Wed, Jul 24, 2024
Whatsapp

ਕੌਣ ਹਨ ਤੇਜਿੰਦਰ ਪਾਲ ਸਿੰਘ ਟਿੰਮਾ ਜਿਨ੍ਹਾਂ 'ਤੇ ਦੇਸ਼ ਧ੍ਰੋਹ ਦਾ ਦਰਜ ਹੋਇਆ ਮਾਮਲਾ

ਰਾਜਸਥਾਨ ਪੁਲਿਸ ਵੱਲੋਂ ਉੱਘੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ।

Reported by:  PTC News Desk  Edited by:  Amritpal Singh -- July 11th 2024 05:13 PM
ਕੌਣ ਹਨ ਤੇਜਿੰਦਰ ਪਾਲ ਸਿੰਘ ਟਿੰਮਾ ਜਿਨ੍ਹਾਂ 'ਤੇ ਦੇਸ਼ ਧ੍ਰੋਹ ਦਾ ਦਰਜ ਹੋਇਆ ਮਾਮਲਾ

ਕੌਣ ਹਨ ਤੇਜਿੰਦਰ ਪਾਲ ਸਿੰਘ ਟਿੰਮਾ ਜਿਨ੍ਹਾਂ 'ਤੇ ਦੇਸ਼ ਧ੍ਰੋਹ ਦਾ ਦਰਜ ਹੋਇਆ ਮਾਮਲਾ

ਰਾਜਸਥਾਨ ਪੁਲਿਸ ਵੱਲੋਂ ਉੱਘੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ। ਤੇਜਿੰਦਰ ਟਿੰਮਾ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਤੇ ਵੱਖਵਾਦੀ ਸਿੱਖ ਪ੍ਰਚਾਰਕ ਅਮ੍ਰਿਤਪਾਲ ਸਿੰਘ ਦੀ ਵਡਿਆਈ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇਜਿੰਦਰ ਪਾਲ ਸਿੰਘ ਟਿੰਮਾ ਦੀ ਹਮਾਇਤ ਵਿੱਚ ਆਏ ਹਨ ਤੇ ਉਨ੍ਹਾਂ ਨੇ ਕਥਿਤ ਦੇਸ਼ ਧ੍ਰੋਹ ਦੀ ਐੱਫ਼ਆਈਆਰ ਦਰਜ ਕਰਨ ਦੀ ਨਿਖੇਧੀ ਕੀਤੀ ਹੈ।


ਤੇਜਿੰਦਰ ਪਾਲ ਸਿੰਘ ਟਿੰਮਾ ਸ੍ਰੀ ਗੰਗਾਨਗਰ ਦੇ ਗੁਰਦਵਾਰਾ ਬਾਬਾ ਦੀਪ ਸਿੰਘ ਦੇ ਪ੍ਰਧਾਨ ਹਨ। ਸ੍ਰੀ ਗੰਗਾਨਗਰ ਦੇ ਗੁਲਾਬ ਬਾਗ ਦੇ ਵਸਨੀਕ ਲਖਵਿੰਦਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਟਿੰਮਾ ਨੇ 5 ਜੁਲਾਈ ਦੀ ਦੁਪਹਿਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਆਪਣੇ ਦਫ਼ਤਰ ਵਿੱਚ ਬੈਠ ਕੇ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ।

ਟਿੰਮਾ ਖ਼ਿਲਾਫ਼ ਦਰਜ ਕੀਤੀ ਗਈ ਐੱਫਆਈਆਰ ਵਿੱਚ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਭੜਕਾਊ ਦੇਸ਼ ਵਿਰੋਧੀ ਬਿਆਨ ਦਿੱਤੇ ਅਤੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦਾ ਸਮਰਥਨ ਕੀਤਾ ਇੰਨਾ ਹੀ ਨਹੀਂ, ਲੋਕਾਂ ਨੂੰ ਦੇਸ਼ ਅਤੇ ਸਰਕਾਰ ਵਿਰੁੱਧ ਭੜਕਾਇਆ।"

ਟਿੰਮਾ 'ਤੇ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ) ਅਤੇ 197 (1) (ਸੀ) (ਦੋਸ਼, ਰਾਸ਼ਟਰੀ ਏਕਤਾ ਲਈ ਨੁਕਸਾਨਦੇਹ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਐੱਫ਼ਆਈਆਰ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਜੇਕਰ ਟਿੰਮਾ ਖਾਲਿਸਤਾਨ ਦੀ ਮੰਗ ਕਰਨਾ ਜਾਰੀ ਰੱਖਦੇ ਹਨ, ਤਾਂ ਜਨਤਕ ਰੋਹ ਭੜਕ ਸਕਦਾ ਹੈ ਤੇ ਨਤੀਜੇ ਵੱਜੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।ਮੁਲਜ਼ਮ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਇਹ ਇਲਜ਼ਾਮ ਵੀ ਹੈ ਕਿ ਉਨ੍ਹਾਂ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਵਿਅਕਤੀਆਂ ਨਾਲ ਸਬੰਧ ਹਨ ਅਤੇ ਉਹ ਉਨ੍ਹਾਂ ਨਾਲ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹੇ ਹਨ।

ਐੱਫ਼ਆਈਆਰ ਵਿੱਚ ਪਿਛਲੇ ਸਮੇਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਟਿੰਮਾ ਦੀ ਬਹਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਹੈ ਕਿ ਮੁਲਜ਼ਮ, ਤੇਜਿੰਦਰ ਪਾਲ ਸਿੰਘ ਟਿੰਮਾ ਨੇ ਵੀ ਸ਼੍ਰੀਗੰਗਾਨਗਰ ਦੇ ਕੁਲੈਕਟਰ ਦਫ਼ਤਰ ਵਿੱਚ ਕੁਲੈਕਟਰ ਦਾ ਅਪਮਾਨ ਕਰਨ ਲਈ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ।

ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ, “ਟਿੰਮਾ ਨੇ ਪੁਲਿਸ ਸੁਪਰਡੈਂਟ ਦੇ ਦਫ਼ਤਰ ਦੇ ਸਾਹਮਣੇ ਖੜ੍ਹੇ ਹੋ ਕੇ ਧਮਕੀਆਂ ਦਿੱਤੀਆਂ ਅਤੇ ਬੇਇੱਜ਼ਤੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਜੋ ਵੀ ਦਖਲਅੰਦਾਜ਼ੀ ਕਰੇਗਾ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।"

5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਵਾਲੇ ਦਿਨ ਟਿੰਮਾ ਨੇ ਫੇਸਬੁੱਕ 'ਤੇ ਵੀਡੀਓ ਪਾਈ ਸੀ। ਇਸ ਵੀਡੀਓ ਵਿੱਚ ਟਿੰਮਾ ਨੇ ਕਿਹਾ, “ਭਾਜਪਾ ਆਗੂਆਂ ਨੇ ਸੰਸਦ ਭਵਨ ਵਿੱਚ ਸਹੁੰ ਚੁੱਕਣ ਸਮੇਂ ਇੱਕ ਸੰਸਦ ਮੈਂਬਰ ਵੱਲੋਂ ਹਿੰਦੂ ਰਾਸ਼ਟਰ ਦੇ ਨਾਅਰੇ ਦਾ ਸਵਾਗਤ ਕੀਤਾ।”

“ਹਾਲਾਂਕਿ, ਸਪੀਕਰ ਓਮ ਬਿਰਲਾ ਨੇ ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਇੱਕ ਦਿਨ ਪਹਿਲਾਂ ਸਹੁੰ ਚੁੱਕਣ ਸਮੇਂ ਕੋਈ ਵੀ ਨਾਅਰਾ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਉਹ ਸੰਸਦ ਵਿੱਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕਰ ਸਕਦੇ ਸਨ।”

ਟਿੰਮਾ ਨੇ ਕਿਹਾ, “ਅੱਜ ਸਰਕਾਰ ਦਾ ਦਰਦ ਦੇਖਣਾ ਸੀ (ਜਿਵੇਂ ਅੰਮ੍ਰਿਤਪਾਲ ਸਿੰਘ ਨੇ ਸਹੁੰ ਚੁੱਕੀ ਸੀ)। (ਹਿੰਦੂ ਰਾਸ਼ਟਰ ਦੇ) ਨਾਅਰੇ ਲਾਉਣ ਵਾਲੇ ਤੇ ਜਸ਼ਨ ਮਨਾਉਣ ਵਾਲੇ ਕਿਸੇ ਪਾਸੇ ਨਹੀਂ ਲੱਭੇ।”

“ਖਾਲਸੇ ਦੇ ਡਰ ਕਾਰਨ ਹੀ ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ 'ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ।”

ਉਨ੍ਹਾਂ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਬਹਿਸ ਛਿੜ ਗਈ ਤੇ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਦਾ ਬਿਆਨ ਸਾਹਮਣੇ ਆਏ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਿੰਮਾ ਖ਼ਿਲਾਫ਼ ਕੇਸ ਦਰਜ ਹੋਣ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਘੱਟ ਗਿਣਤੀਆਂ ਨੂੰ ਦਬਾਉਣ ਲਈ ਨਵੇਂ ਅਪਰਾਧਿਕ ਕਾਨੂੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ, ''ਨਵੇਂ ਬਣੇ ਕਨੂੰਨਾਂ ਬਾਰੇ ਪਹਿਲਾਂ ਹੀ ਖਦਸ਼ਾ ਸੀ ਕਿ ਇਨ੍ਹਾਂ ਦੀ ਵਰਤੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਕੀਤੀ ਜਾ ਸਕਦੀ ਹੈ।”

“ਇਹ ਖਦਸ਼ਾ ਸੱਚ ਸਾਬਤ ਹੋਇਆ ਜਦੋਂ ਗੰਗਾਨਗਰ ਦੀ ਪੁਲਿਸ ਨੇ ਇੱਕ ਪੰਥ ਵਿਰੋਧੀ ਵਲੋਂ ਦਿੱਤੀ ਦਰਖ਼ਾਸਤ ਦੇ ਅਧਾਰ ਤੇ ਤਜਿੰਦਰਪਾਲ ਸਿੰਘ ਟਿੰਮਾ ਦੇ ਖ਼ਿਲਾਫ਼ ਨਵੇਂ ਬਣੇ ਕਨੂੰਨ ਤਹਿਤ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ। ਲੱਗਦਾ ਹੈ ਕਿ ਪੂਰੇ ਭਾਰਤ ਵਿੱਚ ਨਵੇਂ ਕਾਨੂੰਨ ਤਹਿਤ ਪਹਿਲਾਂ ਮੁਕੱਦਮਾ ਸਿੱਖ ’ਤੇ ਹੀ ਦਰਜ ਕੀਤਾ ਗਿਆ ਹੈ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ...

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੰਗਾਨਗਰ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਤੇਜਿੰਦਰਪਾਲ ਸਿੰਘ ਟਿੰਮਾ ਦੇਸ਼ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਦਾ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਤਾਂ ਸਿਰਫ ਸਿੱਖ ਕੌਮ ਖਿਲਾਫ ਫਿਰਕੂ ਨਫਰਤ ਵਾਲੀਆਂ ਟਿੱਪਣੀਆਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਸੀ।

ਜਥੇਦਾਰ ਟਿੰਮਾ ਖਿਲਾਫ ਦਰਜ ਇਸ ਝੂਠੇ ਤੇ ਬੇਬੁਨਿਆਦੀ ਕੇਸ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜਾ ਵੀ ਕੋਈ ਸ਼ਾਂਤਮਈ ਤੇ ਦੇਸ਼ ਭਗਤ ਸਿੱਖ ਕੌਮ ਦੀਆਂ ਧਾਰਮਿਕ ਧਾਰਨਾਵਾਂ ਤੇ ਭਾਵਨਾਵਾਂ ਨੂੰ ਸੱਟ ਮਾਰਨ ਵਲ ਸੇਧਤ ਬਿਆਨਾਂ ਨੂੰ ਉਜਾਗਰ ਕਰੇ ਅਤੇ ਫਿਰਕੂ ਹਿੰਸਾ ਭੜਕਾਉਣ ਨੂੰ ਬੰਦ ਕਰਨ ਦੀ ਗੱਲ ਕਰੇ, ਉਸਦੇ ਖਿਲਾਫ ਕੇਸ ਦਰਜ ਕਰਨਾ ਹੀ ਨਹੀਂ ਬਣਦਾ।

ਸੁਖਬੀਰ ਸਿੰਘ ਬਾਦਲ ਨੈ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਅਪੀਲ ਕੀਤੀ ਕਿ ਕੇਸ ਵਾਪਸ ਲੈਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜਥੇਦਾਰ ਟਿੰਮਾ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਫਿਰਕੂ ਨਫਰਤ ਤੇ ਹਿੰਸਾ ਦੀ ਕਿਸੇ ਵੀ ਕਾਰਵਾਈ ਦੇ ਖਿਲਾਫ ਹਨ। ਇਸ ਲਈ ਹਰ ਵੇਲੇ ਬੇਹੱਦ ਭੜਕਾਊ ਬਿਆਨ ਦਿੰਦੇ ਰਹਿਣ ਅਤੇ ਸਾਡੇ ਦੇਸ਼ ਵਾਸੀਆਂ ਖਿਲਾਫ ਫਿਰਕੂ ਗਾਲ੍ਹਾਂ ਵਾਲੇ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਅਧਿਕਾਰੀਆਂ ਨੇ ਸਿੱਖ ਕੌਮ ਦੇ ਮੈਂਬਰ ਨੂੰ ਹੀ ਨਿਸ਼ਾਨਾ ਬਣਾਉਂਦਿਆਂ ਕੇਸ ਦਰਜ ਕਰ ਦਿੱਤਾ ਹੈ।

ਬਾਦਲ ਨੇ ਸਪਸ਼ਟ ਕੀਤਾ ਕਿ ਜਥੇਦਾਰ ਟਿੰਮਾ ਦੇ ਬਿਆਨ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਕਿਸੇ ਵੀ ਤਰੀਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖਿਲਾਫ ਹੋਵੇ ਅਤੇ ਉਹਨਾਂ ਨੇ ਫਿਰਕੂ ਹਿੰਸਾ ਭੜਕਾਉਣ ਦੇ ਯਤਨ ਕਰਨ ਵਾਲਿਆਂ ਤੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਉਚ ਅਹੁਦਿਆਂ ’ਤੇ ਬੈਠੀਆਂ ਅਹਿਮ ਸ਼ਖਸੀਅਤਾਂ ਵੱਲੋਂ ਦਿੱਤੇ ਬਿਆਨਾਂ ਦੇ ਕਾਰਣ ਇਹ ਮਾੜੇ ਅਨਸਰ ਦੇਸ਼ ਭਗਤ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਣ ਲੱਗ ਪਏ ਹਨ। ਉਹਨਾਂ ਕਿਹਾ ਕਿ ਰਾਜਸਥਾਨ ਸਰਕਾਰ ਨੂੰ ਇਸ ਫਿਰਕੂ ਧਰੁਵੀਕਰਨ ਨੂੰ ਰੋਕਣਾ ਚਾਹੀਦਾ ਹੈ ਨਾ ਕਿ ਇਸਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਕੌਣ ਹੈ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟਿੰਮਾ?

ਤੇਜਿੰਦਰ ਪਾਲ ਸਿੰਘ ਟਿੰਮਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਆਗੂ ਹਨ। ਮੌਜੂਦਾ ਸਮੇਂ ਵਿੱਚ ਉਹ ਰਾਜਸਥਾਨ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਿੰਗ ਦੇ ਚੇਅਰਮੈਨ ਹਨ।

ਟਿੰਮਾ ਨੇ ਦੱਸਿਆ ਕਿ ਉਨ੍ਹਾਂ ਨੂੰ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੌਮੀ ਸੁਰੱਖਿਆ ਕਾਨੂੰਨ (ਐੱਨਐਸਏ) ਤਹਿਤ ਜੋਧਪੁਰ ਜੇਲ੍ਹ ਵਿੱਚ ਰੱਖਿਆ ਗਿਆ ਸੀ। ਟਿੰਮਾ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਖਾੜਕੂਵਾਦ ਦੌਰਾਨ 10 ਸਾਲ ਜੇਲ੍ਹ ਵਿੱਚ ਰਹੇ ਅਤੇ ਤਿੰਨ ਵਾਰ ਐੱਨਐਸਏ ਦਾ ਸਾਹਮਣਾ ਕੀਤਾ।

ਟਿੰਮਾ ਸ਼੍ਰੀ ਗੰਗਾਨਗਰ ਚੈਂਬਰ ਆਫ ਇੰਡਸਟਰੀ ਐਂਡ ਕਾਮਰਸ ਨਾਲ ਜੁੜੇ ਹੋਏ ਹਨ। ਉਹ ਹਰਬਲ ਉਤਪਾਦਾਂ ਦਾ ਕਾਰੋਬਾਰ ਚਲਾਉਂਦੇ ਹਨ। ਟਿੰਮਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਖ਼ਿਲਾਫ਼ ਐੱਫ਼ਆਈਆਰ ਉਨ੍ਹਾਂ ਦੇ ਵਿਰੋਧੀ ਲਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਆਧਾਰਤ ਹੈ, ਜਿਸ ਨੂੰ ਅਕਾਲ ਤਖ਼ਤ ਵੱਲੋਂ ਧਰਮ ਤੋਂ ਛੇਕਿਆ ਜਾ ਚੁੱਕਾ ਹੈ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਰਾਜਸਥਾਨ ਵਿੱਚ ਸਿੱਖ ਅਧਿਕਾਰਾਂ 'ਤੇ ਕੇਂਦਰਿਤ ਉਨ੍ਹਾਂ ਦੀ ਸਰਗਰਮੀ ਨੂੰ ਸਹਾਰਦਾ ਨਹੀਂ ਹੈ। ਟਿੰਮਾ ਦਾ ਕਹਿਣਾ ਹੈ, “ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕੀਤਾ ਸੀ ਕਿਉਂਕਿ ਭਾਜਪਾ ਦੇ ਆਗੂ ਵੱਲੋਂ ਗੁਰਦੁਆਰੇ ਦੇ ਖ਼ਿਲਾਫ਼ ਅਪਮਾਨਜਨਕ ਬਿਆਨ ਦਿੱਤਾ ਗਿਆ ਸੀ।”

“ਇਸ ਤੋਂ ਇਲਾਵਾ, ਮੈਂ ਕਾਨੂੰਨ ਦੁਆਰਾ ਸੁਰੱਖਿਅਤ ਸਿੱਖ ਚਿੰਨ੍ਹ ਪਹਿਨ ਕੇ ਇੱਕ ਸਿੱਖ ਬੱਚੇ ਨੂੰ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਘਟਨਾ 'ਤੇ ਵੀ ਇਤਰਾਜ਼ ਕੀਤਾ ਸੀ। ਭਾਜਪਾ ਅਤੇ ਪ੍ਰਸ਼ਾਸਨ ਦੋਵੇਂ ਮੇਰੇ ਤੋਂ ਇਸੇ ਲਈ ਦੁਖੀ ਸਨ, ਅਤੇ ਇਹੀ ਕਾਰਨ ਹੈ ਕਿ ਮਾਮਲਾ ਦਰਜ ਕੀਤਾ ਗਿਆ ਹੈ।”

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰਾਜਸਥਾਨ ’ਚ ਹੋਏ ਜੁਡੀਸ਼ੀਅਲ ਇਮਤਿਹਾਨ ਵਿੱਚ ਸਿੱਖ ਲੜਕੀ ਨੂੰ ਪੇਪਰ ਬੈਠਣ ਲਈ ਆਪਣੀ ਕਿਰਪਾਨ ਉੱਤਰਣ ਲਈ ਕਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।

- PTC NEWS

Top News view more...

Latest News view more...

PTC NETWORK