਮਿਲਦਾ ਹੈ, 'ਬਹੁਤ ਸਾਰੇ ਸਧਾਰਨ ਹਿੰਦੂ ਅਤੇ ਬਹੁਤ ਸਾਰੇ ਮੂਰਖ ਮੁਸਲਮਾਨ ਗੁਰੂ ਦੇ ਤੌਰ ਤਰੀਕਿਆਂ ਅਤੇ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਗਏ ਸਨ। ਕਈ ਸਾਲ ਤੱਕ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਰਿਹਾ ਕਿ ਜਾਂ ਤਾਂ ਇਸ ਝੂਠ ਦੇ ਵਪਾਰ ਨੂੰ ਬੰਦ ਕੀਤਾ ਜਾਵੇ ਜਾਂ ਇਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਵਿੱਚ ਲਿਜਾਇਆ ਜਾਵੇ।' ਆਪਣੇ ਇਸ ਮਕਸਦ ਦੀ ਕਾਮਯਾਬੀ ਲਈ ਅਤੇ ਉਪਰੋਕਤ ਕਾਰਨਾਂ ਦੇ ਮੱਦੇ ਨਜ਼ਰ ਗੁਰੂ ਸਾਹਿਬ ਨੂੰ ਲਾਹੌਰ ਬੁਲਾਇਆ ਗਿਆ। ਖੁਸਰੋ ਦੀ ਮਦਦ ਕਰਨ 'ਤੇ ਪਹਿਲਾਂ ਤਾਂ ਭਾਰੀ ਜ਼ੁਰਮਾਨਾ ਅਦਾ ਕਰਨ ਲਈ ਕਿਹਾ ਗਿਆ ਪਰ ਜਦ ਗੁਰੂ ਸਾਹਿਬ ਨੇ ਜ਼ੁਰਮਾਨੇ ਦੀ ਰਕਮ ਦੀ ਅਦਾਇਗੀ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਬਹੁਤ ਸਾਰੇ ਸਰੀਰਕ ਤਸੀਹੇ ਦਿੱਤੇ ਗਏ। ਅੰਤ 30 ਮਈ, 1606 ਈ: ਨੂੰ ਗੁਰੂ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ। 

ਗੁਰੂ ਸਾਹਿਬ ਬੜੇ ਹੀ ਸਹਿਣਸ਼ੀਲ ਅਤੇ ਗੰਭੀਰ ਸੁਭਾਅ ਵਾਲੇ ਧਰਮ ਸਾਧਕ ਸਨ। ਉਨ੍ਹਾਂ ਦਾ ਸਾਰਾ ਜੀਵਨ ਹੀ ਤਨਾਉ ਭਰਿਆ ਸੀ ਪਰ ਫਿਰ ਵੀ ਅਧਿਆਤਮਕ ਬਿਰਤੀ ਦੇ ਮਾਲਕ ਹੋਣ ਸਦਕਾ ਕਦੇ ਵੀ ਨਿਮਰਤਾ ਦਾ ਪੱਲਾ ਨਾ ਛੱਡਿਆ ਅਤੇ ਅੱਤ ਦੇ ਕਸ਼ਟਾਂ ਵਿੱਚ ਵੀ ਮਨ ਵਿੱਚ ਟਿਕਾਉ ਦੀ ਅਵਸਥਾ ਨੂੰ ਕਾਇਮ ਰੱਖਿਆ ਅਤੇ ਅੰਤ ਤੱਕ ਪਰਮਾਤਮਾ ਦੇ ਨਾਮ-ਸਿਮਰਨ ਨਾਲ ਜੁੜੇ ਰਹੇ। 

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਵਿੱਚ ਇੱਕ ਨਵਾਂ ਮੋੜ ਆਇਆ ਜਿਸ ਸਦਕਾ ਸਿੱਖ ਕੌਮ ਦਾ ਰੂਪ ਬਿਲਕੁਲ ਹੀ ਬਦਲ ਗਿਆ। ਜੋ ਲਹਿਰ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਚੱਲ ਰਹੀ ਸੀ, ਉਸਨੇ ਹੁਣ 'ਸੰਤ ਸਿਪਾਹੀ' ਦਾ ਰੂਪ ਧਾਰਨ ਕਰ ਲਿਆ ਸੀ।

- PTC NEWS

Top News view more...

Latest News view more...

PTC NETWORK