Sat, May 18, 2024
Whatsapp

ਸਿੱਖ ਪੰਥ ਦੇ ਸੂਰਬੀਰ ਯੋਧੇ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਜੀ ਭਾਈ ਹਰਿਦਾਸ ਜੀ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਦੇ ਵਸਨੀਕ ਸਨ । ਇਹ ਨਗਰ ਸੁਰ ਸਿੰਘ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਸਥਾਨ ਰੱਖਦਾ ਹੈ।

Written by  Amritpal Singh -- May 05th 2024 05:45 AM
ਸਿੱਖ ਪੰਥ ਦੇ ਸੂਰਬੀਰ ਯੋਧੇ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਸਿੱਖ ਪੰਥ ਦੇ ਸੂਰਬੀਰ ਯੋਧੇ: ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਜੀ ਭਾਈ ਹਰਿਦਾਸ ਜੀ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਦੇ ਵਸਨੀਕ ਸਨ । ਇਹ ਨਗਰ ਸੁਰ ਸਿੰਘ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵ ਸਥਾਨ ਰੱਖਦਾ ਹੈ। ਇਹ ਛੇਵੇਂ ਪਾਤਿਸ਼ਾਹ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।  ਆਪਣੇ ਮਹਾਨ ਕਾਰਨਾਮਿਆਂ ਕਰਕੇ ਜਾਣੇ ਜਾਂਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਸ਼ਵਾਸ ਪਾਤਰ ਭਾਈ ਬਿਧੀ ਚੰਦ ਜੀ ਇਸੇ ਪਿੰਡ ਤੋਂ ਸਨ। ਇਸੇ ਤਰ੍ਹਾਂ ਸਿੱਖਾਂ ਅੰਦਰ ਜੋਸ਼ ਅਤੇ ਜਜ਼ਬਾ ਪੈਦਾ ਕਰਨ ਹਿੱਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਢਾਡੀ ਵਾਰਾਂ ਗਾਉਣ ਵਾਲੇ ਅਬਦੁੱਲਾ ਤੇ ਨੱਥਾ ਮੱਲ ਵੀ ਇਸੇ ਨਗਰ ਤੋਂ ਸਨ। ਇਹ ਨਗਰ ਹਮੇਸ਼ਾਂ ਪੰਥਕ ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀਆਂ ਦਾ ਕੇਂਦਰ ਬਣਿਆ ਰਿਹਾ ਹੈ । ਭਾਈ ਹਰਿਦਾਸ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਪਾਸੋਂ ਅੰਮ੍ਰਿਤ ਦੀ ਦਾਤ ਗ੍ਰਹਿਣ ਕੀਤੀ ਸੀ। ਗੁਰੂ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੋਣ ਕਰਕੇ ਉਹ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਹਜ਼ੂਰੀ ਸਿੰਘਾਂ ਵਿੱਚੋਂ ਸਨ । ਗੁਰੂ ਸਾਹਿਬ ਦੇ ਦੱਖਣ ਨੂੰ ਜਾਣ ਸਮੇਂ ਇਹ ਉਹਨਾਂ ਦੇ ਨਾਲ ਸਨ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਇਹ ਉਹਨਾਂ ਦੇ ਨਾਲ ਪੰਜਾਬ ਆਏ ਅਤੇ ਲੜਾਈਆਂ ਦੇ ਵਿੱਚ ਸ਼ਾਮਿਲ ਹੋਏ।

 ਸੰਨ 1716 ਈ : ਵਿੱਚ ਬਜਵਾੜਾ ਦੀ ਲੜਾਈ ਵਿੱਚ ਇਹ ਸ਼ਹੀਦ ਹੋ ਗਏ ਸਨ। ਇਹਨਾਂ ਦੇ ਪੁੱਤਰ ਸਰਦਾਰ ਭਗਵਾਨ ਸਿੰਘ ਇਹਨਾਂ ਵਾਂਗ ਹੀ ਯੋਧੇ ਸਨ। ਭਾਈ ਭਗਵਾਨ ਸਿੰਘ ਪੂਰਨ ਗੁਰਸਿੱਖ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ, ਗੁਰ ਸ਼ਬਦ ਦੀ ਵਿਚਾਰ ਕਰਨ ਵਾਲੇ, ਉੱਚੇ ਆਚਰਣ ਵਾਲੇ ਪੱਕੇ ਨਿਤਨੇਮੀ ਸਨ। ਇਹਨਾਂ ਗੁਣਾਂ ਕਰਕੇ ਉਹਨਾਂ ਨੂੰ ਗਿਆਨੀ ਭਗਵਾਨ ਸਿੰਘ ਵੀ ਕਿਹਾ ਜਾਂਦਾ ਸੀ। ਭਾਈ ਹਰਿਦਾਸ ਜੀ ਦੇ ਸ਼ਹੀਦੀ ਪਾਉਣ ਉਪਰੰਤ ਉਹਨਾਂ ਦੇ ਸਪੁੱਤਰ ਸਰਦਾਰ ਭਗਵਾਨ ਸਿੰਘ ਜੱਥੇ ਦੇ ਮੁਖੀ ਬਣੇ। ਇਤਿਹਾਸਿਕ ਸਰੋਤਾਂ ਦੇ ਅਨੁਸਾਰ ਸਰਦਾਰ ਭਗਵਾਨ ਸਿੰਘ ਜੀ ਦੇ ਪੰਜ ਪੁੱਤਰ ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ,  ਸਰਦਾਰ ਖੁਸ਼ਹਾਲ ਸਿੰਘ, ਸਰਦਾਰ ਮਾਲੀ ਸਿੰਘ ਅਤੇ ਸਰਦਾਰ ਤਾਰਾ ਸਿੰਘ ਸਨ। ਸਰਦਾਰ ਜੱਸਾ ਸਿੰਘ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਸਨ। ਸਰਦਾਰ ਜੱਸਾ ਸਿੰਘ ਦਾ ਜਨਮ ਸੰਨ 1723 ਈ: ਵਿੱਚ ਹੋਇਆ। ਦੇਖਦੇ-ਦੇਖਦੇ ਬਾਲਕ ਜੱਸਾ ਸਿੰਘ ਸੁਡੋਲ ਸਰੀਰ, ਸੁੰਦਰ ਚਿਹਰਾ, ਚੋੜਾ ਮੱਥਾ,  ਵਿਸ਼ਾਲ ਚੋੜੀ ਛਾਤੀ, ਉੱਚਾ ਲੰਮਾ ਕੱਦ,  ਮੋਟੀਆਂ ਅੱਖਾਂ ਵਾਲੇ ਬਲਵਾਨ ਯੋਧੇ ਬਣ ਗਏ।  ਭਾਵੇਂ ਉਹਨਾਂ ਨੇ ਸਕੂਲੀ ਵਿੱਦਿਆ ਤਾਂ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਉਹ ਨਿਰਮਲ ਬੁੱਧੀ ਵਾਲੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਅਤੇ ਗੁਰਬਾਣੀ ਰੰਗ ਦੇ ਵਿੱਚ ਰੰਗਿਆ ਹੋਇਆ ਨੇਕ ਇਨਸਾਨ ਯੁੱਧਨੀਤੀ ਅਤੇ ਪ੍ਰਬੰਧਕ ਮਾਮਲਿਆਂ ਵਿੱਚ ਨਿਪੁੰਨ ਅਤੇ ਸਤਿਗੁਰਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ।

 ਜੱਥੇਦਾਰ ਜੱਸਾ ਸਿੰਘ ਆਪਣੇ ਪਿਤਾ ਭਾਈ ਭਗਵਾਨ ਸਿੰਘ ਵਾਂਗ ਪੱਕੇ ਨਿਤਨੇਮੀ, ਗੁਰਬਾਣੀ ਦੇ ਵਿੱਚ ਰੰਗੇ, ਮਹਾਨ ਯੋਧੇ, ਨਿਪੁੰਨ ਨੀਤੀਵਾਨ ਅਤੇ ਆਦਰਸ਼ ਆਚਰਣ ਵਾਲੇ ਗੁਰਮੁਖ ਪਿਆਰੇ ਸਨ। ਸਰਦਾਰ ਜੱਸਾ ਸਿੰਘ ਯੋਧਾ ਹੋਣ ਦੇ ਨਾਲ-ਨਾਲ ਨੀਤੀਵਾਨ ਅਤੇ ਗੁਣਵਾਨ ਵੀ ਸੀ। ਜੱਥੇਦਾਰ ਜੱਸਾ ਸਿੰਘ ਰਾਜਨੀਤੀ ਦੇ ਚਾਰੇ ਲੱਛਣ ਸਾਮ, ਦਾਮ, ਦੰਡ ਅਤੇ ਭੇਦ ਤੋਂ ਪੂਰੀ ਤਰ੍ਹਾਂ ਜਾਣੂ ਸੀ। ਉਹਨਾਂ ਨੇ ਪੰਥ ਪ੍ਰਸਤੀ ਦੇ ਨਾਲ-ਨਾਲ ਰਾਜਨੀਤੀ ਦੇ ਖੇਤਰ ਵਿੱਚ ਵੀ ਇਹਨਾਂ ਚਾਰੇ ਲੱਛਣਾਂ ਅਨੁਸਾਰ ਵੱਡੀਆਂ ਪ੍ਰਾਪਤੀਆਂ ਕੀਤੀਆਂ। ਸਰਦਾਰ ਜੱਸਾ ਸਿੰਘ ਦੀ ਸਲਾਹ ਨਾਲ ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਦੇ ਨੇੜੇ ਕਿਲ੍ਹਾ ਬਣਵਾਇਆ। ਪਹਿਲਾਂ ਇਸ ਦਾ ਨਾਮ ਗੁਰੂ ਰਾਮਦਾਸ ਨਾਂ 'ਤੇ ਰਾਮ ਰਾਉਣੀ ਸੀ ਅਤੇ ਬਾਅਦ ਵਿੱਚ ਇਸ ਦਾ ਨਾਂ ਰਾਮਗੜ੍ਹ ਪੈ ਗਿਆ। ਸਰਦਾਰ ਜੱਸਾ ਸਿੰਘ ਨੇ ਕਨ੍ਹਈਆ ਮਿਸਲ ਨਾਲ ਮਿਲ ਕੇ ਦੀਨਾ ਨਗਰ, ਬਟਾਲਾ, ਕਲਾਨੌਰ,  ਸ੍ਰੀ ਹਰਿਗੋਬਿੰਦਪੁਰ ਕਾਦੀਆਂ, ਘੁਮਾਨ,  ਮੱਤੇਵਾਲ,  ਟਾਂਡਾ, ਮੈਨੀ ਗੜ੍ਹਦੀਵਾਲ ਵਰਗੇ ਇਲਾਕੇ ਫ਼ਤਿਹ ਕੀਤੇ।

29 ਮਈ, ਸੰਨ 1748 ਈ: ਵਿੱਚ ਦੀਵਾਲੀ ਦੇ ਮੌਕੇ 'ਤੇ ਸਿੱਖ ਮੁੜ ਸ੍ਰੀ ਅੰਮ੍ਰਿਤਸਰ ਇਕੱਠੇ ਹੋਏ।  ਮੀਰ ਮੰਨੂ ਦੇ ਕਹਿਣ ਤੇ ਅਦੀਨਾ ਬੇਗ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਰਾਮ ਰਾਉਣੀ ਦੇ ਕਿਲ੍ਹੇ ਵਿੱਚ ਡੇਰਾ ਲਾਇਆ ਹੋਇਆ ਸੀ। ਅਦੀਨਾ ਬੇਗ ਨੇ ਚਾਰ ਮਹੀਨੇ ਘੇਰਾ ਪਾਈ ਰੱਖਿਆ।  ਸਿੱਖਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਫ਼ਤਿਹ ਹਾਸਲ ਨਹੀਂ ਹੋ ਰਹੀ ਸੀ। ਸਗੋਂ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋ ਚੁੱਕਾ ਸੀ। ਖਾਲਸਾ ਪੰਥ ਨੇ ਆਪਣੀ ਘਰੇਲੂ ਫੁੱਟ ਨੂੰ ਦੂਰ ਕਰਨ ਲਈ ਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਚਿੱਠੀ ਰਾਹੀਂ ਖਾਲਸਾ ਪੰਥ ਵਿੱਚ ਮੁੜ ਸ਼ਾਮਿਲ ਕਰਨ ਦੀ ਪੇਸ਼ਕਸ਼ ਕੀਤੀ।  ਸਰਦਾਰ ਜੱਸਾ ਸਿੰਘ ਦੇ ਦਿਲ ਵਿੱਚ ਸਿੱਖਾਂ ਤੇ ਸਿੱਖੀ ਲਈ ਪਿਆਰ ਭਰਪੂਰ ਤਾਂ ਹੈ ਹੀ ਸੀ। ਆਪਣੇ ਧਰਮ ਭਰਾਵਾਂ ਨੂੰ ਉਹ ਇਉਂ ਮੌਤ ਦੇ ਮੂੰਹ ਪੈਂਦੇ ਨਹੀਂ ਵੇਖ ਸਕਦੇ ਸਨ। ਉਹਨਾਂ ਨੇ ਇੱਕ ਚਿੱਠੀ ਤੀਰ  ਨਾਲ ਬੰਨ੍ਹ ਕੇ ਭੇਜ ਦਿੱਤੀ ਕਿ ਜੇ ਖਾਲਸਾ ਪੰਥ ਚਾਹੁੰਦਾ ਹੈ ਤਾਂ ਉਹਨਾਂ ਨਾਲ ਮਿਲਣ ਲਈ ਤਿਆਰ ਹੈ। ਪੰਥ ਨੇ ਉਹਨਾਂ ਦੀ ਬੇਨਤੀ ਮੰਨ ਲਈ ਅਤੇ ਸਰਦਾਰ ਜੱਸਾ ਸਿੰਘ ਅਦੀਨਾ ਬੇਗ ਨੂੰ ਛੱਡ ਕੇ ਆਪਣੇ ਜੱਥੇ ਸਮੇਤ ਸਿੰਘਾਂ ਦੇ ਨਾਲ ਜਾ ਰਲੇ। ਇਸ ਪੰਥਕ ਏਕਤਾ ਰਾਹੀਂ ਲੜਾਈ ਦਾ ਪਾਸਾ ਹੀ ਪਲਟ ਗਿਆ। ਖਾਲਸਾ ਪੰਥ ਦੀ ਜਿੱਤ ਹੋਈ। ਸਰਦਾਰ ਜੱਸਾ ਸਿੰਘ ਦੀ ਇਹ ਕਾਰਵਾਈ ਪੰਥ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ। ਜਿਸ ਤਰ੍ਹਾਂ ਮੁਕਤਸਰ ਦੀ ਜੰਗ ਤੋਂ ਬਾਅਦ ਜੱਥੇਦਾਰ ਭਾਈ ਮਹਾਂ ਸਿੰਘ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਸਿੱਖਾਂ ਦੀ ਟੁੱਟੀ ਗੰਢੀ ਸੀ। ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਮੁੜ ਪੰਥ ਦੀ ਸ਼ਰਨ ਵਿੱਚ ਆ ਗਏ ਸਨ। ਇਸ ਨਾਲ ਪੰਥ ਦੀ ਸ਼ਕਤੀ ਵਿੱਚ ਬਹੁਤ ਵਾਧਾ ਹੋਇਆ ਅਤੇ ਸਰਦਾਰ ਜੱਸਾ ਸਿੰਘ ਦੀ ਮਦਦ ਨਾਲ ਦਲ ਖਾਲਸਾ ਪੰਥ ਨੇ ਰਾਮ ਰਾਉਣੀ ਦਾ ਕਿਲ੍ਹਾ ਜਿੱਤਿਆ ਤੇ ਕਿਲ੍ਹੇ ਅੰਦਰ ਘੇਰੇ ਸਿੱਖ ਯੋਧਿਆਂ ਦੀ ਜਾਨ ਬਚਾਈ। ਖਾਲਸੇ ਨੇ ਜਦੋਂ ਦੀਵਾਨ ਕੋੜਾ ਮੱਲ ਦੇ ਕਹਿਣ 'ਤੇ ਮੁਲਤਾਨ ਵੱਲ ਸ਼ਾਹ ਨਵਾਜ਼ ਖ਼ਾਨ ਨੂੰ ਬੇਦਖ਼ਲ ਕਰਨ ਲਈ ਕੂਚ ਕੀਤਾ ਤਾਂ ਸਰਦਾਰ ਜੱਸਾ ਸਿੰਘ ਨੂੰ ਰਾਮਗੜ੍ਹ ਦਾ ਕਿਲ੍ਹਾ ਪੱਕੇ ਤੌਰ 'ਤੇ ਸੌਂਪ ਦਿੱਤਾ। ਇਸ ਤਰ੍ਹਾਂ ਸਿੱਖ ਮਿਸਲਾਂ ਵੱਲੋਂ ਜੱਥੇਦਾਰ ਜੱਸਾ ਸਿੰਘ ਦੀ ਪੰਥ ਪ੍ਰਸਤੀ,  ਤਿਆਗ, ਕੁਰਬਾਨੀ,  ਸੂਝ-ਬੂਝ ਅਤੇ ਸ਼ਕਤੀ ਨੂੰ ਪ੍ਰਵਾਨ ਕਰ ਲਿਆ ਗਿਆ। ਇਸ ਉਪਰੰਤ ਉਹ ਜੱਸਾ ਸਿੰਘ ਰਾਮਗੜ੍ਹੀਆ ਦੇ ਤੌਰ 'ਤੇ ਮਸ਼ਹੂਰ ਹੋ ਗਏ ਸਨ ।


ਨਿਰਸੰਦੇਹ ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਇਕ ਦਲੇਰ, ਦੂਰ-ਅੰਦੇਸ਼ੀ, ਨਿਪੁੰਨ ਨੀਤੀਵਾਨ, ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ, ਖਾਲਸਾ ਪੰਥ ਦਾ ਨਿਧੜਕ ਜਰਨੈਲ, ਗੁਰੂ ਘਰ ਦੇ ਅਨਿੰਨ ਸੇਵਕ ਸਨ। ਅਰਥਾਤ ਉਹ ਸੱਚਮੁੱਚ ਹੀ ਸਤਿਗੁਰਾਂ ਵੱਲੋਂ ਖਾਲਸਾ ਜੀ ਦੀ ਸਿਰਜਣਾ ਸਮੇਂ ਦੁਨੀਆਂ ਦੇ ਸਾਹਮਣੇ ਪੰਜ ਪਿਆਰਿਆਂ ਦੇ ਰੂਪ ਵਿੱਚ ਪ੍ਰਗਟ ਕੀਤੇ ਸੰਤ ਸਿਪਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਸਚਿਆਰ ਮਨੁੱਖ ਵਾਲੇ ਸਾਰੇ ਸਦਗੁਣਾਂ ਦਾ ਮੁਜੱਸਮਾ ਸਨ ਅਤੇ ਉਹਨਾਂ ਦਾ ਜੀਵਨ ਘਾਲਣਾਵਾਂ, ਪੰਥ ਪ੍ਰਸਤੀ ਦੀ ਅਹਿਲ ਅਤੇ ਅਡਿੱਗ ਭਾਵਨਾ ਅਤੇ ਮਹਾਨ ਪ੍ਰਾਪਤੀਆਂ ਹਮੇਸ਼ਾਂ-ਹਮੇਸ਼ਾਂ ਲਈ ਖਾਲਸਾ ਪੰਥ ਲਈ ਇੱਕ ਰੋਸ਼ਨ ਮੀਨਾਰ ਦਾ ਕਾਰਜ ਕਰਦੀਆਂ ਰਹਿਣਗੀਆਂ, ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਹਮੇਸ਼ਾਂ ਹੀ ਸਿੱਖਿਆ ਲੈ ਕੇ ਆਪਣਾ ਮਿਆਰੀ ਅਤੇ ਪੰਥਕ ਜੀਵਨ ਘੜਨ ਦੇ ਸਮਰੱਥ ਹੁੰਦੀ ਰਹੇਗੀ। ਇਕ ਦਹਾਕੇ ਦੇ ਅੰਦਰ ਜੱਸਾ ਸਿੰਘ ਦਲ ਖਾਲਸਾ ਦਾ ਸਿਰਕੱਢ, ਸਿਰਲੱਥ ਯੋਧਾ ਬਣ ਗਿਆ। ਉਹਨਾਂ ਨੇ ਤਲਵਾੜਾ, ਬਿਆਸ ਦੇ ਖੱਬੇ ਪਾਸੇ ਕਿਲ੍ਹਾ ਬਣਵਾਇਆ। ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਤੋਂ ਪੰਜਾਬ ਆ ਕੇ ਖੋਹੀਆਂ ਹੋਈਆਂ ਥਾਵਾਂ ਵਾਪਿਸ ਲੈ ਲਈਆਂ। ਜੱਸਾ ਸਿੰਘ ਨੇ ਸ਼ੁਕਰਚੱਕੀਆ ਮਿਸਲ ਨਾਲ ਮਿਲ ਕੇ ਆਪਣੇ ਪੁਰਾਣੇ ਦੁਸ਼ਮਣ ਜੈ ਸਿੰਘ ਕਨ੍ਹਈਆ ਨੂੰ 1787 ਵਿੱਚ ਬਟਾਲਾ ਵਿੱਚ ਮਾਰ ਦਿੱਤਾ। ਅੰਤ ਸਰਦਾਰ ਜੱਸਾ ਸਿੰਘ ਦਾ ਦੇਹਾਂਤ 20 ਅਪ੍ਰੈਲ, 1803 ਨੂੰ 80 ਵਰ੍ਹਿਆਂ ਦੀ ਉਮਰ ਵਿੱਚ ਹੋ ਗਿਆ। ਬਾਅਦ ਵਿੱਚ ਉਨ੍ਹਾਂ ਦੇ ਸਪੁੱਤਰ ਸਰਦਾਰ ਜੋਤ ਸਿੰਘ ਰਾਮਗੜ੍ਹੀਆ ਨੇ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਨੂੰ ਅੰਗੀਕਾਰ ਕੀਤਾ।

- PTC NEWS

Top News view more...

Latest News view more...

LIVE CHANNELS
LIVE CHANNELS