Independence Day special : ਆਜ਼ਾਦੀ ਦਾ 'ਗ਼ੁਮਨਾਮ' ਸਿਪਾਹੀ, ਜਿਸਦੀ ਕਲਮ ਤੋਂ ਡਰਦੇ ਸਨ ਅੰਗਰੇਜ਼, ਇਤਿਹਾਸ ਦੇ ਪੰਨਿਆ ਵਿੱਚ ਅੱਜ ਵੀ ਹੈ ਗੁੰਮ..
ਸੁਤੰਤਰਤਾ ਸੰਗਰਾਮ ਵਿੱਚ ਜਿੱਥੇ ਇੱਕ ਪਾਸੇ ਇਨਕਲਾਬੀਆਂ ਨੇ ਆਪਣੀ ਹਿੰਮਤ ਅਤੇ ਦਲੇਰੀ ਨਾਲ ਅੰਗਰੇਜ਼ ਸਰਕਾਰ ਦੇ ਦੰਦ ਖੱਟੇ ਕੀਤੇ ਸਨ ਉੱਥੇ ਹੀ ਦੂਜੇ ਪਾਸੇ ਕਈ ਕਵੀਆਂ ਨੇ ਆਪਣੀ ਕਲਮ ਦੀ ਤਾਕਤ ਨਾਲ ਅੰਗਰੇਜ਼ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਹ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਦੇਣ ਵਾਲੇ ਇੱਕ ਅਜਿਹੇ ਸ਼ਾਇਰ ਦੀ ਕਹਾਣੀ ਹੈ, ਜੋ ਅੱਜ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗੁਆਚ ਗਏ ਹਨ। ਅਸੀਂ ਗੱਲ ਕਰ ਰਹੇ ਹਾਂ ਆਜ਼ਾਦੀ ਦੇ ਨਿਡਰ ਅਤੇ ਬੇਬਾਕ ਸਿਪਾਹੀ ਮੌਲਾਨਾ ਹਸਰਤ ਮੋਹਾਨੀ ਦੀ।
ਕਾਲਜ ਦੌਰਾਨ ਹੀ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਗਏ ਸਨ:
ਉਨ੍ਹਾਂ ਦਾ ਜਨਮ 1 ਜਨਵਰੀ 1875 ਨੂੰ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਮੋਹਨ ਕਸਬੇ ਵਿੱਚ ਹੋਇਆ ਸੀ। ਮੌਲਾਨਾ ਹਸਰਤ ਮੋਹਾਨੀ ਦਾ ਅਸਲੀ ਨਾਂ ਸਈਅਦ ਫਜ਼ਲ-ਉਲ-ਹਸਨ ਸੀ। ਹਸਰਤ ਉਸਦਾ ਤਖੱਲੁਸ (ਕਵਿਤਾ ਜਾਂ ਗ਼ਜ਼ਲ ਲਈ ਵਰਤਿਆ ਜਾਣ ਵਾਲਾ ਉਪਨਾਮ) ਸੀ, ਜੋ ਉਹ ਆਪਣੀ ਸ਼ਾਇਰੀ ਵਿੱਚ ਵੀ ਵਰਤਦੇ ਸਨ। ਮੋਹਨ ਵਿੱਚ ਪੈਦਾ ਹੋਣ ਕਰਕੇ ਮੋਹਾਨੀ ਲਫ਼ਜ਼ ਹਸਰਤ ਨਾਲ ਜੁੜ ਗਿਆ ਜਿਸ ਕਰਕੇ ਬਾਅਦ ਵਿੱਚ ਉਹ ਹਸਰਤ ਮੋਹਾਨੀ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਕਲਮ ਦੀ ਤਾਕਤ ਤੋਂ ਹੀ ਡਰਦੇ ਸਨ ਅੰਗਰੇਜ਼:
ਗ੍ਰੈਜੂਏਸ਼ਨ ਤੋਂ ਬਾਅਦ 1903 ਵਿੱਚ ਉਨ੍ਹਾਂ ਨੇ ਅਲੀਗੜ੍ਹ ਤੋਂ 'ਉਰਦੂ-ਏ-ਮੁੱਲਾ' ਨਾਮ ਦਾ ਇੱਕ ਰਸਾਲਾ ਕੱਢਣਾ ਸ਼ੁਰੂ ਕੀਤਾ। ਇਹ ਮੈਗਜ਼ੀਨ ਅੰਗਰੇਜ਼ ਹਕੂਮਤ ਦੇ ਜ਼ੁਲਮ ਅਤੇ ਗਲਤ ਨੀਤੀਆਂ ਵਿਰੁੱਧ ਲਿਖਦਾ ਸੀ। ਮੌਲਾਨਾ ਆਪਣੀ ਕਲਮ ਨਾਲ ਲੋਕਾਂ ਨੂੰ ਸੁਤੰਤਰਤਾ ਸੰਗਰਾਮ ਬਾਰੇ ਜਾਗਰੂਕ ਕਰਦੇ ਰਹੇ। ਨਤੀਜਾ ਇਹ ਹੋਇਆ ਕਿ ਉਨ੍ਹਾਂ ਨੂੰ 1907 ਵਿੱਚ ਦੁਬਾਰਾ ਜੇਲ੍ਹ ਜਾਣਾ ਪਿਆ। ਅੰਗਰੇਜ਼ ਉਨ੍ਹਾਂ ਦੀ ਕਲਮ ਦੀ ਤਾਕਤ ਨੂੰ ਸਮਝ ਚੁੱਕੇ ਸਨ। ਉਹ ਕਾਂਗਰਸ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ।
ਉਹ 1907 ਤੱਕ ਕਾਂਗਰਸ ਨਾਲ ਰਹੇ। ਇਸ ਤੋਂ ਬਾਅਦ ਬਾਲ ਗੰਗਾਧਰ ਤਿਲਕ ਦੇ ਕਾਂਗਰਸ ਛੱਡਣ 'ਤੇ ਮੌਲਾਨਾ ਵੀ ਕਾਂਗਰਸ ਛੱਡ ਗਏ ਸਨ। ਉਹ ਤਿਲਕ ਦੇ ਨਜ਼ਦੀਕੀਆਂ ਵਿੱਚੋਂ ਇੱਕ ਸਨ।
'ਇਨਕਲਾਬ ਜ਼ਿੰਦਾਬਾਦ' ਦਾ ਦਿੱਤਾ ਨਾਅਰਾ:
ਉਸਨੇ ਗਰਮ ਦਲ ਦੇ ਕ੍ਰਾਂਤੀਕਾਰੀਆਂ ਨਾਲ ਸੁਤੰਤਰਤਾ ਸੰਗਰਾਮ ਵਿੱਚ ਆਪਣੀ ਦਲੇਰੀ ਦਿਖਾਈ। ਉਹ ਕਮਿਊਨਿਸਟ ਪਾਰਟੀ ਦੇ ਸਹਿ-ਸੰਸਥਾਪਕ ਮੈਂਬਰ ਵੀ ਸਨ। ਇਸ ਦੌਰਾਨ ਉਨ੍ਹਾਂ ਨੂੰ 1925 ਵਿੱਚ ਇੱਕ ਵਾਰ ਫਿਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਪਰ ਅੰਗਰੇਜ਼ ਉਨ੍ਹਾਂ ਦੇ ਹੌਸਲੇ ਨੂੰ ਨਾ ਤੋੜ ਸਕੇ। ਉਹ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਮਸ਼ਾਲ ਨੂੰ ਬਾਲਦਾ ਰਿਹਾ।
ਸਾਲ 1929 ਵਿੱਚ ਭਗਤ ਸਿੰਘ ਨੇ ਆਪਣੇ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਜਿਸ ਦੀ ਧਮਕੀ ਕਾਰਨ ਬੋਲ਼ੀ ਅਤੇ ਗੂੰਗੀ ਅੰਗਰੇਜ਼ੀ ਸਰਕਾਰ ਹਿੱਲ ਗਈ। ਉਨ੍ਹਾਂ ਇਸ ਮੌਕੇ ਇੰਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਇੰਨਾ ਹੀ ਨਹੀਂ ਜਦੋਂ ਉਸ ਨੂੰ ਫਾਂਸੀ ਦੇ ਤਖ਼ਤੇ 'ਤੇ ਖੜ੍ਹਾ ਕੀਤਾ ਗਿਆ ਤਾਂ ਉਸ ਦੇ ਮੂੰਹੋਂ ਆਖਰੀ ਸ਼ਬਦ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਸੀ।
ਹਸਰਤ ਮੋਹਣੀ ਦੀ ਕਲਮ ਨਾਲ ਲਿਖਿਆ ਇੰਕਲਾਬ ਜ਼ਿੰਦਾਬਾਦ ਦਾ ਨਾਅਰਾ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਏਨਾ ਉੱਚਾ ਕੀਤਾ ਸੀ ਕਿ ਅੱਜ ਇਸ ਨਾਅਰੇ ਤੋਂ ਬਿਨਾਂ ਕੋਈ ਵੀ ਰੋਸ ਪ੍ਰਦਰਸ਼ਨ ਅਧੂਰਾ ਹੈ।
ਸ਼ਾਇਰੀ ਵੀ ਕਰਦੇ ਸਨ ਹਸਰਤ:
ਮੌਲਾਨਾ ਹਸਰਤ ਮੋਹਾਨੀ ਜਿਨ੍ਹੀਂ ਬੇਹਦ ਖ਼ੂਬਸੂਰਤ ਅਤੇ ਬੇਬਾਕ ਕਲਮ ਦੇ ਮਾਲਕ ਸਨ। ਉਨ੍ਹੇਂ ਹੀ ਮਹਾਨ ਕਵੀ ਵੀ ਸਨ। ਅੱਜ ਵੀ ਉਨ੍ਹਾਂ ਦੁਆਰਾ ਲਿਖੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਲਈ ਵੀ ਬਹੁਤ ਵਧੀਆ ਕਵਿਤਾ ਲਿਖੀ।
"ਮਥੁਰਾ ਕੀ ਨਗਰ ਹੈ ਆਸ਼ਿਕੀ ਕਾ
ਦਮ ਭਰਤੀ ਹੈ ਆਰਜ਼ੂ ਇਸੀ ਕਾ
ਹਰ ਜ਼ੱਰਾ-ਏ-ਸਰ ਜ਼ਮੀਂ-ਏ-ਗੋਕੁਲ
ਦਾਰਾ ਹੈ ਜ਼ਮਾਲ-ਏ-ਦਿਲਬਰੀ ਕਾ"
ਮਸ਼ਹੂਰ ਗ਼ਜ਼ਲ ਗਾਇਕ ਗੁਲਾਮ ਅਲੀ ਦੀ ਗ਼ਜ਼ਲ ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਨਿਕਾਹ ਵਿੱਚ ਗਾਈ ਗਈ ਹੈ। 'ਚੁਪਕੇ ਚੁਪਕੇ ਰਾਤ ਦਿਨ ਆਂਸੁ ਬਹਾਨਾ ਯਾਦ ਹੈ...' ਸ਼ਾਇਦ ਹੀ ਕੋਈ ਸੰਗੀਤ ਪ੍ਰੇਮੀ ਹੋਵੇ ਜਿਸ ਨੂੰ ਇਸ ਗ਼ਜ਼ਲ ਨੂੰ ਪਸੰਦ ਨਾ ਹੋਵੇ। ਇਹ ਗ਼ਜ਼ਲ ਮੌਲਾਨਾ ਹਸਰਤ ਮੋਹਾਨੀ ਨੇ ਲਿਖੀ ਸੀ।
ਮੌਲਾਨਾ ਦਾ ਕਾਵਿ ਸੰਗ੍ਰਹਿ ‘ਕੁਲੀਅਤ-ਏ-ਹਸਰਤ’ ਦੇ ਨਾਂ ਨਾਲ ਮਸ਼ਹੂਰ ਹੈ। ਉਰਦੂ ਗ਼ਜ਼ਲ ਨੂੰ ਨਵਾਂ ਰੁਤਬਾ ਦੇਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਕਵਿਤਾ ਵਿੱਚ ਪਿਆਰ, ਸਮਾਜਿਕ, ਰਾਜਨੀਤਿਕ, ਨਿਆਂਇਕ ਅਤੇ ਆਜ਼ਾਦੀ ਦੀ ਭਾਵਨਾ ਨਜ਼ਰ ਆਉਂਦੀ ਹੈ।
ਆਪਣੇ ਆਖ਼ਿਰੀ ਸਾਹ ਤੱਕ ਦੇਸ਼ ਲਈ ਦਿੱਤੀ ਕੁਰਬਾਨੀ:
ਇਤਿਹਾਸਕਾਰਾਂ ਅਨੁਸਾਰ 1921 ਵਿੱਚ ਹਸਰਤ ਮੋਹਾਨੀ ਨੇ ਸਭ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਹੋਈ ਕਾਂਗਰਸ ਕਾਨਫਰੰਸ ਦੌਰਾਨ ਪੂਰਨ ਆਜ਼ਾਦੀ ਦਾ ਪ੍ਰਸਤਾਵ ਰੱਖਿਆ ਸੀ, ਜੋ ਉਸ ਸਮੇਂ ਪਾਸ ਨਹੀਂ ਹੋ ਸਕਿਆ। ਹਸਰਤ ਮੋਹਾਨੀ ਨੇ ਸਵਦੇਸ਼ੀ ਅੰਦੋਲਨ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ।
ਦੱਸ ਦੇਈਏ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੇ ਕੋਈ ਵੀ ਸਰਕਾਰੀ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ । ਇੱਥੋਂ ਤੱਕ ਕਿ ਉਹ ਆਪਣੇ ਹੀ ਖਰਚੇ 'ਤੇ ਸੰਸਦ ਜਾਂਦੇ ਸਨ। ਉਨ੍ਹਾਂ ਨੇ ਆਪਣੇ ਆਖ਼ਿਰੀ ਸਾਹ ਤੱਕ ਦੇਸ਼ ਲਈ ਕੁਰਬਾਨੀ ਦਿੱਤੀ। 13 ਮਈ 1951 ਨੂੰ ਹਸਰਤ ਮੋਹਾਨੀ ਨੇ ਲਖਨਊ ਵਿੱਚ ਇਸ ਦੁਨੀਆਂ ਤੋਂ ਰੁਖ਼ਸਤੀ ਲੈ ਗਏ ਅਤੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।
ਮਹਾਨ ਇਨਕਲਾਬੀ ਹਸਰਤ ਮੋਹਾਨੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ, ਪਰ ਇਤਿਹਾਸ ਵਿੱਚ ਉਨ੍ਹਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੂੰ ਇੱਕ 'ਗੁਮਨਾਮ ਇਨਕਲਾਬੀ' ਵਜੋਂ ਛੱਡਿਆ ਨਹੀਂ ਜਾ ਸਕਦਾ।
- PTC NEWS