Underwear Sales : ਮੰਦੀ 'ਚ ਸਭ ਤੋਂ ਪਹਿਲਾਂ ਅੰਡਰਵੀਅਰ ਖਰੀਦਣਾ ਬੰਦ ਕਰਦੇ ਹਨ ਲੋਕ! ਸੇਲ ਦਾ ਆਰਥਿਕਤਾ ਨਾਲ ਜਾਣੋ ਕੀ ਹੈ ਸਬੰਧ
Underwear sales affect indian economy : ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਪੇਜ਼ ਇੰਡਸਟਰੀਜ਼, ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ, ਅਰਵਿੰਦ ਫੈਸ਼ਨ ਅਤੇ ਰੂਪਾ ਐਂਡ ਕੰਪਨੀ ਨੇ ਪਿੱਛੇ ਜਿਹੇ ਹੀ ਆਪਣੀ ਕਮਾਈ ਦੀਆਂ ਰਿਪੋਰਟਾਂ ਵਿੱਚ ਪੁਸ਼ਟੀ ਕੀਤੀ ਹੈ ਕਿ ਅੰਡਰਵੀਅਰ ਦੀ ਵਿਕਰੀ ਵਧ ਰਹੀ ਹੈ, ਖਾਸ ਕਰਕੇ ਇਨ੍ਹਾਂ ਵਿੱਚ ਪੁਰਸ਼ਾਂ ਦੇ ਅੰਡਰਵੀਅਰ ਹਨ। ਹਾਲਾਂਕਿ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਵੱਡੀ ਗੱਲ ਕੀ ਹੈ ਇਹ ਤਾਂ ਇੱਕ ਵਪਾਰ ਹੈ, ਪਰ ਇਹ ਇੱਕ ਵੱਡੀ ਗੱਲ ਹੈ ਕਿ ਅੰਡਰਵੀਅਰ ਦੀ ਵਿਕਰੀ ਵਧ ਰਹੀ ਹੈ, ਜੋ ਕਿ ਇੱਕ ਚੰਗੀ ਖ਼ਬਰ ਹੈ।
ਦਰਅਸਲ, ਇਹ ਸੰਕੇਤ ਵਿਖਾਈ ਦੇ ਰਹੇ ਹਨ ਕਿ ਭਾਰਤੀ ਅਰਥਵਿਵਸਥਾ ਸਹੀ ਚੱਲ ਰਹੀ ਹੈ ਅਤੇ ਅੱਗੇ ਵੀ ਇਸ ਦੇ ਵਧੀਆ ਰਹਿਣ ਦੇ ਆਸਾਰ ਹਨ। ਪਰ ਅੰਡਰਵੀਅਰ ਦੀ ਵਿਕਰੀ ਵਧਣ ਨਾਲ ਆਰਥਿਕਤਾ ਵਧੀਆ ਰਹਿਣ ਦੇ ਸੰਕੇਤ ਥੋੜਾ ਅਜੀਬ ਮਾਮਲਾ ਲੱਗ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਸੱਚ ਹੈ।
ਮੰਦੀ ਦੇ ਸਮੇਂ 'ਚ ਕਟੌਤੀਆਂ ਦੀ ਸੂਚੀ 'ਚ ਅੰਡਰਵੀਅਰ ਟਾਪ 'ਤੇ
ਹੁਣ ਸਵਾਲ ਇਹ ਉੱਠਦਾ ਹੈ ਕਿ ਅੰਡਰਵੀਅਰ ਦੀ ਵਿਕਰੀ ਦਾ ਆਰਥਿਕਤਾ ਨਾਲ ਕੀ ਸਬੰਧ ਹੈ? ਦਰਅਸਲ, ਇਸ ਗੱਲ ਨੂੰ ਸਭ ਤੋਂ ਪਹਿਲਾਂ ਯੂਐਸ ਫੈਡਰਲ ਰਿਜ਼ਰਵ ਦੇ ਸਾਬਕਾ ਚੇਅਰਮੈਨ ਐਲਨ ਗ੍ਰੀਨਸਪੈਨ ਨੇ ਪਛਾਣਿਆ ਸੀ। ਉਨ੍ਹਾਂ ਨੇ ਇਸਨੂੰ 'ਪੁਰਸ਼ਾਂ ਦੇ ਅੰਡਰਵੀਅਰ ਇੰਡੈਕਸ' ਦਾ ਨਾਮ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਆਰਥਿਕਤਾ ਮੰਦੀ ਵਿੱਚ ਜਾਂਦੀ ਹੈ, ਤਾਂ ਲੋਕ ਆਪਣੀਆਂ ਜ਼ਰੂਰਤਾਂ ਵਿੱਚ ਕਟੌਤੀ ਕਰਦੇ ਹਨ ਅਤੇ ਇਹ ਕਟੌਤੀ ਪਹਿਲਾਂ ਅੰਡਰਵੀਅਰ ਵਰਗੀਆਂ ਚੀਜ਼ਾਂ 'ਤੇ ਲਾਗੂ ਹੁੰਦੀ ਹੈ। ਪਰ ਜਦੋਂ ਆਰਥਿਕਤਾ ਪਟੜੀ 'ਤੇ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ, ਤਾਂ ਲੋਕ ਇਨ੍ਹਾਂ ਚੀਜ਼ਾਂ ਨੂੰ ਦੁਬਾਰਾ ਖਰੀਦਣਾ ਸ਼ੁਰੂ ਕਰ ਦਿੰਦੇ ਹਨ।
ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੇਜ ਇੰਡਸਟਰੀਜ਼ ਅਨੁਸਾਰ, ਉਨ੍ਹਾਂ ਦੀਆਂ ਦੁਕਾਨਾਂ 'ਤੇ ਆਉਣ ਵਾਲੇ ਗਾਹਕਾਂ ਦੀ ਗਿਣਤੀ ਵਧੀ ਹੈ ਅਤੇ ਉਨ੍ਹਾਂ ਨੇ ਆਪਣੇ ਸਟਾਕ ਲਈ ਬਿਹਤਰ ਪ੍ਰਬੰਧ ਕੀਤੇ ਹਨ, ਜਿਸ ਕਾਰਨ ਵਿਕਰੀ ਵਧੀ ਹੈ। ਕੰਪਨੀ ਦਾ ਕਹਿਣਾ ਹੈ ਕਿ ਗਾਹਕਾਂ ਦਾ ਭਰੋਸਾ ਮੁੜ ਬਹਾਲ ਹੋ ਰਿਹਾ ਹੈ ਅਤੇ ਉਹ ਕੱਪੜਿਆਂ ਅਤੇ ਸਹਾਇਕ ਉਪਕਰਣਾਂ 'ਤੇ ਖਰਚ ਵਧਾ ਰਹੇ ਹਨ। ਇਸ ਤੋਂ ਇਲਾਵਾ ਅੰਡਰਵੀਅਰ ਕੰਪਨੀਆਂ ਵੀ ਈ-ਕਾਮਰਸ ਅਤੇ ਡਿਜੀਟਲ ਪਲੇਟਫਾਰਮ ਦੇ ਵਾਧੇ ਤੋਂ ਲਾਭ ਉਠਾ ਰਹੀਆਂ ਹਨ।
ਕੋਵਿਡ ਕਾਰਨ ਆਈ ਸੀ ਮੰਦੀ
ਪਿਛਲੀਆਂ ਕੁਝ ਤਿਮਾਹੀਆਂ ਵਿੱਚ, ਕੋਵਿਡ ਮਹਾਂਮਾਰੀ ਕਾਰਨ ਕੱਪੜਿਆਂ ਦੀ ਵਿਕਰੀ ਵਿੱਚ ਮੰਦੀ ਸੀ ਅਤੇ ਕੰਪਨੀਆਂ ਕੋਲ ਵਾਧੂ ਸਟਾਕ ਸੀ। ਪਰ ਹੁਣ ਸਥਿਤੀ ਬਦਲ ਰਹੀ ਹੈ। ਹਾਲਾਂਕਿ, ਸਥਿਤੀ ਅਜੇ ਵੀ ਪੂਰੀ ਤਰ੍ਹਾਂ ਪਹਿਲਾਂ ਵਾਲੀ ਨਹੀਂ ਹੈ। ਫਿਰ ਵੀ ਅਰਵਿੰਦ ਫੈਸ਼ਨਜ਼, ਰੂਪਾ ਐਂਡ ਕੰਪਨੀ ਅਤੇ ਲਕਸ ਇੰਡਸਟਰੀਜ਼ ਵਰਗੀਆਂ ਕੰਪਨੀਆਂ ਨੇ ਆਪਣੀ ਵਿਕਰੀ 'ਚ ਚੰਗਾ ਵਾਧਾ ਦਰਜ ਕੀਤਾ ਹੈ।
ਜੁਲਾਈ 'ਚ ਮਹਿੰਗਾਈ ਦਰ ਘੱਟ ਕੇ 3.54 ਫੀਸਦੀ 'ਤੇ ਆ ਗਈ ਹੈ ਅਤੇ ਮਾਨਸੂਨ ਵੀ ਚੰਗਾ ਰਿਹਾ ਹੈ, ਜਿਸ ਨਾਲ ਆਰਥਿਕਤਾ ਹੋਰ ਮਜ਼ਬੂਤ ਹੋਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਲ 2025 'ਚ ਅਰਥਵਿਵਸਥਾ ਦੀ ਵਿਕਾਸ ਦਰ 7.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
- PTC NEWS