15 ਫੁੱਟ ਡੂੰਘੀ ਖੱਡ 'ਚ ਡਿੱਗਿਆ ਸ਼ਰਧਾਲੂਆਂ ਦਾ ਭਰਿਆ ਟਰੱਕ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਦੀ ਮੌਤ
Truck Accident in Garhshankar : ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨੇੜੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਰੂਹ ਕੰਬਾਊ ਹਾਦਸੇ ਵਿੱਚ ਟਰੱਕ 15 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਿਆ। ਭਿਆਨਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਦੇ ਲਗਭਗ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿਚੋਂ 20 ਸ਼ਰਧਾਲੂਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼ਰਧਾਲੂਆਂ ਦਾ ਭਰਿਆ ਇਹ ਟਰੱਕ ਥਾਣਾ ਬਨੂੜ ਅਧੀਨ ਪਿੰਡ ਉੜਦਣ ਤੋਂ ਚੱਲਿਆ ਸੀ, ਜੋ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨੇੜੇ ਹਾਦਸਾਗ੍ਰਸਤ ਹੋ ਗਿਆ। ਇਨ੍ਹਾਂ ਵਿਚੋਂ 20 ਸ਼ਰਧਾਲੂਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਉੜਦਣ ਦੇ 70-80 ਦੇ ਕਰੀਬ ਸ਼ਰਧਾਲੂ ਖੁਲਾਰਗੜ੍ਹ ਦੇ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਬੀਤੇ ਦਿਨ ਬਾਬਾ ਸਵਰਨ ਦਾਸ ਦੀ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਸ਼ਰਧਾਲੂ ਟਰੱਕ ਦੇ ਉਪਰ ਵੀ ਸਵਾਰ ਦੱਸੇ ਗਏ, ਕਿਉਂਕਿ ਛੱਤ ਡਬਲ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਸ਼ਰਧਾਲੂ ਬੀਤੀ ਰਾਤ ਨੂੰ ਵਾਪਸੀ ਲਈ ਤੁਰੇ ਤਾਂ ਖੁਲਾਰਗੜ੍ਹ ਤੇ ਗੜਸ਼ੰਕਰ ਵਿਚਾਲੇ ਬੇਕਾਬੂ ਹੋ ਕੇ ਟਰੱਕ ਖਾਈ ਵਿੱਚ ਡਿੱਗ ਡਿੱਗਿਆ।
ਮ੍ਰਿਤਕਾਂ ਵਿੱਚ ਗੁਰਮੁਖ ਸਿੰਘ, ਸੁੱਖੂ, ਸੁੱਖੂ ਦੀ ਭਰਜਾਈ ਅਤੇ ਅੱਠ ਸਾਲਾ ਭਤੀਜੀ ਸ਼ਾਮਲ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
- PTC NEWS