Tue, Apr 16, 2024
Whatsapp

ਅੱਜ ਸਿੱਖਾਂ ਨੂੰ ਏਕਤਾ ਦੇ ਸੂਤਰ ਵਿਚ ਬੱਝਣ ਦੀ ਵੱਡੀ ਲੋੜ ਹੈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

Written by  Amritpal Singh -- March 26th 2024 07:06 PM
ਅੱਜ ਸਿੱਖਾਂ ਨੂੰ ਏਕਤਾ ਦੇ ਸੂਤਰ ਵਿਚ ਬੱਝਣ ਦੀ ਵੱਡੀ ਲੋੜ ਹੈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਅੱਜ ਸਿੱਖਾਂ ਨੂੰ ਏਕਤਾ ਦੇ ਸੂਤਰ ਵਿਚ ਬੱਝਣ ਦੀ ਵੱਡੀ ਲੋੜ ਹੈ : ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਅੱਜ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਦਿੰਦਿਆਂ ਹੋਲਾ-ਮਹੱਲਾ ਦੀ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਅੰਮ੍ਰਿਤਧਾਰੀ ਹੋ ਕੇ ਸ਼ਾਸਤਰ ਤੇ ਸ਼ਸਤਰ ਦੇ ਧਾਰਨੀ ਹੋਣ ਦੀ ਤਾਕੀਦ ਕੀਤੀ ਹੈ। 

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅੱਜ ਸਿੱਖਾਂ ਨੂੰ ਏਕਤਾ ਦੇ ਸੂਤਰ ਵਿਚ ਬੱਝਣ ਦੀ ਵੱਡੀ ਲੋੜ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਿੱਖ ਭਾਈਚਾਰਕ ਤੌਰ ‘ਤੇ ਇਤਫਾਕ ਕਾਇਮ ਨਹੀਂ ਕਰਦੇ, ਸਰਕਾਰਾਂ ਧੱਕਾ ਕਰਦੀਆਂ ਰਹਿਣਗੀਆਂ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦੇ ਕਿਸਾਨ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਰੁਲ ਰਹੇ ਹਨ ਪਰ ਜਦੋਂ ਸੱਤਾਧਾਰੀ ਵੋਟਾਂ ਮੰਗਣ ਆਉਣ ਤਾਂ ਆਮ ਲੋਕ ਉਨ੍ਹਾਂ ਦੀ ਜਵਾਬਦੇਹੀ ਜ਼ਰੂਰ ਕਰਨ। ਉਨ੍ਹਾਂ ਆਖਿਆ ਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ ਅਤੇ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਜੇਕਰ ਆਪਣੇ ਹੱਕਾਂ ਲਈ ਹਥਿਆਰ ਚੁੱਕਣ ਵਾਲੇ ਬੰਦੀ ਸਿੰਘ ਅੱਤਵਾਦੀ ਸਨ ਤਾਂ ਸਾਰਾ ਖ਼ਾਲਸਾ ਪੰਥ ਹੀ ਅੱਤਵਾਦੀ ਹੈ, ਕਿਉਂਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਖ਼ਾਲਸਾ ਪੰਥ ਨੂੰ ਗੁਰੂ ਸਾਹਿਬਾਨ ਨੇ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ‘ਚੋਂ ਕੱਢ ਕੇ ਅੰਮ੍ਰਿਤਧਾਰੀ ਬਣਾਉਣ ਅਤੇ ਧਰਮ ਪ੍ਰਚਾਰ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦਾ ਕੀ ਗੁਨਾਹ ਸੀ, ਜਿਨ੍ਹਾਂ ਨੂੰ ਸਰਕਾਰ ਨੇ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਡਿਬਰੂਗੜ੍ਹ ਦੀ ਜੇਲ੍ਹ ਵਿਚ ਐਨ.ਐਸ.ਏ. ਲਗਾ ਕੇ ਨਜ਼ਰਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਧਰਮ ਪ੍ਰਚਾਰ ਕਰਨਾ ਗੁਨਾਹ ਹੈ ਤਾਂ ਇਹ ਗੁਨਾਹ ਹਰ ਸਿੱਖ ਕਰੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ ਸਰਕਾਰ ‘ਤੇ ਸਿੱਖਾਂ ਨੂੰ ਧਾਰਮਿਕ, ਆਰਥਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਭੂਗੋਲਿਕ ਤੌਰ ‘ਤੇ ਕਮਜ਼ੋਰ ਕਰਨ ਦੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਪੰਜਾਬ ਦੇ ਲੋਕਾਂ ਕੋਲੋਂ ਖੇਤੀਬਾੜੀ ਵਰਗਾ ਸਵੈਮਾਣ ਵਾਲਾ ਕਿੱਤਾ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਾਰੂ ਹੀਲੇ ਵਰਤੇ ਜਾ ਰਹੇ ਹਨ, ਜਿਨ੍ਹਾਂ ਤੋਂ ਪੰਜਾਬ ਵਾਸੀਆਂ ਨੂੰ ਸਮਾਂ ਰਹਿੰਦਿਆਂ ਸੁਚੇਤ ਹੋਣ ਦੀ ਲੋੜ ਹੈ। 
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅੱਜ ਹਰੇਕ ਸਿੱਖ ਨੂੰ ਸਿੱਖੀ ਦਾ ਪ੍ਰਚਾਰਕ ਬਣਨਾ ਚਾਹੀਦਾ ਹੈ ਅਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਹਰੇਕ ਸਿੱਖ ਨੂੰ ਬਾਣੀ-ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।


-

adv-img

Top News view more...

Latest News view more...